ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/109

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅਥਵਾ ਇਸ ਸਮੇਂ ਲੋਕ ਕੀ ਕਰਨ ਦੀ ਸਲਾਹ ਦੇ ਸਕਦੇ ਸਨ? ਇਨ੍ਹਾਂ ਗੱਲਾਂ ਦਾ ਸਾਨੂੰ ਪਤਾ ਨਹੀਂ ਅਤੇ ਕੋਈ ਫ਼ਿਕਰ ਵੀ ਨਹੀਂ। ਦੂਰਦਰਸ਼ੀ ਗੁਰੂ ਜੀ ਨੇ ਉਸ ਵੇਲੇ ਇਹੀ ਸੋਚਿਆ ਕਿ ਉਹ ਉਤੇਜਿਤ ਲੋਕ ਤਾਂ ਸ਼ਾਂਤ ਹੋ ਹੀ ਨਹੀਂ ਰਹੇ। ਇਨ੍ਹਾਂ ਦੀ ਮਰਜ਼ੀ ਮੁਤਾਬਕ ਹੁਣ ਹੀ ਵਿਦਰੋਹ ਕਰਨ ਦੀ ਅਜੇ ਤਿਆਰੀ ਨਹੀਂ ਕੀਤੀ ਗਈ ਅਤੇ ਅਜੇ ਤਾਂ ਸਾਰਾ ਕੰਮ ਜਥੇਬੰਦ ਵੀ ਨਹੀਂ ਹੋਇਆ। ਇਸ ਵੇਲੇ ਜੇ ਇਹ ਚਲੇ ਜਾਣ ਅਤੇ ਅਸੀਂ ਸਰਕਾਰ ਨੂੰ ਇਹ ਦੱਸ ਦੇਈਏ ਕਿ ਸਾਡਾ ਇਨ੍ਹਾਂ ਨਾਲ ਕੋਈ ਵਾਸਤਾ ਨਹੀਂ ਤਾਂ ਬਾਕੀ ਅੰਦੋਲਨ ਬਚ ਜਾਵੇਗਾ। ਗੱਲ ਤਾਂ ਚੰਗੀ ਲੱਗਦੀ ਹੈ ਪਰ ਸਿਆਸੀ ਦਾਅ-ਪੇਚਾਂ ਦੀ ਅਹਿਮੀਅਤ ਉਨ੍ਹਾਂ ਦੀ ਸਫਲਤਾ 'ਤੇ ਆਧਾਰਤ ਹੁੰਦੀ ਹੈ। ਗੁਰੂ ਜੀ ਨੇ ਇਹ ਦਾਅ-ਪੇਚ ਵਰਤਿਆ, ਪਾਸਾ ਉਲਟ ਗਿਆ, ਇਹ ਨਿਸਫਲ ਰਿਹਾ। ਇਹੀ ਉਨ੍ਹਾਂ ਦਾ ਸਭ ਤੋਂ ਵੱਡਾ ਅਪਰਾਧ ਸੀ। ਉਨ੍ਹਾਂ ਉਸ ਵੇਲੇ ਪੁਲਿਸ ਨੂੰ ਖ਼ਬਰ ਦੇ ਦਿੱਤੀ ਕਿ ਇਹ ਲੋਕ ਭੜਕ ਕੇ, ਉਨ੍ਹਾਂ ਦੀਆਂ ਅਰਜ਼ਾਂ ਅਤੇ ਹੁਕਮਾਂ ਨੂੰ ਨਾ ਮੰਨ ਕੇ, ਝਗੜੇ, ਫਸਾਦ ਲਈ ਜਾ ਰਹੇ ਹਨ। ਮੈਂ ਹੁਣੇ ਹੀ ਪੁਲਿਸ ਨੂੰ ਖ਼ਬਰ ਦੇ ਕੇ ਖ਼ਬਰਦਾਰ ਕਰ ਦੇਣਾ ਚਾਹੁੰਦਾ ਹਾਂ। ਉਹ ਇਨ੍ਹਾਂ ਨਾਲ ਨਿਬੜ ਲੈਣ। ਮੈਂ ਅਨਰਥ ਦਾ ਜ਼ਿੰਮੇਵਾਰ ਨਹੀਂ ਹਾਂ।

ਲੁਧਿਆਣੇ ਦੇ ਕਾਇਮ-ਮੁਕਾਮ ਡਿਪਟੀ ਕਮਿਸ਼ਨਰ ਮਿ.ਕਾਵਨ ਨੇ ਆਪਣੇ 15 ਜਨਵਰੀ ਦੇ ਖ਼ਤ ਵਿਚ ਅੰਬਾਲਾ ਕਮਿਸ਼ਨਰ ਨੂੰ ਇਸ ਵਾਰਦਾਤ ਦਾ ਵੇਰਵਾ ਇੰਝ ਲਿਖਿਆ-

“ਉਹਨੇ (ਇਕ ਪੁਲਿਸ ਦਾ ਸੂਹੀਆ) ਮੈਨੂੰ ਦੱਸਿਆ ਕਿ ਕੂਕਿਆਂ ਦਾ ਆਗੂ ਰਾਮ ਸਿੰਘ ਆਪਣੇ ਗਲ ਵਿਚ ਸਾਫ਼ਾ ਪਾ ਕੇ ਉਨ੍ਹਾਂ ਬੰਦਿਆਂ ਕੋਲ ਗਿਆ ਅਤੇ ਖਲਬਲੀ ਨਾ ਪਾਉਣ ਲਈ ਪ੍ਰੇਰਿਆ; ਪਰ ਉਨ੍ਹਾਂ ਨੇ ਉਸ ਨੂੰ ਸੁਣਿਆ ਤਕ ਨਾ ਅਤੇ ਫਿਰ ਰਾਮ ਸਿੰਘ ਡਿਪਟੀ ਇੰਸਪੈਕਟਰ ਕੋਲ ਗਿਆ ਅਤੇ ਉਸ ਨੂੰ ਇਹ ਦੱਸਿਆ ਕਿ ਇਹ ਬੰਦੇ ਸ਼ਰਾਰਤ ਲਈ ਤੁਲੇ ਹੋਏ ਹਨ ਅਤੇ ਉਹਦਾ ਉਨ੍ਹਾਂ 'ਤੇ ਕੋਈ ਵੱਸ ਨਹੀਂ!”

ਪਰ ਇਸ ਵੇਲੇ ਸਰਕਾਰ ਜਾਂ ਪੁਲਿਸ ਜਾਣਬੁਝ ਕੇ ਚੁੱਪ ਰਹੀ। ਚੁੱਪਚਾਪ ਉਨ੍ਹਾਂ ਨੂੰ ਅੰਗਰੇਜ਼ ਰਾਜ ਵਿਚੋਂ ਰਿਆਸਤ ਵਿਚ ਘੁੰਮਣ ਦਿੱਤਾ। ਉਸ ਵੇਲੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਾ ਕਰ ਲਿਆ ਗਿਆ? ਕੁਝ ਦਿਨਾਂ ਬਾਅਦ ਉਨ੍ਹਾਂ ਦਾ ਜੋਸ਼ ਠੰਢਾ ਹੀ ਹੋ ਜਾਂਦਾ; ਪਰ ਨਹੀਂ, ਸਰਕਾਰ ਤਾਂ ਖ਼ੁਦ ਚਾਹੁੰਦੀ ਸੀ ਕਿ ਉਸ ਨੂੰ ਕੋਈ ਮੌਕਾ ਮਿਲੇ, ਜਿਸ ਨਾਲ ਉਹ ਅੰਦੋਲਨ ਨੂੰ ਕੁਚਲ ਸਕੇ। ਜਿਸ ਵੇਲੇ ਦਿਲ-ਚਾਹਿਆ ਮੌਕਾ ਮਿਲ ਗਿਆ। ਲੋਕ ਤਾਂ ਇਥੋਂ ਤਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਭੜਕਾਉਣ ਵਿਚ ਵੀ ‘ਸਰਕਾਰੀ ਬੰਦਿਆਂ' ਦਾ ਹੱਥ ਸੀ। ਖ਼ੈਰ, ਉਸ ਸਬੰਧ ਵਿਚ ਅਸੀਂ ਕੁਝ ਨਾ ਕਹਿ ਸਕੀਏ ਪਰ ਅਸੀਂ ਸਰਕਾਰ 'ਤੇ ਜਾਣਬੁਝ ਕੇ ਚੁੱਪ ਰਹਿਣ ਦਾ ਅਪਰਾਧ ਲਾ ਸਕਦੇ ਹਾਂ ਤੇ ਉਹ 150 ਕੂਕੇ ਵੀਰ ਪਟਿਆਲੇ ਦੀ ਹੱਦ ਨੇੜੇ ਰੱਬੋ ਪਿੰਡ ਦੇ ਬਾਹਰ ਵਾਰ ਜਾ ਠਹਿਰੇ। ਰਾਤ ਉਥੇ ਹੀ ਆਰਾਮ ਕੀਤਾ। ਅਗਲੇ ਦਿਨ ਵੀ ਉਥੇ ਹੀ ਟਿਕੇ ਰਹੇ, ਸ਼ਾਇਦ ਹੋਰ ਸਾਥੀਆਂ ਦੀ ਉਡੀਕ ਵਿਚ ਸਨ।

14 ਜਨਵਰੀ, 1872 ਨੂੰ ਆਥਣ ਵੇਲੇ ਉਨ੍ਹਾਂ ਕੁਝ ਸਿੱਖ ਸਰਦਾਰਾਂ ਦੇ ‘ਮਲੌਦ’ ਨਾਂ ਦੇ ਕਿਲੇ 'ਤੇ ਹੱਲਾ ਬੋਲ ਦਿੱਤਾ। ਇਸ ਕਿਲੇ 'ਤੇ ਹਮਲਾ ਕਿਉਂ ਕੀਤਾ ਗਿਆ? ਇਸ ਸਬੰਧ ਵਿਚ ‘ਡਿਸਟ੍ਰਿਕਟ ਗਜ਼ਟੀਅਰ' ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਆਸ ਸੀ ਕਿ ਸਰਕਾਰ ਵਿਦਰੋਹ ਵਿਚ ਉਨ੍ਹਾਂ ਦੀ ਅਗਵਾਈ ਲੈਣਗੇ। ਸੰਭਵ ਹੈ, ਪਹਿਲੇ ਵਿਸ਼ਾਲ ਅੰਦੋਲਨ ਵਿਚ ਇਸੇ ਤਰ੍ਹਾਂ ਦੀ ਤਿਆਰੀ ਰਹੀ ਹੋਵੇ ਅਤੇ ਇਸ ਸਮੇਂ ਉਨ੍ਹਾਂ ਨੇ ਕੱਚਾ ਬਲਵਾ ਉੱਠਦਾ ਵੇਖ ਕੇ ਅਗਵਾਈ ਲੈਣੋਂ ਨਾਂਹ ਕਰ ਦਿੱਤੀ ਹੋਵੇ। ਖ਼ੈਰ, ਕੂਕਿਆਂ ਨੇ ਉਥੇ ਹੱਲਾ ਬੋਲ ਦਿੱਤਾ ਅਤੇ ਕੁਝ ਹਥਿਆਰ, ਕੁਝ ਘੋੜੇ ਅਤੇ ਇਕ ਤੋਪ ਲੈ ਕੇ ਚਲਦੇ ਬਣੇ। ਉਥੇ ਦੋਹਾਂ ਪਾਸਿਆਂ ਵਲੋਂ ਦੋ-ਦੋ ਬੰਦੇ ਮਰੇ ਅਤੇ ਕੁਝ ਫੱਟੜ ਹੋਏ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/93