ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/11

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮੁੱਖ ਬੰਦ

ਭਗਤ ਸਿੰਘ ਨੇ ਕਿਹਾ ਸੀ, “ਜਦ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ ਵਿਚ ਜਕੜ ਲੈਂਦੀ ਹੈ, ਕਿਸੇ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨ, ਬਸ ਇਸ ਜਮੂਦ ਅਤੇ ਬੇਹਰਕਤੀ ਨੂੰ ਤੋੜਨ ਦੀ ਖ਼ਾਤਰ ਇਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਕ ਗਿਰਾਵਟ, ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ। ਗੁੰਮਰਾਹ ਕਰਨ ਵਾਲੀਆਂ, ਗ਼ੈਰ ਤਰੱਕੀ ਪਸੰਦ ਤਾਕਤਾਂ ਲੋਕਾਂ ਨੂੰ ਗ਼ਲਤ ਰਾਹ 'ਤੇ ਲੈ ਜਾਣ ਵਿਚ ਕਾਮਯਾਬ ਹੋ ਜਾਂਦੀਆਂ ਹਨ ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਅਤੇ ਉਸ ਵਿਚ ਖੜੋਤ ਆ ਜਾਂਦੀ ਹੈ। ਇਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿਚ ਇਕ ਹਰਕਤ ਪੈਦਾ ਹੋ ਜਾਵੇ।” ਜਦ ਭਗਤ ਸਿੰਘ ਇਹ ਕਹਿ ਰਹੇ ਸੀ ਤਾਂ ਉਹ ਇਤਿਹਾਸ ਦੇ ਅਸੂਲਾਂ ਦੀ ਗਹਿਰੀ ਭਾਵਨਾ ਨੂੰ ਸਮਝਦੇ ਹੋਏ, ਆਪਣੇ ਸਮੇਂ ਤੋਂ ਬਹੁਤ ਅੱਗੇ ਭਵਿੱਖ ਵਾਸਤੇ ਵੀ ਕੁਝ ਅਹਿਮ ਸੁਨੇਹਾ ਦੇ ਰਹੇ ਸਨ। ਸ਼ਾਇਦ ਏਸੇ ਸਮਝ ਦਾ ਪ੍ਰਗਟਾਵਾ ਉਨ੍ਹਾਂ ਆਪਣੀ ਆਖ਼ਰੀ ਮੁਲਾਕਾਤ ਵਿਚ ਕੀਤਾ ਸੀ। ਜਦ ਉਨ੍ਹਾਂ ਕਿਹਾ ਸੀ ਕਿ ਅੰਗਰੇਜ਼ ਦੀਆਂ ਜੜ੍ਹਾਂ ਹਿੱਲ ਗਈਆਂ ਹਨ, 15 ਸਾਲਾਂ ਵਿਚ ਚਲੇ ਜਾਣਗੇ, ਸਮਝੌਤਾ ਹੋ ਜਾਵੇਗਾ, ਫਿਰ ਕਾਫ਼ੀ ਹਫ਼ੜਾ ਦਫ਼ੜੀ ਦੇ ਸਾਲ ਗੁਜ਼ਰਨਗੇ ਅਤੇ ਉਸਦੇ ਬਾਅਦ ਮੇਰੀ ਲੋਕਾਂ ਨੂੰ ਲੋੜ ਪਵੇਗੀ। ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਜਦ ਇਕ ਪਾਸੇ ਗ਼ੈਰ ਤਰੱਕੀ ਪਸੰਦ ਅਤੇ ਪਿਛਾਂਹ-ਖਿੱਚੂ ਤਾਕਤਾਂ ਦਾ ਬੋਲ-ਬਾਲਾ ਵਧ ਰਿਹਾ ਹੈ ਤੇ ਦੂਸਰੇ ਪਾਸੇ ਲੋਕਾਂ ਦੇ ਮਸਲੇ ਵਧ ਰਹੇ ਹਨ ਅਤੇ ਹੱਲ ਨਹੀਂ ਹੋ ਰਹੇ ਅਤੇ ਹਰ ਪਾਸੇ ਫ਼ਾਸ਼ੀ ਜਿਹੇ ਰੁਝਾਣ ਪਣਪ ਰਹੇ ਹਨ ਤਾਂ ਭਗਤ ਸਿੰਘ ਦੇ ਉੱਪਰ ਕਹੇ ਲਫ਼ਜ਼ ਸਾਨੂੰ ਯਾਦ ਆਉਂਦੇ ਹਨ।

ਪਰ ਇਹ ਬਦ-ਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਇੰਨੇ ਸਾਲਾਂ ਵਿਚ ਛੋਟੀ-ਮੋਟੀ ਕੋਸ਼ਿਸ਼ ਦੇ ਇਲਾਵਾ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ ਇਕ ਥਾਂ ਨਹੀਂ ਇਕੱਠੀਆਂ ਕੀਤੀਆਂ ਜਾ ਸਕੀਆਂ। ਇਸ ਕਿਤਾਬ ਰਾਹੀਂ ਇਹ ਪਹਿਲਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਭਗਤ ਸਿੰਘ ਦੇ ਵਿਚਾਰਧਾਰਕ ਅਤੇ ਵਿਗਿਆਨਕ ਅਸੂਲਾਂ ਨੂੰ ਪਹਿਚਾਣਿਆ ਤੇ ਸਮਝਿਆ ਜਾ ਸਕੇ।

ਭਗਤ ਸਿੰਘ ਨੇ ਫ਼ਾਂਸੀ ਤੋਂ ਇਕ ਦਿਨ ਪਹਿਲਾਂ ਕਿਹਾ ਸੀ, “ਮੈਂ ਇਨਕਲਾਬ ਦਾ ਮੂਲ-ਮੰਤਰ ਬਣ ਗਿਆ ਹਾਂ।” ਇਸ ਤੋਂ ਉਹ ਕੀ ਕਹਿਣਾ ਚਾਹ ਰਹੇ ਸਨ, ਕੀ ਸੁਨੇਹਾ ਸਾਡੇ ਤੱਕ ਪਹੁੰਚਾ ਰਹੇ ਸਨ? ਅੱਜ ਵੱਧ ਸ਼ਿੱਦਤ ਤੇ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਇਹ ਲਿਖਤਾਂ ਉਸ ਸਮਝ ਵਿਚ ਹਿੱਸੇਦਾਰ ਹੋ ਸਕਣਗੀਆਂ, ਇਹ ਆਸ਼ਾ ਹੈ।

ਅੱਜ ਦੀ ਸਭ ਤੋਂ ਵੱਧ ਲੋੜ ਹੈ, “ਭਗਤ ਸਿੰਘ ਹੋਣ ਦੀ ਸਾਰ” ਨੂੰ ਜਾਨਣਾ। ਇਹ ਪਹਿਚਾਨਣ ਦੀ ਲੋੜ ਹੈ ਕਿ ਉਹ ਕੀ ਗੁਣ ਹਨ, ਕੀ ਅਸੂਲ ਹਨ, ਕੀ ਤਰੀਕੇ ਹਨ ਜਿਨ੍ਹਾਂ ਨੇ ਭਗਤ ਸਿੰਘ ਨੂੰ ਆਤਮ ਬਲੀਦਾਨੀਆਂ ਦੀ ਕਤਾਰ ਵਿਚ ਸਭ ਤੋਂ ਮੂਹਰੇ ਤੇ ਉੱਚਾ ਖੜ੍ਹਾ ਕੀਤਾ ਹੈ, ਜਿਸ ਨੇ ਉਸ ਨੂੰ ਭਾਰਤੀ ਲੋਕਾਂ ਦੀ ਚੇਤੰਨਤਾ ਦਾ ਹਿੱਸਾ ਬਣਾਇਆ ਹੈ। ਇਹ ਹੈ “ਭਗਤ ਸਿੰਘ ਹੋਣ ਦੀ ਸਾਰ”। ਪਰ ਇਤਿਹਾਸਕ ਦੁਖਾਂਤ ਇਹ ਵੀ ਹੁੰਦਾ ਹੈ ਕਿ ਜਦ ਭਵਿੱਖ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/11