ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/116

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦੇਖ-ਰੇਖ ਰੱਖੀ ਜਾਂਦੀ ਸੀ। 1857 ਦੇ ਬਾਦ ਜਲਦੀ ਹੀ ਉਸ ਦਾ ਰੂਸ ਵਲ ਜਾਣ ਦਾ ਪਤਾ ਲਗਦਾ ਹੈ। ਮੁੜ ਕੋਈ ਖ਼ਬਰ ਨਹੀਂ ਮਿਲਦੀ। ਉਸੀ ਆਦਮੀ ਦੇ ਮੁਤੱਲਕ ਕਿਹਾ ਜਾਂਦਾ ਹੈ ਕਿ ਉਸ ਨੇ ਇਕ ਦਿਨ ਬਾਬਾ ਰਾਮ ਸਿੰਘ ਨੂੰ ਕਿਹਾ ਕਿ ਹੁਣ ਪੰਜਾਬ ਵਿਚ ਰਾਜਨੀਤਿਕ ਪ੍ਰੋਗਰਾਮ ਅਤੇ ਪ੍ਰਚਾਰ ਦੀ ਲੋੜ ਹੈ। ਇਸ ਵੇਲੇ ਮੁਲਕ ਨੂੰ ਆਜ਼ਾਦ ਕਰਾਉਣਾ ਬੜਾ ਜ਼ਰੂਰੀ ਹੈ। ਉਸ ਵੇਲੇ ਤੋਂ ਆਪ ਨੇ ਸਾਫ਼ ਤੌਰ 'ਤੇ ਆਪਣੇ ਉਪਦੇਸ਼ ਵਿਚ ਇਸ ਨਾ ਮਿਲਵਰਤਨ ਨੂੰ ਸ਼ਾਮਲ ਕਰ ਲਿਆ।

ਟੀ.ਡੀ. ਫਾਰਸਿਥ ਨੇ, ਜੋ ਕਿ 1863 ਵਿਚ ਪੰਜਾਬ ਸਰਕਾਰ ਦੇ ਚੀਫ ਸਕੱਤਰ ਸਨ, ਆਪਣੀ ਜੀਵਨੀ ਵਿਚ ਲਿਖਿਆ ਹੈ ਕਿ 1863 ਵਿਚ ਹੀ ਮੈਂ ਸਮਝ ਗਿਆ ਸੀ ਕਿ ਏਹ ਮਜ਼ਹਬੀ ਜੇਹੀ ਤਹਿਰੀਕ ਕਿਸੇ ਦਿਨ ਬੜਾ ਭੜਥੂ ਪਾ ਦੇਊਗੀ। ਇਸ ਕਰਕੇ ਉਸ ਭੈਣੀ ਦੇ ਗੁਰਦੁਆਰੇ ਬਹੁਤ ਆਦਮੀਆਂ ਦਾ ਔਣਾ ਜਾਣਾ ਅਤੇ ਇਕੱਠਾ ਹੋਣਾ ਬੰਦ ਕਰ ਦਿੱਤਾ। ਇਸ ਪੁਰ ਮਹਾਤਮਾ ਜੀ ਨੇ ਵੀ ਆਪਣਾ ਕੰਮ ਕਰਨ ਦਾ ਤਰੀਕਾ ਬਦਲ ਲਿਆ। ਪੰਜਾਬ ਦੇਸ਼ ਨੂੰ 22 ਜ਼ਿਲਿਆਂ ਵੰਡ ਲਿਆ। ਹਰੇਕ ਜ਼ਿਲੇ ਦਾ ਮੋਹਰੀ ਇਕ-ਇਕ ਆਦਮੀ ਮੁਕਰਰ ਕਰ ਦਿੱਤਾ ਜਿਸਨੂੰ ਕਿ ਸੂਬਾ ਕਿਹਾ ਜਾਂਦਾ ਸੀ। ਹੁਣ ਉਨ੍ਹਾਂ ਸੂਬਿਆਂ ਵਿਚ ਪ੍ਰਚਾਰ ਅਤੇ ਜਥੇਬੰਦੀ ਦਾ ਕੰਮ ਸ਼ੁਰੂ ਕਰ ਦਿੱਤਾ, ਪਰ ਗੁਪਤ ਤਰੀਕਿਆਂ ਨਾਲ ਆਜ਼ਾਦੀ ਦਾ ਪ੍ਰਚਾਰ ਵੀ ਸ਼ੁਰੂ ਕਰੀ ਰਖਿਆ, ਜਥੇਬੰਦੀ ਵਧਦੀ ਚਲੀ ਗਈ, ਹਰੇਕ ਨਾਮਧਾਰੀ ਸਿੱਖ ਆਪਣੀ ਆਮਦਨ ਦਾ ਦਸਵਾਂ ਹਿੱਸਾ ਆਪਣੇ ਧਰਮ ਲਈ ਕੰਮ ਕਰਨ ਲੱਗ ਪਿਆ ਪਰ ਬਾਹਰਲਾ ਰੌਲਾ-ਰੱਪਾ ਬੰਦ ਹੋ ਜਾਣ ਕਰਕੇ ਸਰਕਾਰ ਦਾ ਸ਼ੱਕ ਦੂਰ ਹੋ ਗਿਆ ਅਤੇ 1869 ਵਿਚ ਸਾਰੀਆਂ ਬੰਦਸ਼ਾਂ ਦੂਰ ਕਰ ਦਿੱਤੀਆਂ ਗਈਆਂ। ਬੰਦਸ਼ਾਂ ਦੂਰ ਹੁੰਦਿਆਂ ਹੀ ਵਾਹਵਾ ਜੋਸ਼ ਖਰੋਸ਼ ਵਧਿਆ।

ਇਕ ਦਿਨ ਕੁਝ ਕੂਕੇ ਅੰਮ੍ਰਿਤਸਰ ਵਿਚੋਂ ਲੰਘ ਰਹੇ ਸਨ। ਪਤਾ ਲੱਗਾ ਕਿ ਕਦੇ ਬੁੱਚੜ ਹਿੰਦੂਆਂ ਨੂੰ ਤੰਗ ਕਰਨ ਖਾਤਿਰ ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਗਊ-ਹੱਤਿਆ ਕਰਦੇ ਹਨ। ਗਊ ਦੇ ਤਾਂ ਉਹ ਬੜੇ ਭਗਤ ਸਨ ਹੀ, ਰਾਤੋ ਰਾਤ ਸਾਰੇ ਬੁੱਚੜ ਮਾਰ ਸੁੱਟੇ ਅਤੇ ਭੈਣੀ ਦੀ ਰਾਹ ਫੜ ਲਈ। ਬਹੁਤ ਸਾਰੇ ਹਿੰਦੂ ਪਕੜੇ ਗਏ। ਗੁਰੂ ਜੀ ਨੇ ਸਾਰੀ ਕਹਾਣੀ ਸੁਣੀ। ਸਭ ਨੂੰ ਵਾਪਸ ਘੱਲ ਦਿੱਤਾ, ਕਿ ਨਿਰਦੋਸ਼ ਆਦਮੀਆਂ ਨੂੰ ਛਡੌਣ ਅਤੇ ਆਪਣਾ ਕਸੂਰ ਮੰਨ ਲੈਣ। ਇਸ ਤਰ੍ਹਾਂ ਹੋਇਆ, ਉਹ ਲੋਕੀਂ ਆ ਕੇ ਫ਼ਾਂਸੀ ਲੱਗ ਗਏ। ਇਹੋ ਜਿਹਾ ਹੀ ਕੋਈ ਵਾਕਿਆ ਫਿਰੋਜ਼ਪੁਰ ਜ਼ਿਲੇ ਵਿਚ ਵੀ ਹੋ ਗਿਆ। ਫ਼ਾਂਸੀਆਂ ਨਾਲ ਜੋਸ਼ ਹੋਰ ਵੀ ਵਧ ਗਿਆ। ਉਸ ਵੇਲੇ ਉਹਨਾਂ ਲੋਕਾਂ ਸਾਹਮਣੇ ਆਦਰਸ਼ ਸੀ, ਪੰਜਾਬ ਵਿਚ ਸਿੱਖ ਰਾਜ ਕਾਇਮ ਕਰਨਾ ਅਤੇ ਗਊ ਦੀ ਰੱਖਿਆ ਉਹ ਆਪਣਾ ਸਭ ਤੋਂ ਵੱਡਾ ਧਰਮ ਸਮਝਦੇ ਸਨ। ਇਸੇ ਆਦਰਸ਼ ਦੀ ਪੂਰਤੀ ਵਾਸਤੇ ਉਹ ਯਤਨ ਕਰਦੇ ਰਹੇ।

13 ਜਨਵਰੀ 1872 ਨੂੰ ਭੈਣੀ ਵਿਚ ਮਾਘੀ ਦਾ ਮੇਲਾ ਹੋਣ ਵਾਲਾ ਸੀ। ਦੂਰ-ਦੂਰ ਤੋਂ ਲੋਕ ਆ ਰਹੇ ਸਨ! ਇਕ ਕੂਕਾ ਮਾਲੇਰਕੋਟਲੇ ਵਿਚੋਂ ਲੰਘ ਰਿਹਾ ਸੀ। ਇਕ ਮੁਸਲਮਾਨ ਨਾਲ ਝਗੜਾ ਹੋ ਜਾਣ ਪਰ ਉਸ ਨੂੰ ਪਕੜ ਕੇ ਕੋਤਵਾਲੀ ਵਿਚ ਲੈ ਗਏ ਅਤੇ ਉਸਨੂੰ ਬਹੁਤ ਮਾਰਿਆ ਪਿਟਿਆ ਅਤੇ ਇਕ ਬੈਲ ਉਸ ਦੇ ਸਾਹਮਣੇ ਕਤਲ ਕੀਤਾ ਗਿਆ। ਉਹ ਬੇਚਾਰਾ ਦੁਖੀ ਹੋਇਆ ਭੈਣੀ ਪੁੱਜਾ। ਉਥੇ ਜਾ ਕੇ ਉਸ ਨੇ ਆਪਣੀ ਦੁੱਖ-ਕਥਾ ਕਹਿ ਸੁਣਾਈ। ਲੋਕਾਂ ਨੂੰ ਬਹੁਤ ਜੋਸ਼ ਆ ਗਿਆ, ਬਦਲਾ ਲੈਣ ਦਾ ਖ਼ਿਆਲ ਜ਼ੋਰ ਪਕੜ ਗਿਆ। ਜਿਸ ਬਗ਼ਾਵਤ ਦਾ ਅੰਦਰੋਂ ਅੰਦਰੀਂ ਪ੍ਰਚਾਰ ਕੀਤਾ ਗਿਆ ਸੀ, ਉਹੀ ਖੜੀ ਕਰ ਦੇਣ ਦਾ ਖ਼ਿਆਲ ਜ਼ੋਰ ਫੜਨ ਲੱਗ ਪਿਆ ਪਰ ਹਾਲੇ ਮਰਜ਼ੀ ਮੁਤਾਬਿਕ ਤਿਆਰੀ ਵੀ ਨਹੀਂ ਸੀ ਹੋ ਸਕੀ। ਬਾਬਾ ਰਾਮ ਸਿੰਘ ਐਸੀ ਹਾਲਤ ਵਿਚ ਕੀ ਕਰਦੇ? ਜੇ ਉਹਨਾਂ ਨੂੰ ਮਨ੍ਹਾਂ ਕਰਦੇ ਹਨ ਤਾਂ ਉਹ ਮੰਨਦੇ ਨਹੀਂ ਤੇ ਜੇ ਉਨ੍ਹਾਂ ਦਾ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/100