ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/117

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਾਥ ਦਿੰਦੇ ਹਨ ਤਾਂ ਕੀਤਾ ਕਤਰਿਆ ਸਾਰਾ ਤਬਾਹ ਹੁੰਦਾ ਹੈ। ਕੀ ਕਰਨ! ਆਖਰ ਜਦ ਉਹ 150 ਆਦਮੀ ਤੁਰ ਹੀ ਪਏ ਤਾਂ ਆਪਨੇ ਪੁਲਿਸ ਪਾਸ ਖ਼ਬਰ ਘੱਲ ਦਿਤੀ ਕਿ ਇਹ ਆਦਮੀ ਰੌਲਾ ਪਾ ਰਹੇ ਹਨ ਤੇ ਸ਼ਾਇਦ ਕੋਈ ਖ਼ਰਾਬੀ ਕਰਨ। ਮੈਂ ਜ਼ੁੰਮੇਵਾਰ ਨਹੀਂ ਹੋਵਾਂਗਾ। ਖ਼ਿਆਲ ਸੀ ਕਿ ਹਜ਼ਾਰਾਂ ਆਦਮੀਆਂ ਦੀ ਜਥੇਬੰਦੀ ਵਿਚੋਂ ਸੌ ਡੂਢ ਸੌ ਆਦਮੀ ਮਾਰੇ ਗਏ, ਤੇ ਬਾਕੀ ਜਥੇਬੰਦੀ ਬਚੀ ਰਹੀ ਤਾਂ ਇਹ ਕਮੀ ਤਾਂ ਮੁੜ ਪੂਰੀ ਹੋ ਜਾਵੇਗੀ ਤੇ ਜਲਦੀ ਹੀ ਫੇਰ ਸਭ ਤਿਆਰੀ ਹੋ ਜਾਣ ਪੁਰ ਬਗ਼ਾਵਤ ਹੋ ਸਕੇਗੀ। ਪਰ ਅਸੀਂ ਇਹ ਦੇਖਦੇ ਹਾਂ, ਕਿ ਦੁਨੀਆ ਵਿਚ End justifies the means (ਨਤੀਜੇ ਨਾਲ ਹੀ ਫੈਸਲਾ ਹੁੰਦਾ ਹੈ, ਕਿ ਤਰੀਕੇ ਜਾਇਜ਼ ਸਨ ਕਿ ਨਾਜਾਇਜ਼) ਵਾਲਾ ਅਸੂਲ ਰਾਜਨੀਤੀ ਦੇ ਮੈਦਾਨ ਵਿਚ ਆਮ ਤੌਰ 'ਤੇ ਲਾਗੂ ਹੁੰਦਾ ਹੈ। ਅਰਥਾਤ ਜੇ ਤੇ ਕਾਮਯਾਬੀ ਹੋ ਜਾਵੇ ਅਤੇ ਕੰਮ ਪੂਰਾ ਹੋ ਜਾਵੇ ਤਦ ਤੇ ਚਾਲਾਂ ਨੇਕ-ਨੀਅਤੀ ਦੀਆਂ ਭਰੀਆਂ ਹੋਈਆਂ ਅਤੇ ਸਮਝ ਸੋਚ ਕੇ ਚਲੀਆਂ ਗਈਆਂ ਕਹਾਉਂਦੀਆਂ ਹਨ ਤੇ ਜੇ ਕਿਧਰੇ ਹੋ ਜਾਵੇ ਨਾਕਾਮਯਾਬੀ, ਤੇ ਬਸ ਫੇਰ ਕੁਝ ਵੀ ਨਾ! ਬੇਵਕੂਫ਼-ਬਦਨੀਅਤ ਆਦਿਕ ਖ਼ਿਤਾਬ ਲੀਡਰ ਨੂੰ ਮਿਲਦੇ ਹਨ। ਇਹੋ ਗੱਲ ਇਥੇ ਅਸੀਂ ਦੇਖਦੇ ਹਾਂ, ਜੋ ਚਾਲ ਰਾਮ ਸਿੰਘ ਨੇ ਆਪਣੀ ਤਹਿਰੀਕ ਨੂੰ ਬਚੌਣ ਖ਼ਾਤਰ ਚੱਲੀ ਸੀ, ਉਹ ਚੂੰਕਿ ਕਾਮਯਾਬ ਨਾ ਹੋਈ ਇਸ ਕਰਕੇ ਹੁਣ ਉਨ੍ਹਾਂ ਕੋਈ ਕਾਇਰ ਅਤੇ ਬੁਜ਼ਦਿਲ ਕਹਿੰਦਾ ਹੈ, ਕੋਈ ਬਦਨੀਅਤ ਅਤੇ ਕਮਜ਼ੋਰ ਕਹਿੰਦਾ ਹੈ। ਖ਼ੈਰ!

ਅਸੀਂ ਤਾਂ ਸਮਝਦੇ ਹਾਂ ਕਿ ਉਹ ਰਾਜਨੀਤੀ ਦੀ ਇਕ ਚਾਲ ਸੀ। ਉਹਨਾਂ ਪੁਲਿਸ ਨੂੰ ਖ਼ਬਰ ਦਿੱਤੀ, ਤਾਂ ਕਿ ਉਹ ਕੋਈ ਐਸਾ ਇਲਾਜ ਕਰ ਲੈਣ ਜਿਸ ਨਾਲ ਕੋਈ ਬੜੀ ਖ਼ਰਾਬੀ ਪੈਦਾ ਨਾ ਹੋ ਸਕੇ, ਪਰ ਸਰਕਾਰ ਉਨ੍ਹਾਂ ਦੀ ਏਸ ਵੱਡੀ ਭਾਰੀ ਤਹਿਰੀਕ ਕੋਲੋਂ ਬਹੁਤ ਡਰਦੀ ਸੀ ਅਤੇ ਉਸ ਨੂੰ ਪੀਹ ਸੁੱਟਣ ਦਾ ਮੌਕਾ ਚਾਹੁੰਦੀ ਸੀ। ਉਨ੍ਹਾਂ ਕੋਈ ਖ਼ਾਸ ਕਾਰਵਾਈ ਨਾ ਕੀਤੀ ਅਤੇ ਉਹਨਾਂ ਨੂੰ ਮਰਜ਼ੀ ਮੁਤਾਬਿਕ ਜਾਣ ਦਿੱਤਾ ਗਿਆ।

ਪਰ 15 ਜਨਵਰੀ ਦੇ ਖ਼ਤ ਵਿਚ ਮਿ.ਕਾਵਨ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਇਹ ਗੱਲ ਕਮਿਸ਼ਨਰ ਨੇ ਲਿਖ ਘੱਲੀ ਕਿ ਰਾਮ ਸਿੰਘ ਨੇ ਉਨ੍ਹਾਂ ਲੋਕਾਂ ਨਾਲ ਬੇਤੁਅਲਕੀ ਜ਼ਾਹਿਰ ਕੀਤੀ ਹੈ ਅਤੇ ਉਹਨਾਂ ਦੇ ਮੁਤਅਲਿਕ ਸਾਨੂੰ ਵੀ ਖ਼ਬਰਦਾਰ ਕਰ ਦਿੱਤਾ ਹੈ। ਖ਼ੈਰ! ਉਹ 150 ਨਾਮਧਾਰੀ ਸਿੰਘ ਉਥੋਂ ਬੜੇ ਜੋਸ਼ ਖਰੋਸ਼ ਨਾਲ ਚੱਲ ਪਏ।

ਜਦੋਂ ਉਹ 150 ਆਦਮੀ ਉਥੋਂ ਬਦਲਾ ਲੈਣ ਦੇ ਵਿਚਾਰ ਨਾਲ ਟੁਰ ਪਏ, ਤਦੋਂ ਪੁਲਿਸ ਨੂੰ ਪਹਿਲੋਂ ਹੀ ਦਸਿਆ ਜਾ ਚੁਕਾ ਸੀ ਪਰ ਸਰਕਾਰ ਨੇ ਕੋਈ ਬੰਦੋਬਸਤ ਨਾ ਕੀਤਾ। ਕਿਉਂ? ਕਿਉਂਕਿ ਉਹ ਚਾਹੁੰਦੇ ਸੀ ਕਿ ਕੋਈ ਛੋਟੀ-ਮੋਟੀ ਖ਼ਰਾਬੀ ਹੋ ਜਾਵੇ ਤੇ ਬਹਾਨਾ ਮਿਲ ਜਾਵੇ, ਜਿਸ ਨਾਲ ਕਿ ਉਹ ਉਸ ਸਾਰੀ ਤਹਿਰੀਕ ਨੂੰ ਪੀਹ ਸੁਟਣ। ਸੋ ਹੁਣ ਮਿਲ ਗਿਆ।

ਉਹ ਕੂਕੇ ਬੀਰ ਉਦਣ ਤਾਂ ਪਟਿਆਲਾ ਰਾਜ ਦੀ ਹੱਦ 'ਤੇ ਇਕ ਪਿੰਡ ਰੱਬੋਂ ਵਿਚ ਪਏ ਰਹੇ। ਅਗਲੇ ਦਿਨ ਵੀ ਉਹ ਉਥੇ ਹੀ ਟਿਕੇ ਰਹੇ। 14 ਜਨਵਰੀ 1872 ਦੀ ਸ਼ਾਮ ਨੂੰ ਉਹਨਾਂ ਨੇ ਮਲੌਦ ਕਿਲ੍ਹੇ 'ਤੇ ਧਾਵਾ ਬੋਲ ਦਿੱਤਾ। ਉਹ ਕਿਲ੍ਹਾ ਕੁਝ ਸਿੱਖ ਸਰਦਾਰਾਂ ਦਾ ਹੈ ਪਰ ਇਨ੍ਹਾਂ ਇਸ ਪੁਰ ਹਮਲਾ ਕਿਉਂ ਕੀਤਾ? ਏਸ ਬਾਰੇ ਇਕ ਡਿਸਟ੍ਰਿਕਟ ਗੈਜ਼ੇਟਿਅਰ ਵਿਚ ਲਿਖਿਆ ਹੋਇਆ ਹੈ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਮਲੌਦ ਸਰਦਾਰ ਉਨ੍ਹਾਂ ਦੇ ਬਗ਼ਾਵਤ ਵਿਚ ਲੀਡਰ ਬਨਣਗੇ। ਪਰ ਉਹਨਾਂ ਨਾਂਹ ਕਰ ਦਿੱਤੀ ਅਤੇ ਇਹਨਾਂ ਹਮਲਾ ਕਰ ਦਿੱਤਾ। ਬਹੁਤ ਮੁਮਕਿਨ ਹੈ ਕਿ ਬਾਬਾ ਰਾਮ ਸਿੰਘ ਦੀ ਬੜੀ ਭਾਰੀ ਤਿਆਰੀ ਵਿਚ ਮਲੌਦ ਸਰਦਾਰ ਮਦਦ ਦੇਣ ਦਾ ਵਾਇਦਾ ਕੀਤਾ ਹੀ ਹੋਵੇ ਪਰ ਜਦੋਂ, ਉਨ੍ਹਾਂ ਦੇਖਿਆ ਕਿ ਬਗ਼ਾਵਤ ਤਾਂ ਅਗੇਤਰੀ ਹੀ ਉੱਠ ਖਲੋਤੀ ਹੈ, ਅਤੇ ਬਾਬਾ ਰਾਮ ਸਿੰਘ ਹੋਰੀਂ ਵੀ ਨਾਲ ਨਹੀਂ ਅਤੇ ਸਾਰੀਆਂ ਸੰਗਤਾਂ ਵੀ ਸੱਦੀਆਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/101