ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/122

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਨੌਜਵਾਨ ਸਨ। ਹਿੰਦੋਸਤਾਨੀ ਘਰ ਵਿਚ ਇਕ ਬੜੀ ਭਾਰੀ ਯਾਦਗਾਰ ਮੀਟਿੰਗ ਸੱਦੀ ਗਈ। ਵਰਤ ਰੱਖੇ ਗਏ ਅਤੇ ਸਹੁੰਆਂ ਖਾਧੀਆਂ ਗਈਆਂ ਕਿ ਉਹਨਾਂ ਬਜ਼ੁਰਗਾਂ ਦੀ ਯਾਦ ਵਿਚ ਇਕ ਹਫ਼ਤਾ ਭਰ ਕੋਈ ਐਸ਼-ਇਸ਼ਰਤ ਦੀ ਚੀਜ਼ ਨਹੀਂ ਵਰਤੀ ਜਾਏਗੀ। ਛੋਟੇ-ਛੋਟੇ ਪੈਂਫ਼ਲਿਟ “ਓ ਸ਼ਹੀਦੋ” (Oh! Martyrs) ਦੇ ਨਾਮ 'ਤੇ ਇੰਗਲੈਂਡ ਅਤੇ ਹਿੰਦੁਸਤਾਨ ਵਿਚ ਵੰਡੇ ਗਏ। ਵਿਦਿਆਰਥੀਆਂ ਨੇ ਐਕਸਫੋਰਡ, ਕੈਂਬਰਿਜ ਤੇ ਇੰਨਜ ਕੋਰਟ ਦੇ ਕਾਲਜਾਂ ਵਿਚ ਬੜੇ ਸੋਹਣੇ ਸੋਹਣੇ ਬਿੱਲੇ ਛਾਤੀਆਂ 'ਤੇ ਲਾਏ ਜਿਨ੍ਹਾਂ 'ਤੇ ਲਿਖਿਆ ਗਿਆ ਸੀ, “1857 ਦੇ ਸ਼ਹੀਦਾਂ ਦੀ ਇੱਜ਼ਤ ਲਈ।” ਗਲੀਆਂ ਤੇ ਬਾਜ਼ਾਰਾਂ ਵਿਚ ਕਈ ਥਾਈਂ ਝਗੜੇ ਹੋ ਗਏ। ਇਕ ਕਾਲਜ ਵਿਚ ਇਕ ਪ੍ਰੋਫੈਸਰ ਆਪਣੇ ਆਪ ਤੋਂ ਬਾਹਰ ਹੋ ਗਿਆ ਅਤੇ ਹਿੰਦੋਸਤਾਨੀ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਉਹ ਮਾਫ਼ੀ ਮੰਗੇ, ਕਿਉਂਕਿ ਉਸ ਨੇ ਉਹਨਾਂ ਵਿਦਿਆਰਥੀਆਂ ਦੇ ਕੌਮੀ ਆਗੂਆਂ ਦੀ ਹੱਤਕ ਕੀਤੀ ਹੈ ਅਤੇ ਪ੍ਰੋਟੈਸਟ ਕਰਕੇ ਸਾਰੇ ਦੇ ਸਾਰੇ ਵਿਦਿਆਰਥੀ ਕਾਲਜ ਵਿਚੋਂ ਨਿਕਲ ਗਏ। ਕਈਆਂ ਦੇ ਵਜ਼ੀਫੇ ਮਾਰੇ ਗਏ। ਕਈਆਂ ਨੇ ਆਪ ਵਜ਼ੀਫੇ ਛੱਡ ਦਿੱਤੇ, ਕਈਆਂ ਨੂੰ ਉਹਨਾਂ ਦੇ ਮਾਪਿਆਂ ਨੇ ਮੰਗਵਾ ਲਿਆ। ਇੰਗਲਿਸਤਾਨ ਵਿਚ ਰਾਜਸੀ ਵਾਯੂ-ਮੰਡਲ (ਵਾਤਾਵਰਣ ਬੜਾ ਤੇਜ਼ ਹੋ ਗਿਆ ਅਤੇ ਹਿੰਦੋਸਤਾਨੀ ਸਰਕਾਰ ਬੜੀ ਹੈਰਾਨ ਤੇ ਬੇਚੈਨ ਹੋ ਗਈ)

(ਬੈਰਿਸਟਰ ਸਾਵਰਕਰ ਦਾ ਜੀਵਨ ਸਫ਼ਾ 454-46 ਚਿੱਤਰ ਗੁਪਤ ਲਿਖਤ)

ਇਸ ਸਾਰੇ ਹਾਲਾਤ ਦੀ ਖ਼ਬਰ ਜਿਥੇ ਜਿਥੇ ਦੀ ਪਹੁੰਚੀ, ਪਰਦੇਸਾਂ ਵਿਚ ਉੱਥੇ ਉੱਥੇ ਹੀ ਦਸ ਮਈ ਦਾ ਦਿਨ ਬੜੀ ਸਜ-ਧਜ ਨਾਲ ਮਨਾਇਆ ਗਿਆ। ਲੋਕਾਂ ਵਿਚ ਬੜਾ ਜੋਸ਼ ਆ ਗਿਆ ਕਿ ਅੰਗਰੇਜ਼ ਕਿਵੇਂ ਸਾਡੇ ਕੌਮੀ ਬਹਾਦਰਾਂ ਨੂੰ ਬਦਨਾਮ ਕਰਦੇ ਹਨ। ਉਹਨਾਂ ਨੇ ਪ੍ਰੋਟੈਸਟ (ਰੋਸ) ਦੇ ਤੌਰ 'ਤੇ ਮੀਟਿੰਗਾਂ ਕੀਤੀਆਂ ਅਤੇ ਉਹਨਾਂ ਦੀ ਯਾਦ ਵਿਚ ਦਸ ਮਈ ਦਾ ਦਿਨ ਸਾਲ ਦੋ ਸਾਲ ਮਨੌਣਾ ਸ਼ੁਰੂ ਕਰ ਦਿੱਤਾ। ਕਾਫ਼ੀ ਚਿਰ ਪਿਛੋਂ ਅਭਿੰਨਵ ਭਾਰਤ (ਨੌਜਵਾਨ ਭਾਰਤ) ਸੁਸਾਇਟੀ ਟੁੱਟ ਗਈ ਤੇ ਇੰਗਲੈਂਡ ਵਿਚ ਇਹ ਦਿਨ ਮਨਾਉਣ ਰਹਿ ਗਿਆ। ਪਰ ਕੁਛ ਚਿਰ ਪਿਛੋਂ ਅਮਰੀਕਾ ਵਿਚ ਹਿੰਦੋਸਤਾਨ ਗ਼ਦਰ ਪਾਰਟੀ ਕਾਇਮ ਹੋ ਗਈ ਅਤੇ ਉਸ ਨੇ ਇਸ ਨੂੰ ਸਾਲ ਦੇ ਸਾਲ ਮਨਾਉਣਾ ਸ਼ੁਰੂ ਕਰ ਦਿੱਤਾ। ਗ਼ਦਰ ਪਾਰਟੀ ਦੇ ਕਾਇਮ ਹੋਣ ਦੇ ਦਿਨ ਤੋਂ ਲੈ ਕੇ ਹੁਣ ਤਕ ਅਮਰੀਕਾ ਵਿਚ ਇਹ ਦਿਨ ਸਜ-ਧਜ ਨਾਲ ਮਨਾਇਆ ਜਾਂਦਾ ਹੈ, ਬੜਾ ਭਾਰੀ ਜਲਸਾ ਹੁੰਦਾ ਹੈ, ਜਿਸ ਵਿਚ ਸਭ ਹਿੰਦੋਸਤਾਨੀ ਇਕੱਠੇ ਹੁੰਦੇ ਹਨ, ਉਸ ਵਿਚ ਇਹਨਾਂ 1857 ਦੇ ਸੂਰਬੀਰਾਂ ਦੇ ਜੀਵਨ ਤੇ ਕਾਰਨਾਮੇ ਦੱਸੋ ਜਾਂਦੇ ਹਨ, ਇਸ ਤਰ੍ਹਾਂ ਇਹਨਾਂ ਸ਼ਹੀਦਾਂ ਦੀ ਯਾਦ ਸਾਲ ਦੇ ਸਾਲ ਤਾਜ਼ਾ ਕੀਤੀ ਜਾਂਦੀ ਹੈ ਅਤੇ ਇਹੋ ਜਿਹੀਆਂ ਕਵਿਤਾਵਾਂ “ਦਿਲਾ ਦਰਦੀਆਂ ਦਰਦ ਹਜ਼ਾਰ ਭਾਵੇਂ, ਦਸ ਮਈ ਦਾ ਦਿਨ ਭੁਲਾਵਣਾ ਨਹੀਂ। ਇਸੇ ਰੋਜ਼ ਆਜ਼ਾਦੀ ਦਾ ਜੰਗ ਛਿੜਿਆ, ਵਕਤ ਖ਼ੁਸ਼ੀ ਦਾ ਗ਼ਮੀਂ ਲਿਆਵਣਾ ਨਹੀਂ।" ਪੜ੍ਹੀਆਂ ਜਾਂਦੀਆਂ ਹਨ। ਖ਼ਾਸ ਕਰ ਇਹ ਤੁਕਾਂ 1914-15 ਵਿਚ ਹਰ ਇਕ ਪੁਰਸ਼ ਦੀ ਜ਼ਬਾਨ ਉਤੇ ਹੀ ਚੜ੍ਹੀਆਂ ਹੋਈਆਂ ਸਨ, ਕਿਉਂਕਿ ਉਸ ਵੇਲੇ ਉਹ ਇਕ ਹੋਰ ਆਜ਼ਾਦੀ ਦੀ ਜੰਗ ਲੜ ਕੇ ਹਿੰਦੋਸਤਾਨ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸਨ, ਪਰ ਉਹ ਯਤਨ ਵੀ ਫੇਲ ਹੋ ਗਿਆ ਜਿਸ 'ਤੇ ਹਜ਼ਾਰਾਂ ਨੌਜਵਾਨਾਂ ਤੇ ਗੱਭਰੂਆਂ ਦੇ ਭਾਰਤ ਮਾਤਾ ਦੀ ਖ਼ਾਤਰ ਸੀਸ ਲੱਗ ਗਏ ਪਰ ਸਾਡੀ ਗੁਲਾਮੀ ਦਾ ਫਸਤਾ ਨਾ ਹੀ ਵੱਢਿਆ ਗਿਆ।

ਦਸ ਮਈ ਦਾ ਦਿਨ ਕਿਉਂ ਮਨਾਇਆ ਜਾਂਦਾ ਹੈ? ਇਸ ਦਾ ਕਾਰਨ ਇਹ ਹੈ ਕਿ ਦਸ ਮਈ ਵਾਲੇ ਦਿਨ ਹੀ ਅਸਲੀ ਜੰਗ ਸ਼ੁਰੂ ਹੋਇਆ ਸੀ। 10 ਮਈ ਨੂੰ ਮੇਰਠ ਛਾਉਣੀ ਦੇ 85 ਵੀਰਾਂ ਨੇ ਚਰਬੀ ਵਾਲੇ ਕਾਰਤੂਸ ਵਰਤਣੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਸੀ ਅਤੇ ਹਰ ਇਕ ਜਵਾਨ ਨੂੰ 10 ਸਾਲ ਸਖ਼ਤ ਸਜ਼ਾ ਦਿਤੀ ਗਈ। ਪਿਛੋਂ ਜਿਹੇ ਗਿਆਰਾਂ ਸਿਪਾਹੀਆਂ ਦੀ ਕੈਦ ਘਟਾ ਕੇ ਪੰਜ ਸਾਲ ਕਰ ਦਿੱਤੀ ਗਈ ਸੀ, ਪਰ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/106