ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/124

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਦੀ ਦੇ ਸ਼ੁਰੂ ਹੋਣ ਦੇ ਨਾਲ ਹੀ ਭਾਰਤ ਵਿਚ ਇਕਦਮ ਨਵੀਂ ਅਸ਼ਾਂਤੀ ਦੀ ਲਹਿਰ ਚਲ ਪਈ। ਜਿਸ ਦਾ ਨਤੀਜਾ ਕਿ ਸੁਦੇਸ਼ੀ ਲਹਿਰ ਦੀ ਸ਼ਕਲ ਵਿਚ ਨਿਕਲਿਆ। ਉਦੋਂ ਵੀ ਪੰਜਾਬ ਹੀ ਬੰਗਾਲ ਦਾ ਸਾਥ ਨਿਭਾਅ ਸਕਿਆ ਸੀ। ਗੁਲਾਮੀ ਦੀਆਂ ਜ਼ੰਜੀਰਾਂ ਦਿਨੋਂ ਦਿਨ ਜਕੜੀਆਂ ਦੇਖ ਜਦੋਂ ਦਰਦ ਸ਼ੁਰੂ ਹੋਇਆ, ਤਦੋਂ ਬਹੁਤ ਸਾਰੇ ਨੌਜਵਾਨ ਆਪਣੇ ਦੇਸ਼-ਪ੍ਰੇਮ ਨਾਲ ਪਾਗ਼ਲ ਹੋਏ ਦਿਲਾਂ ਨੂੰ ਕੇਵਲ ਲੈਕਚਰ-ਬਾਜ਼ੀ ਅਤੇ ਰੈਜੂਲੇਸ਼ਨ-ਬਾਜ਼ੀ ਨਾਲ ਹੀ ਤਸੱਲੀ ਨਾ ਦੇ ਸਕੇ ਅਤੇ ਕੁਝ ਦਿਲ ਜਲੇ ਲੋਕਾਂ ਨੇ ਜੁਗ-ਪਲਟਾਊ ਲਹਿਰ ਚਲਾਈ। ਇਹ ਲਹਿਰ ਉਨ੍ਹਾਂ ਦੇਸ਼-ਪ੍ਰੇਮੀ ਨੌਜਵਾਨਾਂ ਨੂੰ ਆਪਣੀ ਤਰਫ਼ ਖਿੱਚਣ ਵਿਚ ਸਫਲ ਹੋ ਗਈ ਅਤੇ ਇਹਨਾਂ ਪਰਵਾਨਿਆਂ ਨੇ ਸੁਤੰਤਰਤਾ ਦੇਵੀ ਦੇ ਚਰਨਾਂ ਵਿਚ ਆਪਣੇ ਜੀਵਨ ਤੀਕ ਕੁਰਬਾਨ ਕਰ ਦਿੱਤੇ ਅਤੇ ਮੁਰਦੇ ਦੇਸ਼ ਨੂੰ ਮੁੜ ਮੌਤ ਦੇ ਪ੍ਰਤੀ ਨਿਰਭੈਤਾ ਦਿਖਾਲ ਕੇ ਪੁਰਾਣੇ ਬਜ਼ੁਰਗਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ।

ਇਹ ਜੁਗ-ਪੁਲਟਾਊ ਜਾਂ ਵਿਦ੍ਰੋਹੀ ਲੋਗ ਕੈਸੇ ਵਚਿੱਤਰ ਜੀਵਨ ਹੁੰਦੇ ਹਨ, ਇਸ ਦਾ ਕੁਝ ਕੁ ਵਰਨਣ ਬੰਗਾਲ ਦੇ ਵਿਦ੍ਰੋਹੀ ਕਵੀ ਕਾਜ਼ੀ ਨਜ਼ੂਰਲ ਇਸਲਾਮ ਨੇ ਆਪਣੇ “ਵਿਦ੍ਰੋਹੀ" ਕਵਿਤਾ ਵਿਚ ਕੀਤਾ ਹੈ। ਮੌਤ ਦੇ ਨਾਲ ਹੱਥ ਵਿਚ ਹੱਥ ਪਾ ਕੇ ਖੇਲ ਕਰਨ ਵਾਲੇ, ਗਰੀਬਾਂ ਦੇ ਸਹਾਇਕ ਆਜ਼ਾਦੀ ਦੇ ਰਾਖੇ, ਗੁਲਾਮੀ ਦੇ ਦੁਸ਼ਮਣ, ਜ਼ਾਲਮਾਂ ਜਾਬਰਾਂ ਅਤੇ ਮਨ-ਮਾਨੀਆਂ ਕਰਨ ਵਾਲੇ ਸ਼ਾਸਕਾਂ ਹਾਕਮਾਂ ਦੇ ਵੈਰੀ, ਇਨ੍ਹਾਂ ਵਿਦ੍ਰੋਹੀ ਵੀਰਾਂ ਦੇ ਦਿਲ ਦਾ, ਮਨ ਦਾ, ਸੁਭਾਅ ਦਾ, ਇੱਛਾ ਦਾ ਬੜਾ ਸੁੰਦਰ ਚਿੱਤਰ ਉਨ੍ਹਾਂ ਆਪਣੀ ਕਵਿਤਾ ਵਿਚ ਕੀਤਾ ਹੈ। ਪਹਿਲੋਂ ਹੀ ਉਹ ਕਹਿੰਦੇ ਹਨ।

ਬੋਲ ਓ ਵੀਰ,
ਚਿਰ ਉੱਨਤ ਮਮ ਸੀਰ,
ਸਿਰ ਨਿਹਾਰਿ ਅਮਾਰ,
ਨਤ ਸਿਰ ਓ ਸ਼ਿਖਰ ਹਿਮਾਦ੍ਰੀਰ

ਯਾਨੀ—ਹੋ ਵਿਦ੍ਰੋਹੀ ਵੀਰ! ਤੂੰ ਇਕਦਮ ਇਹ ਕਹਿੰਦੈਂ ਕਿ ਮੈਂ ਚਿਰਾਂ ਤੋਂ ਸਿਰ ਉੱਚਾ ਕਰੀ ਖਲੋਤਾ ਹਾਂ! ਓ! ਤੇਰਾ ਉੱਚਾ ਸਿਰ ਦੇਖ ਕੇ ਹਿਮਾਲੀਆ ਨੇ ਵੀ ਆਪਣਾ ਸਿਰ (ਸ਼ਰਮ ਦੇ ਮਾਰੇ) ਝੁਕਾਅ ਦਿੱਤਾ।

ਅੱਗੇ ਜਾ ਕੇ ਉਸ ਦੀ ਕੜਕ ਅਤੇ ਨਰਮੀ ਦਾ ਵਰਨਣ ਕੀਤਾ ਹੈ। ਕਿਤੇ ਉਹ ਮੌਤ ਨਾਲ ਨਾਚ ਪਿਆ ਕਰਦਾ ਹੈ, ਕਿਧਰੇ ਉਹ ਸੰਸਾਰ ਦਾ ਇਕੋ ਵਾਰੀ ਸਰਬਨਾਸ਼ ਤੀਕ ਕਰਨ ਵਾਸਤੇ ਤੁਲ ਪੈਂਦਾ ਹੈ। ਉਹ ਬਿਜਲੀ ਵਾਂਗੂੰ ਕੜਕਦਾ ਹੈ, ਉਹ ਸੰਗੀਤ ਵਾਂਗੂੰ ਮਿੱਠਾ ਹੈ। ਵਿਧਵਾ, ਗੁਲਾਮ, ਮਜ਼ਲੂਮ, ਗਰੀਬ, ਭੁੱਖੇ ਅਤੇ ਪੀੜਤ ਲੋਕਾਂ ਵਿਚ ਬੈਠਕੇ ਉਹ ਲਗਾਤਾਰ ਰੋਂਦਾ ਰਹਿੰਦਾ ਹੈ। ਇਹੋ ਜਿਹੇ ਵਚਿੱਤਰ ਜੀਵ ਦੀ ਵਚਿੱਤਰ ਮਹਿਮਾ ਦਾ ਵਰਨਣ ਕਰਦਿਆਂ-ਕਰਦਿਆਂ ਅੰਤ ਵਿਚ ਉਹ ਵਿਦ੍ਰੋਹੀ ਦੇ ਮੂੰਹ ਤੋਂ ਕਹਾਉਂਦੇ ਹਨ।

“ਆਮੀ ਵਿਦ੍ਰੋਹੀ ਰਣਭਾਂਤ
ਆਮੀ ਸ਼ੋਈ ਦਿਨ ਹੋਵੇ ਸ਼ਾਂਤ
ਜੋ ਦਿਨ ਪੀੜ ਤੋਰ ਕਰਨ-ਕਰੇਦਨ
ਰੌਲ ਅਕਾਸ਼ੇ ਬਾ ਤਾਸ਼ੇ ਧਵ
ਨਿਬੇਨਾਜੇ ਦਿਨ ਅਤਿਆ ਚਾਰੀਰ ਖੜਗ ਕ੍ਰਿਪਾਨ
ਭੀਮ ਰਣੇ ਰਣਿ ਬੇਨਾ!

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/108