ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/125

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਆਮੀ ਸ਼ੋਈ ਦਿਨ ਹੋਵੇ ਸ਼ਾਂਤ!
ਆਮੀ ਵਿਦ੍ਰੋਹੀ ਰਣ ਕ੍ਰਾਂਤ।”

ਅਰਥਾਤ—ਮੈਂ ਵਿਦ੍ਰੋਹੀ ਹੁਣ ਲੜਾਈ ਤੋਂ ਥੱਕ ਗਿਆ ਹਾਂ ਅਤੇ ਮੈਂ ਵੀ ਉਸੇ ਦਿਨ ਸ਼ਾਂਤ ਹੋ ਜਾਵਾਂਗਾ, ਜਿਸ ਦਿਨ ਕਿਸੇ ਦੁਖੀ ਦੀ ਆਹ ਜਾਂ ਚੀਖ ਪੁਕਾਰ ਅਕਾਸ਼ ਵਿਚ ਜਾ ਕੇ ਅੱਗ ਨਾ ਲਾ ਸਕੇਗੀ, ਜਾਣੀ ਕੋਈ ਦੁੱਖੀ ਨਾ ਰਹੇਗਾ; ਅਤੇ ਜਦੋਂ ਜ਼ਾਲਮਾਂ, ਜਾਬਰਾਂ ਦੀ ਭਿਆਨਕ ਤਲਵਾਰ ਮੈਦਾਨ ਵਿਚ ਚਲਣੋਂ ਬੰਦ ਹੋ ਜਾਵੇਗੀ, ਯਾਨੀ ਬਾਕੀ ਹੀ ਨਾ ਰਹੇਗੀ, ਉਦੋਂ ਅਤੇ ਸਿਰਫ਼ ਓਦੋਂ ਹੀ ਮੈਂ ਸ਼ਾਂਤ ਹੋ ਸਕਾਂਗਾ, ਸ਼ਾਂਤ ਹੋ ਵੀ ਜਾਵਾਂਗਾ।

ਐਸੇ ਵਚਿੱਤਰ ਵਿਦ੍ਰੋਹੀ ਜੀਵ ਜੋ ਸਾਰੇ ਸੰਸਾਰ ਨਾਲ ਮੱਥਾ ਲਾ ਖਲੋਤੇ ਹਨ ਅਤੇ ਆਪਣੇ ਆਪ ਨੂੰ ਬਲਦੀ ਦੇ ਬੁੱਥੇ ਦੇ ਦੇਂਦੇ ਹਨ, ਆਪਣਾ ਸੁੱਖ-ਐਸ਼ ਸਭ ਭੁਲ ਜਾਂਦੇ ਹਨ, ਅਤੇ ਦੁਨੀਆ ਦੇ ਹੁਸਨ ਸ਼ਿੰਗਾਰ ਅਤੇ ਸੁਹੱਪਣ ਵਿਚ ਕੁਝ ਕੁ ਵਾਧਾ ਕਰ ਦਿੰਦੇ ਹਨ ਅਤੇ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਦੁਨੀਆ ਕੁਝ ਤਰੱਕੀ ਕਰਦੀ ਹੈ, ਇਹੋ ਜਿਹੇ ਵੀਰ ਹਰ ਦੇਸ਼ ਵਿਚ ਹਰ ਸਮੇਂ ਹੁੰਦੇ ਹਨ। ਹਿੰਦੋਸਤਾਨ ਵਿਚ ਵੀ ਇਹ ਪੂਜਨੀਕ ਦੇਵਤੇ ਜਨਮ ਲੈਂਦੇ ਰਹੇ ਹਨ, ਲੈ ਰਹੇ ਹਨ ਅਤੇ ਲੈਂਦੇ ਰਹਿਣਗੇ। ਹਿੰਦੋਸਤਾਨ ਵਿਚੋਂ ਵੀ ਪੰਜਾਬ ਨੇ ਐਸੇ ਰਤਨ ਵਧੀਕ ਦਿੱਤੇ ਹਨ। ਵੀਹਵੀਂ ਸਦੀ ਦੇ ਏਹੋ ਜਿਹੇ ਸਭ ਤੋਂ ਪਹਿਲੇ ਸ਼ਹੀਦ ਸ਼੍ਰੀ ਮਦਨ ਲਾਲ ਜੀ ਢੀਂਗਰਾ ਹਨ।

ਉਹ ਕੋਈ ਲੀਡਰ ਤਾਂ ਹੈਨ ਨਹੀਂ ਸੀ ਕਿ ਉਨ੍ਹਾਂ ਦੇ ਜਿਉਂਦਿਆਂ ਜੀ ਉਨ੍ਹਾਂ ਦਾ ਜੀਵਨ ਚਰਿੱਤਰ ਛੱਪ ਕੇ ਦੋ ਦੋ ਆਨੇ ਵਿਚ ਵਿਕ ਜਾਂਦਾ। ਉਹ ਅਵਤਾਰ ਵੀ ਨਹੀਂ ਸਨ ਕਿ ਜਿਓਤਸ਼ਾਂ ਅਤੇ ਰਮਲੀ ਲੋਕਾਂ ਜੋਤਿਸ਼ ਲਾ-ਲਾ ਕੇ ਰੌਲਾ ਪਾ ਦਿੱਤਾ ਹੋਵੇ, ਕਿ ਅਸੀਂ ਪਹਿਲੋਂ ਹੀ ਸਮਝ ਗਏ ਸੀ ਕਿ ਉਹ ਬੜੇ (ਵੱਡੇ) ਆਦਮੀ ਸਨ। ਉਹਨਾਂ ਦੀਆਂ ਕੋਈ ਐਸੀਆਂ ਗੱਲਾਂ ਵੀ ਸਾਨੂੰ ਨਹੀਂ ਪਤਾ ਕਿ ਅਸੀਂ ਲਿਖ ਸਕੀਏ ਕਿ "ਹੋਣਹਾਰ ਬਿਰਵਾਨ ਕੇ ਹੋਣ ਚਿਕਨੇ ਪਾਤ।”

ਉਹ ਗਰੀਬ ਤੇ ਇਕ ਬਦਕਿਸਮਤ ਵਿਦ੍ਰੋਹੀ ਸੀ। ਉਨ੍ਹਾਂ ਦੇ ਪਿਤਾ ਨੇ ਉਸ ਨੂੰ ਆਪਣਾ ਪੁੱਤਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਦੇਸ਼ ਭਗਤ ਤੇ ਝੋਲੀ ਚੁੱਕ ਸਭੇ ਅਖ਼ਬਾਰਾਂ ਅਤੇ ਉਸ ਵੇਲੇ ਦੇ ਗਰਮ ਨੇਤਾ ਬਿਪਨ ਚੰਦਰਪਾਲ ਤੀਕ ਨੇ ਉਹਨਾਂ ਨੂੰ ਰੱਜ ਰੱਜ ਕੇ ਗਾਹਲਾਂ ਕੱਢ ਦਿੱਤੀਆਂ। ਤਾਂ ਦੱਸੋ ਫਿਰ ਉਹਨਾਂ ਦੇ ਹਾਲਾਤ ਅੱਜ ਵੀਹ ਸਾਲ ਪਿੱਛੋਂ ਇਕੱਠੇ ਕਰਨ ਦੀ ਕੋਸ਼ਿਸ਼ ਵਿਚ ਕਿਸੇ ਨੂੰ ਕਿਤਨੀ ਸਫ਼ਲਤਾ ਹੋ ਸਕੇਗੀ।

ਇਹਨਾਂ ਔਕੜਾਂ ਵਿਚ ਅਸੀਂ ਅੱਜ ਉਹਨਾਂ ਦਾ ਜੀਵਨ ਬਿਰਤਾਂਤ ਲਿਖਣ ਬੈਠ ਗਏ ਹਾਂ। ਹੌਲੀ ਹੌਲੀ ਅਸੀਂ ਲੋਕੀਂ ਉਨ੍ਹਾਂ ਦਾ ਨਾਮ ਵੀ ਨਾ ਭੁੱਲ ਜਾਈਏ। ਇਸੇ ਵਿਚਾਰ ਦੀ ਪ੍ਰੇਰਣਾ ਨਾਲ ਅੱਜ ਉਹਨਾਂ ਦੇ ਜਿਹੋ ਜਿਹੇ ਹਾਲਾਤ ਵੀ ਮਿਲ ਸਕਦੇ ਹਨ, ਲੈ ਕ ਪਾਠਕਾਂ ਦੇ ਸਾਹਮਣੇ ਰੱਖ ਰਹੇ ਹਾਂ।

ਆਪ (ਸ਼ਾਇਦ) ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਘਰੋਂ ਸੌਖੇ ਸਨ। ਬੀ.ਏ. ਪਾਸ ਕਰਕੇ ਆਪ ਇੰਗਲੈਂਡ ਪੜ੍ਹਨ ਤੁਰ ਗਏ। ਉਥੇ ਕਿਹਾ ਜਾਂਦਾ ਹੈ ਕਿ ਆਪ ਕੁਝ ਐਸ਼ੋ-ਇਸ਼ਰਤ ਵਿਚ ਫਸ ਗਏ। ਇਹ ਗੱਲ ਕੋਈ ਯਕੀਨ ਨਾਲ ਨਹੀਂ ਕਹੀ ਜਾ ਸਕਦੀ। ਪਰੰਤੂ ਇਹ ਗੱਲ ਕੋਈ ਅਣਹੋਣੀ ਵੀ ਨਹੀਂ। ਉਨ੍ਹਾਂ ਦਾ ਮਨ ਬੜਾ ਰਸਿਕ ਅਤੇ ਭਾਵਕ ਸੀ, ਏਸ ਗੱਲ ਦਾ ਸਬੂਤ ਵੀ ਮਿਲਦਾ ਹੈ। ਇੰਗਲੈਂਡ ਦੇ ਜਸੂਸ ਮਹਿਕਮੇ (Scotland yard) ਨੇ ਇਕ ਪ੍ਰਸਿੱਧ ਜਸੂਸ ਸ਼੍ਰੀ ਈ.ਟੀ. ਵੁੱਡਹਾਲ ਨੇ (union jack) (ਯੂਨੀਅਨ ਜੈਕ) ਨਾਮਕ ਹਫ਼ਤੇਵਾਰੀ ਪੱਤਰ ਵਿਚ ਆਪਣੀ ਡਾਇਰੀ ਛਾਪੀ ਸੀ। ਮਾਰਚ 1925 ਦੇ ਪਰਚੇ ਵਿਚ ਉਹਨਾਂ ਨੇ ਸ਼੍ਰੀ ਮਦਨ ਲਾਲ ਢੀਂਗਰਾ ਜੀ ਦਾ ਹਾਲ ਲਿਖਿਆ ਹੈ। ਇਹ ਜਸੂਸ ਉਨ੍ਹਾਂ ਦੇ ਪਿੱਛੇ ਲਗਾਇਆ ਗਿਆ ਸੀ ਉਹ ਲਿਖਦੇ ਹਨ:

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/109