ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/133

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

25. ਆਜ਼ਾਦੀ ਦੀ ਭੇਟਾ! ਸ਼ਹੀਦੀਆਂ!!
ਦਿੱਲੀ ਕੇਸ ਦੇ ਸ਼ਹੀਦ!

ਪਿਛਲੀ ਵੇਰੀਂ ਅਸੀਂ ਦਿੱਲੀ ਸਾਜ਼ਿਸ਼ ਦਾ ਕੁਝ ਕੁ ਹਾਲ ਭਾਈ ਬਾਲਮੁਕੰਦ ਜੀ ਦੇ ਜੀਵਨ ਦੇ ਨਾਲ ਦਿੱਤਾ ਸੀ। ਭਾਈ ਬਾਲਮੁਕੰਦ ਜੀ ਜੈਸਾ ਕਿ ਪਿਛਲੀ ਵਾਰੀ ਦਸਿਆ ਗਿਆ ਸੀ, ਗ੍ਰਿਫ਼ਤਾਰੀ ਵੇਲੇ ਮਹਾਰਾਜਾ ਜੋਧਪੁਰ ਦੇ ਲੜਕਿਆਂ ਨੂੰ ਪੜ੍ਹਾਉਂਦੇ ਹੁੰਦੇ ਸਨ। ਇਕ ਦਿਨ ਮੋਟਰ ਵਿਚ ਰਾਜਕੁਮਾਰ ਨਾਲ ਬੈਠੇ ਸੈਰ ਨੂੰ ਜਾ ਰਹੇ ਸਨ ਕਿ ਇਕ ਅੰਗਰੇਜ਼ ਅਫਸਰ ਉਹਨਾਂ ਦੀ ਗ੍ਰਿਫ਼ਤਾਰੀ ਦੇ ਵਾਰੰਟ ਲੈ ਕੇ ਪੁਜ ਗਿਆ। ਉਥੋਂ ਹੀ ਗ੍ਰਿਫ਼ਤਾਰ ਕਰ ਲਏ ਗਏ। ਉਥੇ ਆਪ ਦੇ ਘਰ ਦੀ ਤਲਾਸ਼ੀ ਲਈ ਗਈ। ਸਰਕਾਰੀ ਗਵਾਹ ਦੀਨਾ ਨਾਥ ਨੇ ਪਹਿਲੋਂ ਹੀ ਜੋ ਬਿਆਨ ਦਿੱਤਾ ਸੀ, ਉਸ ਦੇ ਮੁਤਾਬਿਕ ਭਾਈ ਬਾਲਮੁਕੰਦ ਹੋਣੀ ਪੰਜਾਬ ਦੇ ਆਗੂ ਚੁਣੇ ਗਏ ਹੋਏ ਸਨ ਅਤੇ ਉਨ੍ਹਾਂ ਨੂੰ ਦੋ ਬੰਬ ਦਿੱਤੇ ਗਏ ਸਨ। ਦੀਨਾ ਨਾਥ ਦੇ ਕਹੇ ਅਨੁਸਾਰ ਉਹ ਦੋ ਬੰਬ ਭਾਈ ਬਾਲਮੁਕੰਦ ਹੋਰਾਂ ਕੋਲ ਹੀ ਸਨ। ਕਿਸੇ ਮੋੜਕੇ ਨਹੀਂ ਸਨ ਲਏ। ਇਸੇ ਖ਼ਿਆਲ ਨਾਲ ਉਨ੍ਹਾਂ ਦੀ ਤਲਾਸ਼ੀ ਹੋਈ। ਸਾਰਾ ਘਰ ਲੱਕ ਲੱਕ ਤੀਕ ਪੁੱਟਿਆ ਗਿਆ। ਛੱਤਾਂ ਉਧੇੜ ਸੁਟੀਆਂ ਗਈਆਂ ਪਰ ਬੰਬ ਨਾ ਮਿਲੇ। ਖ਼ੈਰ! ਉਨ੍ਹਾਂ ਦੇ ਪਾਸੋਂ ਕੋਈ ਕਾਗਜ਼ ਪੱਤਰ ਵੀ ਐਸਾ ਨਾ ਮਿਲਿਆ, ਜਿਸ ਤੋਂ ਕੋਈ ਖ਼ਾਸ ਸਬੂਤ ਮਿਲ ਸਕਦਾ। ਪਰ ਫੇਰ ਵੀ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਮਿਲੀ। ਭਾਈ ਬਾਲਮੁਕੰਦ ਹੋਰੀਂ ਪਹਿਲੋਂ ਲਾਲਾ ਲਾਜਪਤ ਰਾਏ ਦੇ ਅਛੂਤਾਂ ਦੇ ਪ੍ਰੋਗਰਾਮ ਵਿਚ ਕੰਮ ਕਰਦੇ ਰਹੇ ਸਨ ਅਤੇ ਪਹਾੜਾਂ ਵਿਚ ਜਿਥੇ ਕਿ ਛੂਤ ਛਾਤ ਬਹੁਤ ਮੰਨੀ ਜਾਂਦੀ ਹੈ, ਉਥੇ ਉਹ ਪ੍ਰਚਾਰ ਕਰਨ ਨਿਕਲ ਗਏ ਸਨ, ਉਥੇ ਦੇ ਉਨ੍ਹਾਂ ਦੇ ਸਾਥੀ ਉਨ੍ਹਾਂ ਦੀ ਕਾਬਲੀਅਤ ਦੀ ਬੜੀ ਤਾਰੀਫ਼ ਕਰਦੇ ਹਨ!

ਮਾਸਟਰ ਅਮੀਰ ਚੰਦ ਜੀ

ਇਸ ਕੇਸ ਵਿਚ ਚਾਰ ਆਦਮੀਆਂ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ। ਉਨ੍ਹਾਂ ਵਿਚੋਂ ਮਾਸਟਰ ਅਮੀਰ ਚੰਦ ਜੀ ਕੋਈ 50 ਸਾਲ ਦੀ ਉਮਰ ਦੇ ਸਨ ਤੇ ਬੜੇ ਲਾਇਕ ਤੇ ਕਾਬਲ ਆਦਮੀ ਸਨ। ਆਪ ਦਿੱਲੀ ਦੇ ਰਹਿਣ ਵਾਲੇ ਸਨ। ਬੜੀ ਉੱਚੀ ਤਾਲੀਮ ਸੀ। ਬੜੇ ਧਰਮਾਤਮਾ ਸਨ। ਮਿਸ਼ਨ ਸਕੂਲ ਦਿੱਲੀ ਵਿਚ ਪੜ੍ਹਾਉਂਦੇ ਸਨ। ਆਪ ਦੇ ਦਿਲ ਵਿਚ ਹਿੰਦੋਸਤਾਨ ਦੀ ਉਨਤੀ ਦਾ ਬਹੁਤ ਖ਼ਿਆਲ ਸੀ। ਆਪ ਉਰਦੂ ਅਤੇ ਅੰਗਰੇਜ਼ੀ ਦੇ ਬੜੇ ਚੰਗੇ ਲਿਖਾਰੀ ਸਨ। ਪਹਿਲੋਂ ਜਦੋਂ ਸਵਾਮੀ ਰਾਮ ਤੀਰਥ ਪੰਜਾਬ ਵਿਚ ਆਏ ਤਦੋਂ ਆਪ ਨੇ ਉਨ੍ਹਾਂ ਦੇ ਧਾਰਮਕ ਅਤੇ ਦੇਸ਼ ਭਗਤਾਂ ਪੂਰਨ ਖ਼ਿਆਲਾਂ ਦਾ ਪ੍ਰਚਾਰ ਬੜੇ ਜ਼ੋਰਾਂ ਨਾਲ ਕੀਤਾ ਅਤੇ ਆਪ ਨੇ “ਖਤੂਤੇ-ਰਾਮ" ਆਦਿਕ ਕਈ ਪੁਸਤਕਾਂ ਛਪਵਾਈਆਂ, ਬਾਅਦ ਵਿਚ ਲਾਲਾ ਹਰਦਿਆਲ ਜੀ ਐੱਮ.ਏ. ਆਪਣਾ ਵਜ਼ੀਫ਼ਾ ਛੱਡ ਕੇ ਵਲੈਤੋਂ ਅੰਗਰੇਜ਼ੀ ਤਾਲੀਮ ਦਾ ਬਾਈਕਾਟ ਕਰਕੇ ਹਿੰਦੋਸਤਾਨ ਮੁੜ ਆਏ। ਆਪ ਨੇ ਇਥੇ ਆ ਕੇ ਇਕ ਤਰ੍ਹਾਂ ਦੇ ਸੰਨਿਆਸੀ ਵਾਲੰਟੀਅਰ ਪੈਦਾ ਕਰਨ ਦਾ ਖ਼ਿਆਲ ਕੀਤਾ ਅਤੇ ਉਨ੍ਹਾਂ ਬਹੁਤ ਸਾਰੇ ਵਿਦਿਆਰਥੀਆਂ ਦੀ ਤਾਲੀਮ ਛੁੜਾਈ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਸੰਨਿਆਸੀ ਜੀਵਨ ਬਤਾਉਣ ਲੱਗ ਪਏ। 1908 ਦੇ ਅਖ਼ੀਰ ਵਿਚ ਹੀ ਲਾਲਾ ਹਰਦਿਆਲ ਨੂੰ ਹਿੰਦੋਸਤਾਨ ਛੱਡ ਕੇ ਟੁਰ ਜਾਣਾ ਪਿਆ। ਸਰਕਾਰ ਕਹਿੰਦੀ ਹੈ ਕਿ ਜਦੋਂ ਉਹ ਜਾਣ ਲੱਗੇ ਤਦੋਂ ਉਹਨਾਂ ਆਪਣੇ ਸ਼ਾਗਿਰਦ ਮਾਸਟਰ ਅਮੀਰ ਚੰਦ ਦੇ ਸਪੁਰਦ ਕਰ ਦਿੱਤੇ। ਜਿਨ੍ਹਾਂ ਕਿ ਉਨ੍ਹਾਂ ਦੀ ਤਾਲੀਮ ਜਾਰੀ ਰੱਖੀ। ਪਹਿਲੋਂ ਪਹਿਲ ਦੀਨਾ ਨਾਥ ਅਤੇ ਜਿਤੈਵਰ ਨਾਥ ਚੈਟਰਜੀ ਉਨ੍ਹਾਂ ਦੇ ਪਾਸ ਗਏ। ਬਾਅਦ ਵਿਚ ਅਵਧ ਬਿਹਾਰੀ ਵਗੈਰਾ ਨਾਲ ਉਨ੍ਹਾਂ ਦਾ ਤੁਆਰੁਫ਼ ਹੋਇਆ। ਮਗਰ ਅਸਲ ਵਿਚ ਤਾਂ ਅਵਧ ਬਿਹਾਰੀ ਹੋਰੀਂ ਪਹਿਲੋਂ ਹੀ ਦਿੱਲੀ ਦੇ ਰਹਿਣ ਵਾਲੇ ਸਨ ਅਤੇ ਪਹਿਲੋਂ ਦੇ ਹੀ ਵਾਕਿਫ਼ ਸਨ ਖ਼ੈਰ!

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/117