ਮਾਸਟਰ ਅਮੀਰ ਚੰਦ ਬੜੇ ਜ਼ਿੰਦਾ ਦਿਲ, ਬੜੇ ਨੇਕ ਦਿਲ ਅਤੇ ਕੱਟੜ ਆਜ਼ਾਦੀ ਪਰਸਤ ਸਨ। ਆਪ ਕਿਹਾ ਕਰਦੇ ਸਨ। ਦਿੱਲੀ ਵਿਚ “ਬੇਦਰ ਮਾਸਟਰ” ਦਾ ਘਰ ਪੁੱਛਿਆ ਹੀ ਮੇਰਾ ਪਤਾ ਮਿਲ ਜਾਵੇਗਾ।
ਦਿੱਲੀ ਵਿਚ ਵਾਇਸਰਾਏ 'ਤੇ ਬੰਬ ਚਲ ਗਿਆ। ਪਰ ਸਰਕਾਰ ਹੱਥ ਮਲਦੀ ਰਹਿ ਗਈ। ਕੁਝ ਵੀ ਪਤਾ ਨਾ ਲੱਗਾ। ਮੁੜ ਇਕ ਬੰਬ ਲਾਹੌਰ ਲਾਰੇਂਸ ਗਾਰਡਨ ਵਿਚ ਚੱਲ ਗਿਆਂ। ਪਰ ਉਸਦਾ ਵੀ ਕੁਝ ਪਤਾ ਨਾ ਲੱਗਾ। ਆਖੀਰ ਰਾਜਾ ਬਾਜ਼ਾਰ ਕਲਕੱਤੇ ਦੀ ਤਲਾਸ਼ੀ ਵਿਚ ਸ਼੍ਰੀ ਅਵਧ ਬਿਹਾਰੀ ਹੋਰਾਂ ਦਾ ਪਤਾ ਅਤੇ ਨਾਮ ਨਿਕਲ ਆਇਆ। ਮਾਸਟਰ ਅਮੀਰ ਚੰਦ ਹੋਰਾਂ ਵੱਲ ਪਹਿਲੇ ਹੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਅਵਧ ਬਿਹਾਰੀ ਉਨ੍ਹਾਂ ਪਾਸ ਹੀ ਰਹਿੰਦੇ ਸਨ।
ਇਕ ਦਿਨ ਅਵਧ ਬਿਹਾਰੀ ਹੋਰਾਂ ਦੀ ਤਲਾਸ਼ੀ ਹੋਈ, ਬੰਬ ਦੀ ਟੋਪੀ ਮਿਲ ਗਈ ਅਤੇ ਇਕ ਖ਼ਤ ਲਾਹੌਰ ਦਾ ਮਿਲ ਗਿਆ ਜਿਸ 'ਤੇ ਕਿ ਮੇਹਰ ਸਿੰਘ ਵੱਲੋਂ ਐੱਮ.ਐਸ.ਆਈ. ਦਸਤਖਤ ਕੀਤੇ ਗਏ ਸਨ। ਪੁੱਛਣ 'ਤੇ ਆਪ ਨੇ ਦੱਸ ਦਿੱਤਾ, ਕਿ ਇਹ ਖ਼ਤ ਦੀਨਾ ਨਾਥ ਵੱਲੋਂ ਹੈ। ਦੀਨਾ ਨਾਥ ਦੀ ਗਿ੍ਫ਼ਤਾਰੀ ਹੋ ਗਈ। ਉਹ ਫੁੱਟ ਪਿਆ ਅਤੇ ਉਸ ਸਾਰਾ ਭੇਦ ਖੋਲ੍ਹ ਦਿੱਤਾ। ਉਸ ਨੇ ਦਸਿਆ ਕਿ ਲਾਰੇਂਸ ਗਾਰਡਨ ਦਾ ਬੰਬ ਸ਼੍ਰੀ ਅਵਧ ਬਿਹਾਰੀ ਅਤੇ ਬਸੰਤ ਕੁਮਾਰ ਹੋਰਾਂ ਰੱਖਿਆ ਸੀ। ਖ਼ੈਰ ਮੁਕੱਦਮਾ ਚੱਲਿਆ।
ਮਾਸਟਰ ਅਮੀਰ ਚੰਦ ਹੋਰਾਂ ਆਪਣੇ ਭਤੀਜੇ ਸੁਲਤਾਨ ਚੰਦ ਨੂੰ ਮੁਤਬੰਨਾ ਬਣਾਇਆ ਹੋਇਆ ਸੀ। ਆਪਣੇ ਪੁੱਤਰਾਂ ਵਰਗਾ ਪਿਆਰ ਕਰਦੇ ਸਨ, ਅਤੇ ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਸਿੱਖਿਆ ਦੇਂਦੇ ਸਨ। ਦੇਸ਼ ਭਗਤ ਬਣੌਣਾ ਚਾਹੁੰਦੇ ਸਨ। ਆਪ ਤੇ ਮੁਕੱਦਮਾ ਚੱਲਿਆ। ਉਹੀ ਪੁੱਤ ਆਪ ਦੇ ਉਲਟ ਗਵਾਹ ਬਣ ਗਿਆ। ਜ਼ਰਾ ਖ਼ਿਆਲ ਕਰੋ, ਬਚਾਰੇ ਮਾਸਟਰ ਅਮੀਰ ਚੰਦ ਜੀ ਦਾ, ਜਿਸ ਨੂੰ ਆਪਣਾ ਪੁੱਤਰ ਬਣਾਇਆ ਹੋਇਆ ਸੀ, ਉਹੋ ਹੀ ਸਰਕਾਰੀ ਗਵਾਹ ਬਣ ਕੇ ਅਦਾਲਤ ਵਿਚ ਆਪ ਦੇ ਵਿਰੁੱਧ ਗਵਾਹੀ ਦੇ ਰਿਹਾ ਹੈ। ਕੇਡੀ ਦਰਦਨਾਕ ਗੱਲ ਹੈ। ਅੱਜ ਜਦੋਂ ਮੁਸੀਬਤ ਦਾ ਵੇਲਾ ਆਇਆ ਆਪਣਾ ਦਿਲ ਦਾ ਟੁਕੜਾ ਆਪਣਾ ਪੁੱਤਰ ਵੀ ਸਾਥ ਨਾ ਦੇ ਸਕਿਆ। ਉਰਦੂ ਦੇ ਇਕ ਸ਼ਾਇਰ ਨੇ ਕਿਆ ਖੂਬ ਕਿਹਾ ਹੈ:
ਬਾਗ਼ਬਾਂ ਨੇ ਜਬ ਆਗ ਦੀ
ਆਸ਼ਿਯਾਨੇ ਕੋ ਮੇਰੇ।
ਜਿਨ ਪੈ ਤਕੀਆ ਥਾ,
ਵਹੀ ਪੱਤੇ ਹਵਾ ਦੇਨੇ ਲਗੇ।
ਮੁਕੱਦਮਾ ਚਲਦਾ ਰਿਹਾ। ਗਵਾਹ ਭੁਗਤਦੇ ਰਹੇ। ਸਬੂਤ ਮਿਲਿਆ ਕਿ ਉਹ ਇਕ ਸਾਜ਼ਿਸ਼ ਦਾ ਮੈਂਬਰ ਹੈ ਸੀ ਅਤੇ ਚੁੰਕਿ ਉਹ ਬੜਾ ਲਾਇਕ ਤੇ ਸਿਆਣਾ ਹੈਸੀ, ਇਸ ਕਰਕੇ ਉਹ ਕਤਲ ਵਗੈਰਾ ਕਰਨ ਵਾਲੀ ਸਾਜ਼ਿਸ਼ ਲਈ ਬਹੁਤ ਨੌਜਵਾਨਾਂ ਨੂੰ ਵਰਗਲਾ ਸਕਦਾ ਹੈ ਅਤੇ :
"One who spent his life furthering murderous schemes which he was too timid to carry out himself."
ਜਿਸ ਨੇ ਕਤਲ ਦਾ ਪ੍ਰਚਾਰ ਕਰਨ ਵਿਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਦਿੱਤੀ, ਜਿਸ ਦੇ ਕਿ ਉਹ ਆਪ ਕਾਇਲ ਨਹੀਂ ਸੀ।
ਉਨ੍ਹਾਂ ਦਿਨਾਂ ਵਿਚ ਰਾਜ ਪਲਟਾਊ ਪਾਰਟੀ ਵਲੋਂ “Liberty” “ਆਜ਼ਾਦੀ” ਨਾਮ ਦਾ ਇਕ ਪਰਚਾ ਵੰਡਿਆ ਜਾਂਦਾ ਹੁੰਦਾ ਸੀ। ਇਕ ਪਰਚੇ ਦਾ ਮਸੌਦਾ ਮਾਸਟਰ ਹੋਰਾਂ ਦੇ ਹੱਥ ਦਾ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/118