ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/138

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦਾ ਨਾਮ ਵੀ ਬੜਾ ਮਸ਼ਹੂਰ ਹੋਵੇਗਾ। ਇਸ ਕਰਕੇ ਉਸ ਵੇਲੇ ਆਪ ਦਾ ਨਾਮ ਸ਼੍ਰੀ ਭੀਮ ਸੈਨ ਰੱਖਿਆ ਗਿਆ। ਪਰ ਬਾਦ ਵਿਚ ਆਪ ਸ਼੍ਰੀ ਖੁਸ਼ੀ ਰਾਮ ਦੇ ਨਾਮ ਤੋਂ ਹੀ ਪ੍ਰਸਿੱਧ ਹੋਏ। ਆਪ ਅਜੇ ਬਿਲਕੁਲ ਛੋਟੀ ਉਮਰ ਵਿਚ ਹੀ ਸਨ ਕਿ ਜਦੋਂ ਆਪ ਦੇ ਪਿਤਾ ਚਲਾਣਾ ਕਰ ਗਏ। ਆਪ ਦਾ ਘਰਾਣਾ ਬਹੁਤ ਗਰੀਬ ਸੀ ਪਰ ਆਪ ਦੀ ਪਾਲਣਾ ਪੋਸਣਾ ਲਾਹੌਰ ਨਵਾਂ ਕੋਟ ਯਤੀਮ ਖ਼ਾਨਾ ਵਿਚ ਹੋਈ ਸੀ। ਉਥੇ ਹੀ ਪਹਿਲੋਂ ਪਹਿਲ ਆਪ ਦੀ ਤਾਲੀਮ ਸ਼ੁਰੂ ਹੋਈ ਸੀ। ਵਕਤ ਲੰਘਦਾ ਚਲਿਆ ਗਿਆ। ਫੇਰ ਆਪ ਡੀ.ਏ.ਵੀ. ਕਾਲਜ ਲਾਹੌਰ ਵਿਚ ਪੜ੍ਹਨ ਲੱਗ ਪਏ। 1919 ਵਿਚ 19 ਵਰਸ਼ਾਂ ਦੀ ਉਮਰ ਵਿਚ ਆਪਨੇ ਪੰਜਾਬ ਯੂਨੀਵਰਸਿਟੀ ਵਿਚ ਸ਼ਾਸਤਰੀ ਦੀ ਪ੍ਰੀਖਿਆ ਦਿੱਤੀ ਸੀ ਤੇ ਛੁੱਟੀਆਂ ਕੱਟਣ ਲਈ ਆਪ ਹੋਰੀਂ ਜੰਮੂ ਚਲੇ ਗਏ।

ਸੁਣਿਆਂ ਤੀਹ ਮਾਰਚ ਦੇ ਬਾਦ ਮਹਾਤਮਾ ਗਾਂਧੀ ਜੀ ਨੇ ਆਗਿਆ ਦਿੱਤੀ ਹੈ ਕਿ 3 ਅਪ੍ਰੈਲ ਨੂੰ ਮੁਲਕ ਭਰ ਵਿਚ ਹੜਤਾਲ ਕੀਤੀ ਜਾਵੇ ਅਤੇ ਜਲਸੇ ਤੇ ਜਲੂਸ ਕੱਢੇ ਜਾਣ। ਆਪ ਹੋਰੀਂ ਲਾਹੌਰ ਆ ਪੁੱਜੇ, ਆ ਕੇ ਹਰ ਤਰ੍ਹਾਂ ਕੰਮ ਨੂੰ ਕਾਮਯਾਬ ਕਰਨ ਦਾ ਯਤਨ ਕਰਨ ਲੱਗ ਪਏ। ਕਾਲਜਾਂ ਦੇ ਲੜਕਿਆਂ ਦੇ ਨੰਗੇ ਸਿਰ ਬੜੇ-ਬੜੇ ਜਲੂਸ, ‘ਹਾਏ ਹਾਏ ਰੋਲਟ ਐਕਟ' ਕਹਿੰਦੇ ਹੋਏ ਨਿਕਲਦੇ ਸਨ। ਇਹ ਸਭ ਆਪ ਦੇ ਹੀ ਯਤਨ ਦਾ ਨਤੀਜਾ ਸੀ। ਦੋ ਚਾਰ ਦਿਨ ਬੜੀ ਰੌਣਕ ਵਧੀ।

12 ਅਪਰੈਲ ਨੂੰ ਬਾਦਸ਼ਾਹੀ ਮਸਜਿਦ ਲਾਹੌਰ ਵਿਚ ਜਲਸਾ ਹੋਇਆ। ਖਲਕਤ ਦਾ ਕੋਈ ਸ਼ੁਮਾਰ ਨਹੀਂ ਸੀ। ਹਜ਼ਾਰਾਂ ਆਦਮੀ ਸਨ। ਗਰਮ-ਗਰਮ ਲੈਕਚਰ ਹੋਏ। ਧੂੰਆਂਧਾਰ ਤਕਰੀਰਾਂ ਹੋਈਆਂ: ਜਲਸੇ ਤੋਂ ਬਾਅਦ ਜਲੂਸ ਬਣਾ ਕੇ ਉਹ ਲੋਕੀਂ ਸ਼ਹਿਰ ਨੂੰ ਚੱਲ ਪਏ। ਹੀਰਾ ਮੰਡੀ ਵਿਚ ਜਦੋਂ ਪੁੱਜੇ ਅਤੇ ਸ਼ਹਿਰ ਵਿਚ ਘੁਸਣ ਲੱਗੇ, ਓਸੇ ਵੇਲੇ ਨਵਾਬ ਮੁਹੰਮਦ ਅਲੀ ਫ਼ੌਜ ਲਈ ਅੱਗੇ ਖਲੋਤਾ ਸੀ। ਉਸ ਹੁਕਮ ਦਿੱਤਾ ਕਿ ਜਲੂਸ ਮੁੰਤਸ਼ਿਰ ਕਰ ਦਿਓ ਪਰ ਉਹ ਦਿਨ ਬੜੇ ਅਜੀਬ ਸਨ, ਸ਼੍ਰੀ ਖੁਸ਼ੀ ਰਾਮ ਹੋਰੀ ਅੱਗੇ-ਅੱਗੇ ਝੰਡਾ ਲਈ ਜਾ ਰਹੇ ਸਨ। ਕਿਹਾ, “ਇਹ ਜਲੂਸ ਕਦੀ ਵੀ ਵਾਪਸ ਨਹੀਂ ਜਾ ਸਕਦਾ ਅਤੇ ਜਲੂਸ ਦੀ ਸ਼ਕਲ ਵਿਚ ਹੀ ਸ਼ਹਿਰ ਵਿਚ ਘੁਸੇਗਾ। ਨਵਾਬ ਨੇ ਹਵਾ ਵਿਚ ਗੋਲੀ ਚਲਾ ਦਿੱਤੀ। ਲੋਕੀਂ ਭੱਜ ਵਗੇ। ਸ਼ੇਰ ਮਰਦ ਲਾਲਾ ਖੁਸ਼ੀ ਰਾਮ ਨੇ ਗੱਜ ਕੇ ਇਕ ਵਾਰੀ ਤਾਂ ਲੋਕਾਂ ਦੀ ਖੂਬ ਲਾਹਨਤ ਮੁਲਾਮਤ ਕੀਤੀ। ਕਿਹਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਗਿੱਦੜਾਂ ਵਾਂਗੂੰ ਭੱਜਦੇ ਹੋ।' ਲੋਕੀਂ ਇਕੱਠੇ ਹੋ ਗਏ। ਲਾਲਾ ਖ਼ੁਸ਼ੀ ਰਾਮ ਅੱਗੇ-ਅੱਗੇ ਜਾ ਰਹੇ ਸਨ ਨਵਾਬ ਨੇ ਫੇਰ ਗੋਲੀ ਚਲਾਈ। ਐਤਕਾਂ ਹਵਾ ਵਿਚ ਗੋਲੀ ਨਹੀ ਚਲਾਈ ਬਲਕਿ ਮਹਾਸ਼ਯ ਖੁਸ਼ੀ ਰਾਮ ਹੋਰਾਂ ਦੀ ਛਾਤੀ ਵਿਚ ਲੱਗੀ। ਇਕ ਗੋਲੀ ਲੱਗੀ ਆਪ ਜ਼ਖ਼ਮੀ ਸ਼ੇਰ ਵਾਂਗੂੰ ਝਪਟ ਕੇ ਅਗਾਂਹ ਵਧੇ। ਹੋਰ ਗੋਲੀ ਲੱਗੀ ਅਤੇ ਆਪ ਹੋਰ ਅਗਾਂਹ ਵਧੇ। ਇਕ-ਇਕ ਕਰਕੇ ਸੱਤ ਗੋਲੀਆਂ ਛਾਤੀ ਵਿਚ ਲੱਗੀਆਂ ਪਰ ਖੁਸ਼ੀ ਰਾਮ ਹੋਰਾਂ ਦਾ ਕਦਮ ਅੱਗੇ ਹੀ ਵੱਧਦਾ ਚਲਾ ਗਿਆ। ਆਖ਼ਿਰ ਅੱਠਵੀਂ ਗੋਲੀ ਮੱਥੇ ਦੇ ਸੱਜੇ ਪਾਸੇ ਤੇ ਨਾਂਵੀਂ ਖੱਬੇ ਪਾਸੇ ਆ ਲੱਗੀ। ਸ਼ੇਰ ਤੜਪ ਕੇ ਡਿੱਗ ਪਿਆ ਖੁਸ਼ੀ ਰਾਮ ਸਦਾ ਲਈ ਸੌਂ ਗਿਆ ਪਰ ਅੱਜ ਉਸਦਾ ਨਾਮ ਜ਼ਿੰਦਾ ਹੈ। ਉਸਦੀ ਬਹਾਦਰੀ ਅਤੇ ਹਿੰਮਤ ਅੱਜ ਵੀ ਉਸੇ ਤਰ੍ਹਾਂ ਤਾਜ਼ਾ ਹਨ। ਖੈਰ!

ਆਪ ਦੀ ਲਾਸ਼ ਦਾ ਬੜਾ ਭਾਗੇ ਜਲੂਸ ਨਿਕਲਿਆ। ਆਮ ਖ਼ਿਆਲ ਕੀਤਾ ਜਾਂਦਾ ਹੈ ਕਿ ਘੱਟੋ ਘੱਟ ਪੰਜਾਹ ਹਜ਼ਾਰ ਆਦਮੀ ਇਸ ਜਲੂਸ ਵਿਚ ਸ਼ਾਮਲ ਸਨ।

ਇਸ ਤਰ੍ਹਾਂ ਉਸ ਵੀਰ ਨੇ ਆਪਣੀ ਅਤੇ ਕੌਮ ਦੀ ਅਣਖ ਤੇ ਜਾਨ ਦੀ ਬਾਜ਼ੀ ਲਗਾ ਦਿੱਤੀ ਅਤੇ ਆਪਣਾ ਨਾਮ ਅਮਰ ਕਰ ਗਿਆ। ਕੁਝ ਸਾਲ ਬਾਦ ਇਕ ਕਵੀ ਨੇ ਇਕ ਬੜੀ ਦਰਦ ਭਰੀ ਕਵਿਤਾ ਲਿਖੀ ਸੀ। ਜਿਸਦਾ ਕਿ ਮਿਸਰਾ ਇਉਂ ਹੈ:

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/122