ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/139

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਹਾਏ! ਖੁਸ਼ੀ ਰਾਮ ਕੀ ਬਰਸੀ ਮਨਾਈ ਨਾ ਗਈ।
ਕਿਆ ਖੁਸ਼ੀ ਰਾਮ ਕੀ ਮੌਤ ਹੋ ਹਮ ਭੂਲ ਗਏ,
ਉਸ ਕੇ ਮਕਸਦ ਪੈ ਚੜਾਨੇ ਕੋ ਹਮ ਭੂਲ ਗਏ।

☆☆☆

27. ਆਜ਼ਾਦੀ ਦੀ ਲੜਾਈ ਵਿਚ—ਪੰਜਾਬ ਦਾ ਪਹਿਲਾ ਉਭਾਰ

[ਆਜ਼ਾਦੀ ਦੀ ਲੜਾਈ ਵਿਚ ਪੰਜਾਬ ਦੇ ਹਿੱਸੇ ਤੋਂ ਲੋਕਾਂ ਨੂੰ ਜਾਣੂ ਕਰਾਉਣ ਦਾ ਯਤਨ ਉਨ੍ਹਾਂ ਨੇ ਲਗਾਤਾਰ ਜਾਰੀ ਰੱਖਿਆ। ਜੇਲ੍ਹ ਵਿਚ ਵੀ ਇਸੇ ਬਾਰੇ ਲੇਖ ਲਿਖੇ ਜੋ ‘ਪੀਪਲ’ ਲਾਹੌਰ ਅਤੇ ਬੰਦੇ ਮਾਤਰਮ ਲਾਹੌਰ ਨੇ 1931 ਵਿਚ ਛਾਪੇ।

ਪੰਜਾਬ ਦੀ ਰਾਜਨੀਤਿਕ ਤੇ ਸਾਹਿਤਕ ਪਿਛੜੇਪਣ ਦੀ ਚਿੰਤਾ ਉਹ ਹਮੇਸ਼ਾ ਕਰਦੇ ਰਹੇ। ਉਸ ਵੇਲੇ ਇਹ ਲੇਖ ਲਿਖਿਆ ਗਿਆ। ਉਹ ਲਿਖਦੇ ਹਨ ਕਿ ‘ਰਾਜਨੀਤਿਕ ਖੇਤਰ ਵਿਚ ਪੰਜਾਬ ਸਭ ਤੋਂ ਪਿੱਛੇ ਹੈ। ਇਸਦਾ ਕਾਰਨ ਸਿਰਫ ਇਹ ਹੈ ਕਿ ਰਾਜਨੀਤਿਕ ਅੰਦੋਲਨ ਇਥੋਂ ਦੀ ਜਨਤਾ ਦੇ ਵਿਅਕਤੀਗਤ ਜੀਵਨ ਦਾ ਇਕ ਜ਼ਰੂਰੀ ਅੰਗ ਨਹੀਂ ਬਣ ਸਕਿਆ। ਸਾਹਿਤਕ ਖੇਤਰ ਵਿਚ ਵੀ ਇਸ ਸੂਬੇ ਨੇ ਕੋਈ ਵਰਨਣਯੋਗ ਥਾਂ ਹਾਸਲ ਨਹੀਂ ਕੀਤੀ। ਬੁੱਧੀਜੀਵੀ ਵਰਗ ਲਈ ਉਸ ਸਮੇਂ ਤਕ (ਓਡਵਾਇਰ ਨੇ 1925 ਵਿਚ ਕਿਤਾਬ ਲਿਖਣ ਵੇਲੇ ਤਕ) ਦੇਸ਼ ਦੀ ਆਜ਼ਾਦੀ ਦਾ ਸਵਾਲ ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਣ ਨਹੀਂ ਬਣਿਆ ਸੀ।” ਅੱਗੇ ਲਿਖਦੇ ਹਨ “ਆਪਣੇ ਸੂਬੇ ਦੀ ਇਸ ਘਾਟ ਵੱਲ ਧਿਆਨ ਖਿਚਣਾ ਹੀ ਇਨ੍ਹਾਂ ਲੇਖਾਂ ਦਾ ਉਦੇਸ਼ ਹੈ।”

ਪੰਜਾਬ ਦੀ ਜਾਗ੍ਰਿਤੀ ਤੇ ਭਗਤ ਸਿੰਘ ਦੀ ਇਕ ਇਤਿਹਾਸਕ ਦ੍ਰਿਸ਼ਟੀ ਏਥੇ ਨਾਲ ਹੀ ਪੇਸ਼ ਕਰ ਰਹੇ ਹਾਂ।

—ਸੰਪਾਦਕ]

(ਸ਼ਹੀਦ ਭਗਤ ਸਿੰਘ ਨੇ ਜੇਲ੍ਹ ਵਿਚ ਬਹੁਤ ਕੁਝ ਲਿਖਿਆ ਸੀ। ਉਹਨਾਂ ਵਿਚ ਇਕ ਪੰਜਾਬ ਦੀ ਰਾਜਨੀਤਿਕ ਜਾਗ੍ਰਿਤੀ ਦਾ ਇਤਿਹਾਸ ਸੀ। ਜਿਸਦਾ ਹੇਠ ਲਿਖਿਆ ਹਿੱਸਾ 1931 ਵਿਚ ਲਾਹੌਰ ਦੇ ਰੋਜ਼ਾਨਾ ਅਖ਼ਬਾਰ ‘ਪੀਪਲ’ ਵਿਚ ਲੜੀਵਾਰ ਛਪਿਆ ਸੀ। ਇਹ ਉਰਦੂ ਅਨੁਵਾਦ ਦਾ ਪੰਜਾਬੀ ਰੂਪ ਹੈ-ਸੰਪਾਦਕ)

ਪੰਜਾਬ ਦੇ ਭੂਤ-ਪੂਰਵ ਗਵਰਨਰ ਸਰ ਮਾਈਕਲ ਓਡਵਾਇਰ ਨੇ ਆਪਣੀ ਪੁਸਤਕ “India as I saw” (ਭਾਰਤ ਜਿਵੇਂ ਮੈਂ ਡਿੱਠਾ) ਵਿਚ ਇਕ ਕੌੜੀ ਤੇ ਝੂਠੀ ਪਰ ਨਾਲ ਹੀ ਅਤਿਅੰਤ ਮਹੱਤਵਪੂਰਨ ਸੱਚਾਈ ਨੂੰ ਪ੍ਰਗਟ ਕੀਤਾ ਹੈ। ਜਦ ਕਿ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਰਾਜਨੀਤਿਕ ਹਲਚਲਾਂ ਵਿਚ ਸਭ ਤੋਂ ਪਿੱਛੇ ਹੈ। ਪੰਜਾਬ ਦੇ ਰਾਜਨੀਤਿਕ ਅੰਦੋਲਨਾਂ ਦਾ, ਜਿਨ੍ਹਾਂ ਨੂੰ ਥੋੜ੍ਹਾ ਬਹੁਤ ਗਿਆਨ ਹੈ, ਉਹ ਇਸ ਸਚਾਈ ਨੂੰ ਭਲੀ ਪ੍ਰਕਾਰ ਸਮਝ ਸਕਦੇ ਹਨ।

ਅੱਜ ਤਕ ਦਾ ਇਤਿਹਾਸ ਫੋਲੀਏ ਤਾਂ ਪਤਾ ਲੱਗਦਾ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਇਸ ਸੂਬੇ ਨੇ ਹੀ ਕੀਤੀਆਂ ਹਨ। ਇਸ ਲਈ ਬੜੀਆਂ-ਬੜੀਆਂ ਮੁਸੀਬਤਾਂ ਇਸ ਸੂਬੇ ਦੀ ਜਨਤਾ ਨੂੰ ਸਹਿਣ ਕਰਨੀਆਂ ਪਈਆਂ ਹਨ। ਰਾਜਨੀਤਿਕ, ਧਾਰਮਿਕ ਆਦਿ ਅੰਦੋਲਨਾਂ ਵਿਚ ਪੰਜਾਬ ਭਾਰਤ ਦੇ ਦੂਸਰੇ ਸੂਬਿਆਂ ਨਾਲੋਂ ਅੱਗੇ ਰਿਹਾ ਹੈ ਅਤੇ ਦੇਸ਼ ਲਈ ਜਾਨ ਅਤੇ ਮਾਲ ਦੀ ਕੁਰਬਾਨੀ ਸਭ ਤੋਂ ਵੱਧ ਇਸੇ ਸੂਬੇ ਦੇ ਲੋਕਾਂ ਨੇ ਕੀਤੀ ਹੈ। ਪਰ ਫਿਰ ਵੀ ਸਾਨੂੰ ਸਿਰ ਝੁਕਾ ਕੇ ਇਹ ਮੰਨਣਾ ਪੈਂਦਾ ਹੈ ਕਿ ਰਾਜਨੀਤਿਕ ਖੇਤਰ ਵਿਚ ਪੰਜਾਬ ਸਭ ਤੋਂ ਪਿੱਛੇ ਹੈ।

ਇਸ ਦਾ ਕਾਰਨ ਸਿਰਫ ਇਹ ਹੈ ਕਿ ਰਾਜਨੀਤਿਕ ਅੰਦੋਲਨ ਇਥੋਂ ਦੀ ਜਨਤਾ ਦੇ ਵਿਅਕਤੀਗਤ ਜੀਵਨ ਦਾ ਇਕ ਜ਼ਰੂਰੀ ਅੰਗ ਨਹੀਂ ਬਣ ਸਕਿਆ। ਸਾਹਿਤਕ ਖੇਤਰ ਵਿਚ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/123