ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/145

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜ਼ਿਮੀਂਦਾਰ ਸਭਾ ਵੱਲੋਂ ਜੋ ਪੰਡਾਲ ਲੱਗਾ ਸੀ ਉਸ ਵਿਚ ਹੀ ਇਕ ਦਿਨ ਭਾਸ਼ਣ ਦੇ ਕੇ 'ਭਾਰਤ ਮਾਤਾ ਸੁਸਾਇਟੀ' ਤੇ ਕਾਰਜ ਕਰਤਾ ਨੇ ਆਮ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਕਰ ਲਿਆ। ਉਧਰ ਜਿਸ ਦਿਨ ਲਾਲਾ ਜੀ ਲਾਹੌਰ ਤੋਂ ਰਵਾਨਾ ਹੋਏ ਉਸੇ ਦਿਨ ਸ. ਅਜੀਤ ਸਿੰਘ ਨੇ ਵੀ ਉਥੋਂ ਲਈ ਚਾਲੇ ਪਾ ਦਿੱਤੇ। ਲਾਲਾ ਜੀ ਨੇ ਸਰਦਾਰ ਤੋਂ ਪੁੱਛਿਆ ਕਿ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ? ਆਪਣੇ ਪ੍ਰੋਗਰਾਮ ਦੀ ਸੂਚਨਾ ਵੀ ਲਾਲਾ ਜੀ ਨੇ ਦਿੱਤੀ ਕਿ ਸਰਕਾਰ ਨੇ ਕਾਲੋਨੀ ਐਕਟ ਵਿਚ ਜੋ ਥੋੜ੍ਹਾ ਜਿਹਾ ਪ੍ਰੀਵਰਤਨ ਕਰ ਦਿੱਤਾ ਹੈ ਇਸ ਲਈ ਸਰਕਾਰ ਦਾ ਧੰਨਵਾਦ ਕਰਦੇ ਹੋਏ ਬਾਕੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਾਂਗੇ।

ਸਰਦਾਰ ਜੀ ਨੇ ਉੱਤਰ ਵਿਚ ਕਿਹਾ ਸਾਡਾ ਪ੍ਰੋਗਰਾਮ ਤਾਂ ਇਹ ਹੈ ਕਿ ਜਨਤਾ ਨੂੰ ਲਗਾਨਬੰਦੀ ਲਈ ਤਿਆਰ ਕੀਤਾ ਜਾਵੇ। ਨਾਲ ਹੀ ਸਾਡੇ ਪ੍ਰੋਗਰਾਮ ਵਿਚ ਸਰਕਾਰ ਨੂੰ ਧੰਨਵਾਦ ਕਰਨ ਦੀ ਤਾਂ ਕੋਈ ਥਾਂ ਮਿਲ ਹੀ ਨਹੀਂ ਸਕਦੀ।

ਲਾਲਾ ਜੀ ਅਤੇ ਸ. ਅਜੀਤ ਲਾਇਲਪੁਰੀ ਪਹੁੰਚੇ। ਲਾਲਾ ਜੀ ਦਾ ਵਿਸ਼ਾਲ ਜਲੂਸ ਕੱਢਿਆ ਗਿਆ ਜਿਸ ਕਰਕੇ ਲਾਲਾ ਜੀ ਲਗਭਗ ਦੋ ਘੰਟੇ ਵਿਚ ਪੰਡਾਲ ਪੁੱਜੇ। ਸਾਡੇ ਲੋਕ ਅਜਿਹੇ ਵੀ ਹਨ ਜੋ ਜਲੂਸ ਵਿਚ ਸ਼ਾਮਲ ਨਾ ਹੋ ਕੇ ਸਿੱਧੇ ਪੰਡਾਲ ਵਿਚ ਹੀ ਪਹੁੰਚ ਗਏ ਸਨ ਅਤੇ ਉਥੇ ਭਾਸ਼ਣ ਸ਼ੁਰੂ ਹੋ ਗਏ ਸਨ। ਇਕ ਦੋ ਛੋਟੇ-ਛੋਟੇ ਭਾਸ਼ਣਾਂ ਬਾਅਦ ਸ. ਅਜੀਤ ਸਿੰਘ ਜੀ ਨੇ ਭਾਸ਼ਣ ਦਿੱਤਾ। ਆਪ ਬਹੁਤ ਹੀ ਪ੍ਰਭਾਵਸ਼ਾਲੀ ਬੁਲਾਰੇ ਹਨ। ਆਪ ਜੀ ਦੀ ਨਿਡਰ ਭਾਸ਼ਣ ਸ਼ੈਲੀ ਨੇ ਜਨਤਾ ਨੂੰ ਆਪਣਾ ਭਗਤ ਬਣਾ ਦਿੱਤਾ ਅਤੇ ਸਰੋਤੇ ਬੜੇ ਜੋਸ਼ ਵਿਚ ਆ ਚੁੱਕੇ ਸਨ।

ਲਾਇਲਪੁਰ ਦੇ ਡੀ.ਸੀ. ਵੀ ਇਥੇ ਹਾਜ਼ਰ ਸਨ। ਕਾਰਵਾਈ ਵੇਖ ਕੇ ਉਹਨਾਂ ਇਹ ਸਿੱਟਾ ਕੱਢਿਆ ਕਿ ਇਹ ਸਭਾ ਆਯੋਜਨਾ ਇਕ ਸਾਜ਼ਿਸ਼ ਸੀ। ਲਾਲਾ ਲਾਜਪਤ ਰਾਏ ਇਹ ਸਭ ਦੇ ਗੁਰੂ ਹਨ ਅਤੇ ਨੌਜਵਾਨ ਸ. ਅਜੀਤ ਸਿੰਘ ਜੀ ਉਨ੍ਹਾਂ ਦੇ ਚੇਲੇ ਹਨ। ਸਰਕਾਰ ਦਾ ਇਹ ਵਿਚਾਰ ਬਹੁਤ ਦਿਨਾਂ ਤਕ ਬਣਿਆ ਰਿਹਾ। ਹੋ ਸਕਦਾ ਹੈ ਲਾਲਾ ਜੀ ਅਤੇ ਸ. ਅਜੀਤ ਸਿੰਘ ਨੂੰ ਨਜ਼ਰਬੰਦ ਕਰਨ ਦਾ ਇਹੀ ਕਾਰਨ ਸੀ।

ਲਾਲਾ ਜੀ ਦੇ ਭਾਸ਼ਣ ਦੇ ਬਾਅਦ ਸ਼੍ਰੀ ਬਾਂਕੇ ਦਿਆਲ ਜੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਨਜ਼ਮ ਪੜ੍ਹੀ ਜੋ ਬਾਅਦ ਵਿਚ ਬਹੁਤ ਹੀ ਪ੍ਰਚਲਤ ਹੋ ਗਈ। ਇਹ ਨਜ਼ਮ ‘ਪਗੜੀ ਸੰਭਾਲ ਉਏ ਜੱਟਾ' ਸੀ।

ਲਾਲਾ ਬਾਂਕੇ ਦਿਆਲ ਪੁਲਿਸ ਵਿਚ ਸਬ-ਇੰਸਪੈਕਟਰ ਸਨ ਅਤੇ ਸਰਕਾਰੀ ਨੌਕਰੀ ਛੱਡ ਕੇ ਇਸ ਅੰਦੋਲਨ ਵਿਚ ਸ਼ਾਮਲ ਹੋ ਗਏ ਸਨ। ਇਸ ਦਿਨ ਨਜ਼ਮ ਪੜ੍ਹ ਕੇ ਜਦ ਮੰਚ ਤੋਂ ਉਤਰੇ ਤਾਂ ਭਾਰਤ ਮਾਤਾ ਦਲ ਦੇ ਕਾਰਜ ਕਰਿੰਦਿਆਂ ਨੇ ਉਨ੍ਹਾਂ ਨੂੰ ਗਲ ਨਾਲ ਲਾ ਲਿਆ।

ਲਾਹੌਰ ਵਿਚ ਹੋਏ ਦੰਗੇ ਦੇ ਬਾਅਦ, ਮਿਊਂਸਪਲ ਬੋਰਡ ਨੇ ਇਕ ਪ੍ਰਸਤਾਵ ਪਾਸ ਕੀਤਾ ਕਿ ਸ਼ਹਿਰ ਵਿਚ ਸਭ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਜਾਵੇ ਕਿ ਉਹ ਵਿਦਿਆਰਥੀਆਂ ਨੂੰ ਰਾਜਨੀਤਿਕ ਅੰਦੋਲਨਾਂ ਵਿਚ ਹਿੱਸਾ ਲੈਣ ਤੋਂ ਰੋਕਣ ਅਤੇ ਉਹਨਾਂ ਨੂੰ ਹੋਸਟਲਾਂ ਤੋਂ ਬਾਹਰ ਨਾ ਜਾਣ ਦੇਣ। ਜੋ ਵਿਦਿਆਰਥੀ ਉਨ੍ਹਾਂ ਦੀ ਆਗਿਆ ਦਾ ਪਾਲਣ ਨਾ ਕਰੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਇਸ ਪ੍ਰਸਤਾਵ ਦੇ ਸੰਬੰਧ ਵਿਚ ਲੋਕਮਾਨਿਆਂ ਤਿਲਕ ਨੇ ਆਪਣੇ ਮਰਾਠੀ ਪੱਤਰ “ਕੇਸਰੀ” ਵਿਚ ਇਕ ਜ਼ਬਰਦਸਤ ਲੇਖ ਲਿਖਿਆ ਸੀ। ਲੋਕਮਾਨਿਆਂ ਨੇ ਲਿਖਿਆ ਸੀ ਕਿ ਇਹਨਾਂ ਦੰਗਿਆਂ ਤੋਂ ਕਿਸ ਨੂੰ ਦੁਖ ਅਤੇ ਖੇਦ ਨਹੀਂ ਹੋਵੇਗਾ? ਕੌਣ ਚਾਹੁੰਦਾ ਹੈ ਕਿ ਨੌਜਵਾਨ ਥੋੜ੍ਹੇ ਹੌਸਲੇ ਤੋਂ ਕੰਮ ਨਾ ਲੈਣ? ਪਰ ਮਿਊਂਸੀਪਲ ਬੋਰਡ ਦੇ ਇਸ ਫ਼ੈਸਲੇ ਦਾ ਕੀ ਭਾਵ ਹੈ? 50 ਸਾਲ ਬਾਅਦ ਅੱਜ ਦੇਸ਼ ਦੇ ਨੌਜਵਾਨਾਂ ਵਿਚ ਥੋੜ੍ਹੀ ਜਿਹੀ ਜਾਗ੍ਰਿਤੀ ਨਜ਼ਰ ਆਈ ਹੈ। ਉਸ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/129