ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/163

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਖਾਣ ਵਾਲੇ ਵੀ ਕੰਮ ਲੱਗ ਪਏ। ਥੋੜ੍ਹਾ ਵਕਤ ਕੰਮ ਕਰਕੇ ਵੀ ਪੈਦਾਵਾਰ ਵਧੇਰੇ ਹੋਣ ਲੱਗ ਪਈ। ਲੋਕੀਂ ਸਭੇ ਆਰਾਮ ਨਾਲ ਪੜ੍ਹ ਲਿਖ ਵੀ ਸਕਦੇ ਹੋਏ ਆਪੇ ਅਮਨ ਵੀ ਰਿਹਾ, ਖ਼ੁਸ਼ਹਾਲੀ ਵੀ ਵਧੀ। ਯਾਨੀ ਉਹ ਇਹ ਮੰਨਦੇ ਹਨ ਕਿ ਸੰਸਾਰ ਵਿਚੋਂ ਅਗਿਆਨ ਦੂਰ ਕਰਨਾ ਬੜਾ ਹੀ ਜ਼ਰੂਰੀ ਹੈ।

ਜਾਇਦਾਦ ਦਾ ਅਸਲ ਵਿਚ ਸਭ ਤੋਂ ਬੜਾ ਸਵਾਲ ਹੈ। ਇਸ 'ਤੇ ਵਿਚਾਰ ਕਰਨ ਲਈ ਇਕ ਵੱਖਰਾ ਲੇਖ ਲਿਖਣਾ ਜ਼ਰੂਰੀ ਹੈ। ਸਵਾਲ ਤਾਂ ਅਸਲ ਵਿਚ ਰੋਟੀ ਤੋਂ ਉੱਠਦਾ ਹੈ। Kari Manning ਨੇ ਤਾਂ ਸਾਫ਼ ਐਲਾਨ ਕਰ ਦਿੱਤਾ ਸੀ ਕਿ:

"Ask for work, and if they do not give you work ask for bread, and if they do not give you work or bread, then take bread."

ਯਾਨੀ ਕੰਮ ਵੀ ਨਾ ਮਿਲੇ ਤੇ ਰੋਟੀ ਵੀ ਨਾ ਮਿਲੇ ਤਾਂ ਰੋਟੀ ਤਾਂ ਖੋਹ ਕੇ ਵੀ ਖਾ ਲਵੋ। ਕਿਸੇ ਦਾ ਕੀ ਹੱਕ ਹੈ ਕਿ ਉਹ ਕੇਕ ਪਿਆ ਉੜਾਵੇ ਜਦੋਂਕਿ ਦੂਜਿਆਂ ਨੂੰ ਰੋਟੀ ਦੇ ਸੁੱਕੇ ਟੁਕੜੇ ਵੀ ਨਾ ਜੁੜਨ। ਇਸੇ ਸਵਾਲ ਤੋਂ ਉਨ੍ਹਾਂ ਨੇ ਕਿਹਾ ਕਿ ਗ਼ਰੀਬ ਦੇ ਘਰ ਜੰਮਣ ਕਰਕੇ ਹੀ ਕੋਈ ਆਦਮੀ ਸਾਰੀ ਉਮਰ ਰੁਲਦਾ ਕਿਉਂ ਰਹੇ? ਤੇ ਅਮੀਰ ਦੇ ਘਰ ਜੰਮਣ ਕਰਕੇ ਹੀ ਹਰਾਮ ਦੀਆਂ ਖਾਣ ਦਾ ਮੌਕਾ ਕਿਸੇ ਨੂੰ ਕਿਉਂ ਮਿਲੇ? ਅਤੇ ‘ਮਾਇਆ ਨੂੰ ਮਾਇਆ ਮਿਲੇ' ਵਾਲੀ ਗੱਲ ਵੀ ਬੰਦ ਕੀਤੀ ਜਾਵੇ। ਇਨ੍ਹਾਂ ਗੱਲਾਂ ਕਰਕੇ ਤੇ Equal opportunities to all ਵਾਲੇ ਖ਼ਿਆਲ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਨੇ (Sanctity of Private Property) ਨਿੱਜੀ ਜਾਇਦਾਦ ਦੀ ਪਵਿੱਤਰਤਾ ਦਾ ਭਰਮ ਉਡਾ ਦਿੱਤਾ। ਉਹ ਕਹਿੰਦੇ ਹਨ ਕਿ ਜਾਇਦਾਦ ਬੇਈਮਾਨੀ ਨਾਲ ਬਣਦੀ ਹੈ ਅਤੇ ਉਸਦੀ ਰੱਖਿਆ ਲਈ (Law) ਕਾਨੂੰਨ ਦੀ ਜ਼ਰੂਰਤ ਪਈ, ਜਿਸ ਤੋਂ ਕਿ State (ਗਵਰਨਮੈਂਟ) ਦੀ ਲੋੜ ਪੈਂਦੀ ਹੈ। ਅਸਲ ਵਿਚ ਇਹੋ ਹੀ ਸਾਰੀ ਖ਼ਰਾਬੀਆਂ ਦੀ ਜੜ੍ਹ ਹੈ। ਇਸ ਦੇ ਦੂਰ ਕਰਦਿਆਂ ਹੀ ਸਭ ਖ਼ਰਾਬੀਆਂ ਦੂਰ ਹੋ ਜਾਣਗੀਆਂ। ਫਿਰ ਉਹ ਕੀ ਕਰਨਾ ਚਾਹੁੰਦੇ ਹਨ, ਕੰਮ ਕਿਵੇਂ ਚੱਲੇਗਾ। ਇਹ ਲੰਬਾ-ਚੌੜਾ ਸਵਾਲ ਹੈ।

ਉੱਪਰ ਦੇ ਲੇਖ ਵਿਚ ਇਹ ਦੱਸਿਆ ਹੈ ਕਿ ਅਨਾਰਕਿਸਟ ਪਹਿਲਾਂ ਤੋਂ ਰੱਬ ਅਤੇ ਮਜ਼ਹਬ ਦੇ ਵਿਰੁੱਧ ਹਨ ਕਿਉਂਕਿ ਉਹ (Mantal Slavery) ਦਿਮਾਗ਼ੀ ਗ਼ੁਲਾਮੀ ਦੀ ਜੜ੍ਹ ਹੈ। ਦੂਜੇ ਗਵਰਨਮੈਂਟ ਦੇ ਵਿਰੁੱਧ ਹਨ ਕਿਉਂਕਿ ਉਹ Physical Slavery ਦੀ ਜੜ੍ਹ ਹੈ। ਉਹ ਇਹ ਕਹਿੰਦੇ ਹਨ ਕਿ ਆਦਮੀ ਨੂੰ ਸੁਰਗ ਦਾ ਲਾਲਚ, ਨਰਕ ਦਾ ਡਰ ਜਾਂ ਕਾਨੂੰਨ (Law) ਦਾ ਡੰਡਾ ਦਿਖਾ ਕੇ ਨੇਕ ਕੰਮ ਦੀ ਪ੍ਰੇਰਣਾ ਕਰਨਾ ਗ਼ਲਤ ਰਸਤਾ ਹੈ ਅਤੇ ਵੈਸੇ ਵੀ ਆਦਮੀ ਵਰਗੇ ਉੱਚੇ ਜੀਵ ਦੀ ਹੱਤਕ ਹੈ। ਤੀਸਰੇ ਆਜ਼ਾਦੀ ਨਾਲ ਗਿਆਨ ਪ੍ਰਾਪਤ ਕਰੇ ਆਪਣੀ ਮਰਜ਼ੀ ਮੁਤਾਬਕ ਕੰਮ ਕਰਨ ਅਤੇ ਖ਼ੁਸ਼ੀ ਨਾਲ ਜ਼ਿੰਦਗੀ ਗੁਜ਼ਾਰਨ। ਲੋਕੀਂ ਕਹਿੰਦੇ ਹਨ ਕਿ ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਉਸ ਪਹਿਲੀ ਜੰਗਲੀ ਹਾਲਤ ਵਿਚ ਰਹਿਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਕਿ ਅਸੀਂ ਸ਼ੁਰੂ-ਸ਼ੁਰੂ ਵਿਚ ਸਾਂ। ਪਰ ਇਹ ਗ਼ਲਤ ਹੈ। ਉਦੋਂ ਅਗਿਆਨਤਾ ਸੀ, ਆਦਮੀ ਦੂਰ-ਦੂਰ ਜਾ ਨਹੀਂ ਸਨ ਸਕਦੇ। ਪਰ ਹੁਣ ਪੂਰਨ ਗਿਆਨ ਦੇ ਨਾਲ ਦੁਨੀਆ ਭਰ ਦੇ ਆਪੋ ਵਿਚ ਤੁਅੱਲਕਾਤ ਕਾਇਮ ਰੱਖਦਿਆਂ ਹੋਇਆਂ ਵੀ ਆਜ਼ਾਦ ਰਹੀਏ। ਪੈਸੇ ਦਾ ਲਾਲਚ ਨਾ ਹੋਵੇ, ਤੇ ਪੈਸੇ ਦਾ ਸਵਾਲ ਵੀ ਮਿਟਾ ਦਿੱਤਾ ਜਾਵੇ।

ਅਗਲੇ ਲੇਖ ਵਿਚ ਅਸੀਂ ਇਸ ਬਾਰੇ ਕੁਝ ਹੋਰ ਗੱਲਾਂ ਅਤੇ ਏਸ ਫਿਲਾਸਫੀ ਦੇ ਕਈ ਜੁਦੇ-ਜੁਦੇ ਖ਼ਿਆਲ ਇਸ ਦੇ ਇਤਿਹਾਸ ਅਤੇ ਇਸ ਦੇ ਬਦਨਾਮ ਹੋਣ ਦਾ ਕਾਰਨ ਅਤੇ (Violence) ਤਸ਼ੱਦੁਦ ਦੇ ਮਿਲਣ ਦਾ ਹਾਲ ਲਿਖਾਂਗੇ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/147