ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/164

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(3) ਅਨਾਰਕਿਜ਼ਮ ਦਾ ਇਤਿਹਾਸ

—ਜੁਲਾਈ 1928 ਕਿਰਤੀ

ਪਿਛਲੇ ਦੋ ਲੇਖਾਂ ਵਿਚ ਅਸੀਂ ਅਨਾਰਕਿਜ਼ਮ ਦੇ ਮੁਤਅਲੱਕ ਮੋਟੀਆਂ-ਮੋਟੀਆਂ ਗੱਲਾਂ ਲਿਖੀਆਂ ਹਨ। ਐਡੇ ਜ਼ਰੂਰੀ ਮਜ਼ਮੂਨ ਤੇ ਜੋ ਕਿ ਦੁਨੀਆ ਦੇ ਪੁਰਾਣੇ ਵਿਚਾਰਾਂ ਅਤੇ ਸੰਸਕਾਰਾਂ, ਕਾਰ-ਵਿਹਾਰਾਂ ਦੇ ਇਕ ਦੁੱਖ-ਵਿਰੁੱਧ ਨਵਾਂ-ਨਵਾਂ ਹੀ ਸਾਹਮਣੇ ਆਵੇ, ਇੰਨੇ ਕੁ ਛੋਟੇ ਲੇਖ ਵਿਚ ਪਾਠਕਾਂ ਦੀ ਪੂਰੀ ਤਸੱਲੀ ਨਹੀਂ ਕੀਤੀ ਜਾ ਸਕਦੀ। ਕਿੰਨੀਆਂ ਹੀ ਸ਼ੰਕਾਂ ਪੈਦਾ ਹੁੰਦੀਆਂ ਹਨ। ਮਗਰ ਅਸੀਂ ਉਨ੍ਹਾਂ ਦੇ ਮੋਟੇ-ਮੋਟੇ ਅਸੂਲ ਪਾਠਕਾਂ ਅੱਗੇ ਰੱਖੇ ਹਨ, ਜਿਸ ਤੋਂ ਉਹ ਉਨ੍ਹਾਂ ਦੀਆਂ ਮੋਟੀਆਂ-ਮੋਟੀਆਂ ਗੱਲਾਂ ਸਮਝ ਗਏ ਹੋਣਗੇ। ਹੁਣ ਅਸੀਂ ਇਸੇ ਤਰ੍ਹਾਂ ਕਮਿਊਨਿਜ਼ਮ, ਸੋਸ਼ਲਿਜ਼ਮ ਅਤੇ ਨਿਹਿਲਿਜ਼ਮ ਆਦਿਕ ਮੱਤਾਂ 'ਤੇ ਲੇਖ ਲਿਖਾਂਗੇ ਤਾਂ ਕਿ ਹਿੰਦੁਸਤਾਨੀ ਵੀ ਸਮਝ ਸਕਣ ਕਿ ਬਾਹਰ ਮੁਲਕਾਂ ਵਿਚ ਕਿਸ ਤਰ੍ਹਾਂ ਦੇ ਵਿਚਾਰ ਚੱਲ ਰਹੇ ਹਨ। ਮਗਰ ਅਗਾਂਹ ਕਿਸੇ ਹੋਰ ਮਜ਼ਮੂਨ ਤੇ ਲਿਖਣ ਤੋਂ ਪਹਿਲਾਂ ਅਨਾਰਕਿਜ਼ਮ ਦੇ ਸਬੰਧ ਵਿਚ ਬੜੀਆਂ ਜ਼ਰੂਰੀ ਅਤੇ ਮਜ਼ੇਦਾਰ ਗੱਲਾਂ ਲਿਖਣ ਦਾ ਇਰਾਦਾ ਹੈ। ਉਹ ਹੈ ਅਨਾਕਿਜ਼ਮ ਦਾ ਇਤਿਹਾਸ। ਯਾਨੀ ਅਨਾਰਕਿਸਟਾਂ ਨੇ ਹੁਣ ਤੀਕ ਕੀ ਕੀਤਾ? ਉਹ ਕਿਵੇਂ ਬਦਨਾਮ ਕੀਤੇ ਗਏ? ਉੱਪਰ ਜੋ ਅਸੀਂ ਉਨ੍ਹਾਂ ਦੇ ਵਿਚਾਰ ਦੱਸੇ ਹਨ, ਹੁਣ ਇਹ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਵਿਚਾਰਾਂ ਨੂੰ ਅਮਲੀ ਜਾਮਾ ਪੁਆਉਣ ਲਈ ਉਨ੍ਹਾਂ ਕੀ ਕੀਤਾ ਅਤੇ ਤਾਕਤ ਦਾ ਇਸਤੇਮਾਲ ਕਰਕੇ ਕਿਸ ਤਰ੍ਹਾਂ ਉਹ ਬੜੀਆਂ ਜ਼ਬਰਦਸਤ ਸਰਕਾਰਾਂ ਨਾਲ ਮੱਥਾ ਲਾ ਲੈਂਦੇ ਸਨ ਅਤੇ ਪਿੱਛੋਂ ਹੱਸਦੇ-ਹੱਸਦੇ ਉਸੇ ਵਿਚ ਜਾਨ ਤੀਕ ਤੇ ਖੇਡ ਜਾਂਦੇ ਸਨ।

ਅਸਲ ਵਿਚ ਤੇ ਜਦੋਂ ਜ਼ੁਲਮ ਅਤੇ ਕਹਿਰ ਦੀ ਹੱਦ ਹੋ ਜਾਵੇ ਅਤੇ ਜਦੋਂ ਸ਼ਾਂਤਮਈ ਅਤੇ ਖੁੱਲ੍ਹੇ ਕੰਮ ਨੂੰ ਪੀਹ ਸੁੱਟਿਆ ਜਾਵੇ, ਤਦੋਂ ਕੰਮ ਕਰਨ ਵਾਲੇ ਲੋਕੀਂ ਹਮੇਸ਼ਾ ਗੁਪਤ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਅੱਤ ਜ਼ੁਲਮ ਹੁੰਦਾ ਵੇਖ ਕੇ ਬਦਲਾ ਲੈਣ ਨੂੰ ਤਿਆਰ ਹੋ ਜਾਂਦੇ ਹਨ ਅਤੇ ਉਸੇ ਕੋਸ਼ਿਸ਼ ਵਿਚ ਆਪਣੀ ਜਾਨ 'ਤੇ ਖੇਡ ਜਾਂਦੇ ਹਨ। ਯੂਰਪ ਵਿਚ ਗ਼ਰੀਬ ਕਿਰਤੀਆਂ ਤੇ ਹੱਦ ਦਰਜੇ ਦੇ ਅੱਤਿਆਚਾਰ ਹੋ ਰਹੇ ਸਨ। ਉਨ੍ਹਾਂ ਦੇ ਹਰ ਪ੍ਰਕਾਰ ਦੇ ਕੰਮ ਨੂੰ ਪੀਹ ਸੁੱਟਿਆ ਜਾ ਰਿਹਾ ਸੀ। ਉਦੋਂ ਹੀ ਰੂਸ ਦੇ ਇਕ ਬੜੇ ਭਾਰੀ ਖ਼ਾਨਦਾਨ ਦੇ ਇਕ ਬੀਰ ਮਾਈਕੇਲ ਬੈਕੂਨਿਨ (Michael Bakounin), ਜੋ ਰੂਸ ਦੇ ਤੋਪਖਾਨੇ ਵਿਚ ਇਕ ਬੜੇ ਅਫ਼ਸਰ ਸੀ, ਪੋਲੈਂਡ ਦੀ ਬਗ਼ਾਵਤ ਦਬਾਉਣ ਵਾਸਤੇ ਘੱਲਿਆ ਗਿਆ। ਉਥੇ ਵਿਚਾਰੇ ਬਾਗ਼ੀ ਲੋਕਾਂ ਨੂੰ ਜਿਸ ਤਰ੍ਹਾਂ ਜ਼ੁਲਮ ਨਾਲ ਦਬਾਇਆ ਗਿਆ ਸੀ, ਉਹ ਦੇਖ ਕੇ ਉਨ੍ਹਾਂ ਦਾ ਦਿਲ ਇਕਦਮ ਫਿਰ ਗਿਆ ਅਤੇ ਉਹ ਜੁਗ ਪਲਟਾਊ ਬਣ ਗਏ ਅਤੇ ਅਖ਼ੀਰ ਵਿਚ ਉਨ੍ਹਾਂ ਦੇ ਖ਼ਿਆਲਾਤ ਅਨਾਰਕਿਜ਼ਮ ਜਾਂ ਅਰਾਜਕਤਾ ਵੱਲ ਝੁਕ ਗਏ। ਆਪ ਨੇ ਸੰਨ 1834 ਵਿਚ ਨੌਕਰੀ ਛੱਡ ਦਿੱਤੀ ਸੀ। ਉਸ ਦੇ ਬਾਅਦ ਬਰਲਿਨ ਅਤੇ ਸਵਿਟਜ਼ਰਲੈਂਡ ਵਿਚੋਂ ਹੁੰਦੇ ਹੋਏ ਪੈਰਿਸ ਪੁੱਜੇ। ਉਸ ਵੇਲੇ ਆਮ ਤੌਰ 'ਤੇ ਸਰਕਾਰਾਂ, ਆਪ ਦੇ ਖ਼ਿਆਲਾਤ ਕਰਕੇ ਆਪ ਦੇ ਵਿਰੁੱਧ ਸਨ। 1864 ਤੀਕ ਆਪ ਆਪਣੇ ਵਿਚਾਰ ਪੱਕਿਆਂ ਕਰਦੇ ਰਹੇ ਅਤੇ ਕਿਰਤੀਆਂ ਵਿਚ ਪ੍ਰਚਾਰ ਕਰਦੇ ਰਹੇ।

ਬਾਅਦ ਵਿਚ ਆਪ ਨੇ ਕੌਮਾਂਤਰੂ ਕਿਰਤੀ ਕਾਂਗਰਸ 'ਤੇ ਕਬਜ਼ਾ ਕਰ ਲਿਆ। ਖ਼ੈਰ, ਅਖ਼ੀਰ ਵਿਚ 1860 ਤੋਂ 1870 ਤਕ ਤੇ ਆਪ ਆਪਣੇ ਦਲ ਦਾ ਸੰਗਠਨ ਜਾਂ ਜਥੇਬੰਦੀ ਕਰਦੇ ਰਹੇ। ਪਰ 4 ਸਤੰਬਰ, 1870 ਨੂੰ ਪੈਰਿਸ ਵਿਚ ਤੀਜਾ ਪੰਚਾਇਤੀ ਰਾਜ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਫ਼ਰਾਂਸ ਵਿਚ ਕਈ ਥਾਈਂ ਸਰਮਾਏਦਾਰ ਸਰਕਾਰ ਦੇ ਵਿਰੁੱਧ ਲੜਾਈਆਂ ਅਤੇ ਬਗ਼ਾਵਤਾਂ ਹੋਈਆਂ। ਉਧਰ ਲਿਓਨ ਸ਼ਹਿਰ (Lyon) ਵਿਚ ਬਗ਼ਾਵਤ ਹੋਈ, ਉਸ ਵਿਚ ਬੈਕੂਨਿਨ ਹੋਰੀਂ ਸ਼ਾਮਲ ਹੋਏ ਅਤੇ ਆਪ ਦਾ ਹੀ ਜ਼ੋਰ ਰਿਹਾ। ਕੁਝ ਹੀ ਦਿਨਾਂ ਬਾਅਦ ਉਥੇ ਆਪ ਨੂੰ ਹਾਰ ਹੋਈ ਅਤੇ ਉਥੋਂ ਮੁੜ ਕੇ ਆਏ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/148