ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/172

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

work among the villages" Highborn and wealthy ladies be took themselves to the factories, worked fifteen and sixteen hours a day at the machine, slept in dog holes with peasants, went barefoot as out working women go, bring ng water from the river for the house.

ਲੜਕਿਆਂ ਨੇ ਆਪਣੇ ਕਾਲਜ, ਆਪਣੇ ਸਕੂਲ, ਆਪਣੀਆਂ ਪਲਟਨਾਂ ਅਤੇ ਕੁਰਸੀਆਂ ਛੱਡ ਦਿੱਤੀਆਂ, ਜੱਟਾਂ ਦੇ ਲੁਹਾਰੇ ਕੰਮ ਸਿੱਖ ਕੇ ਪਿੰਡਾਂ ਨੂੰ ਟੁਰ ਪਏ। ਉਹ! ਕਿੱਡੀ ਵੱਡੀ ਕੁਰਬਾਨੀ ਹੈ!! ਬੜੇ-ਬੜੇ ਅਮੀਰ ਖ਼ਾਨਦਾਨਾਂ ਦੀਆਂ ਪਲੀਆਂ ਹੋਈਆਂ ਬੜੀਆਂ ਨਾਜ਼ੁਕ ਲੜਕੀਆਂ ਕਾਰਖ਼ਾਨਿਆਂ ਵਿਚ ਮਜ਼ਦੂਰੀ ਕਰਨ ਵਾਸਤੇ ਟੁਰ ਗਈਆਂ। ਦੂਜੇ ਮਜ਼ਦੂਰਾਂ ਵਾਂਗੂੰ ਘੁਰਨਿਆਂ ਵਿਚ ਸੌਂਦੀਆਂ, ਸੋਲਾਂ-ਸੋਲਾਂ ਘੰਟੇ ਮਸ਼ੀਨ 'ਤੇ ਕੰਮ ਕਰਦੀਆਂ। ਨੰਗੇਂ ਪੈਰੀਂ ਦਰਿਆ ਤੋਂ ਘਰਾਂ ਜੋਗਾ ਪਾਣੀ ਲਿਆਉਂਦੀਆਂ। ਬਸ ਇਕੋ ਲਗਨ, ਇਕ ਧੁਨ ਵਿਚ ਮਸਤ ਹਨ। ਉਨ੍ਹਾਂ ਗ਼ਰੀਬਾਂ ਮਜ਼ਦੂਰਾਂ ਨੂੰ ਉਨ੍ਹਾਂ ਦੀ ਭੈੜੀ ਹਾਲਤ ਦਾ ਗਿਆਨ ਕਰਾਉਣਾ ਅਤੇ ਉਸ ਦਾ ਇਲਾਜ ਦੱਸਣਾ ਹੈ। ਉਹ! ਕਿੱਡੀ ਵੱਡੀ ਕੁਰਬਾਨੀ ਹੈ। ਲੜਕੀਆਂ ਨੇ ਹੱਦ ਦਰਜੇ ਦਾ ਕੰਮ ਕੀਤਾ। ਰੂਸੀ ਜੁੱਗ-ਗਰਦੀ ਦੀ ਦਾਦੀ ਕਹਾਉਣ ਵਾਲੀ ਸ਼੍ਰੀਮਤੀ ਕੈਥੇਰਾਈਨ ਇਕ ਬੜੀ ਅਮੀਰ ਅਤੇ ਖ਼ੂਬਸੂਰਤ ਔਰਤ ਸੀ। ਉਹ ਵੀ ਇਨ੍ਹਾਂ ਵਿਚ ਸ਼ਾਮਲ ਹੋਈ। ਪਹਿਲਾਂ ਆਪਣੀ ਖ਼ੂਬਸੂਰਤੀ ਨੂੰ ਤੇਜ਼ਾਬ ਪਾ ਕੇ ਜਲਾ ਦਿੱਤਾ। ਚਿਹਰਾ ਦਾਗ਼-ਦਾਗ਼ ਬਣਾ ਕੇ ਬਦਸੂਰਤ ਬਣੀ। ਤਾਂ ਕਿ ਲੋਕਾਂ ਦੇ ਕੰਮਾਂ ਵਿਚ ਰੁਕਾਵਟ ਨਾ ਪਵੇ ਅਤੇ ਉਹ ਮਜ਼ਦੂਰਾਂ ਵਿਚ ਸ਼ਾਮਲ ਹੋ ਸਕੇ। ਉਹ! ਅੱਜ ਐਸੀ ਕਰ ਸਕਣ ਦੀ ਹਿੰਮਤ ਕਰਨ ਵਾਲੇ ਕਿੰਨੇ ਕੁ ਆਦਮੀ ਹਿੰਦੁਸਤਾਨ ਵਿਚ ਮੌਜੂਦ ਹਨ। ਰੂਸ ਵਿਚ ਨੌਜਵਾਨ ਲੜਕੇ-ਲੜਕੀਆਂ ਘਰਾਂ ਤੋਂ ਭੱਜ ਜਾਂਦੇ ਸਨ ਅਤੇ ਇਨ੍ਹਾਂ ਕੰਮਾਂ ਵਿਚ ਹੀ ਜ਼ਿੰਦਗੀ ਬਤੀਤ ਕਰ ਦਿੰਦੇ ਸਨ। ਪਰ ਅੱਜ ਹਿੰਦੁਸਤਾਨ ਵਿਚ ਕਿੰਨੇ ਕੁ ਨੌਜਵਾਨ ਹਨ, ਜੋ ਦੇਸ਼ ਨੂੰ ਆਜ਼ਾਦ ਕਰਾਉਣ ਖ਼ਾਤਰ ਪਾਗ਼ਲ ਹੋਏ ਫਿਰਨ? ਸਭਨੀਂ ਪਾਸੀਂ ਸਿਆਣੇ-ਸਿਆਣੇ ਆਦਮੀ ਪਏ ਨਜ਼ਰ ਆਉਂਦੇ ਹਨ। ਹਰ ਇਕ ਨੂੰ ਆਪਣੀ ਜ਼ਿੰਦਗੀ ਆਰਾਮ ਨਾਲ ਲੰਘਾਉਣ ਦਾ ਫ਼ਿਕਰ ਹੋ ਰਿਹਾ ਹੈ। ਫਿਰ ਅਸੀਂ ਆਪਣੇ ਦੇਸ਼ ਦੀ ਹਾਲਤ ਸੁਧਰਨੇ ਦੀ ਕੀ ਉਮੀਦ ਰੱਖੀਏ? ਪਿਛਲੀ ਸਦੀ ਦਾ ਅਖ਼ੀਰਲਾ ਹਿੱਸਾ ਰੂਸੀ ਨੌਜਵਾਨਾਂ ਨੇ ਇਸੇ ਤਰ੍ਹਾਂ ਹੀ ਪ੍ਰਚਾਰ ਦੇ ਕੰਮਾਂ ਵਿਚ ਗੁਜ਼ਾਰਿਆ। ਲੜਕੀਆਂ ਨੂੰ ਘਰੋਂ ਲਿਆਉਣ ਦੇ ਬੜੇ-ਬੜੇ ਸੋਹਣੇ ਵਾਕੇ ਮੌਜੂਦ ਹਨ।

ਸੋਨੀਆ (Sonia) ਇਕ ਪਾਦਰੀ ਦੀ ਲੜਕੀ ਸੀ। ਉਸ ਦੇ ਸਕੂਲ ਵਿਚ ਜੁਗ-ਪਲਟਾਊ ਔਰਤਾਂ ਪੜ੍ਹਾਉਣ ਵਾਲੀਆਂ ਵਿਚ ਸ਼ਾਮਲ ਹੋਈਆਂ ਹੋਈਆਂ ਸਨ। ਉਨ੍ਹਾਂ ਦੇ ਉਪਦੇਸ਼ ਸੁਣ ਕੇ ਸੋਨੀਆ ਦੇ ਦਿਲ ਵਿਚ ਵੀ ਦੇਸ਼ ਸੇਵਾ ਦਾ ਭਾਵ ਜ਼ੋਰ ਪਕੜ ਗਿਆ। ਇਕ ਦਿਨ ਉਹ ਘਰੋਂ ਦੌੜ ਗਈ, ਪਰ ਪਿੱਛੋਂ ਬਾਪ ਨੇ ਆ ਕੇ ਫੜ ਲਈ। ਮੁੜ ਪਾਰਟੀ ਵਲੋਂ ਉਸ ਨੂੰ ਘਰੋਂ ਨਿਜਾਤ ਦੁਆਉਣ ਦਾ ਬੰਦੋਬਸਤ ਕੀਤਾ ਗਿਆ ਅਤੇ ਇਕ ਨੌਜਵਾਨ ਉਸ ਦਾ ਪ੍ਰੇਮੀ ਬਣ ਕੇ ਉਸ ਦੇ ਘਰ ਗਿਆ ਅਤੇ ਉਨ੍ਹਾਂ ਦੇ ਪਿਤਾ ਨੂੰ ਮਨਾ ਕੇ ਉਸ ਨਾਲ ਸ਼ਾਦੀ ਕਰ ਲਈ। ਕਹਾਣੀ ਬੜੀ ਮਜ਼ੇਦਾਰ ਹੈ ਅਤੇ Heroes and Heroins of Russia ਨਾਮ ਦੀ ਕਿਤਾਬ ਵਿਚ ਛਪੀ ਹੋਈ ਹੈ। ਮੌਕਾ ਮਿਲਿਆ ਤੇ ਉਹ ਕਹਾਣੀ ਪਾਠਕਾਂ ਅੱਗੇ ਰੱਖਾਂਗੇ। ਖ਼ੈਰ! ਇਸ ਤਰ੍ਹਾਂ ਥੋੜ੍ਹੇ ਵਿਚ ਹੀ ਪਾਠਕ ਸਮਝ ਜਾਣ ਕਿ ਕਿਸ ਤਰ੍ਹਾਂ ਰੂਸ ਵਿਚ ਕੰਮ ਚੱਲ ਰਿਹਾ ਸੀ।

ਪਹਿਲੋਂ ਕੰਮ ਖੁਲ੍ਹਮ-ਖੁਲ੍ਹਾ ਸ਼ੁਰੂ ਕੀਤਾ ਗਿਆ ਸੀ। ਸਰਕਾਰ ਨੇ ਜ਼ੁਲਮ ਕੀਤੇ, ਫੜ-ਫੜ ਕੇ ਹਜ਼ਾਰਾਂ ਆਦਮੀ ਸਾਇਬੇਰੀਆ ਵਿਚ ਘੱਲ ਦਿੱਤੇ ਗਏ। ਬਿਨਾਂ ਵਾਰੰਟ ਹਜ਼ਾਰਾਂ ਆਦਮੀ ਪਕੜ ਲਏ ਜਾਂਦੇ। ਚਾਰ-ਪੰਜ ਸਾਲ ਉਹ ਹਨੇਰੀਆਂ ਕੋਠੜੀਆਂ ਵਿਚ ਬੰਦ ਰੱਖੇ ਜਾਂਦੇ। ਬਾਅਦ ਵਿਚ ਸੌ ਕੁ 'ਤੇ ਮੁਕੱਦਮਾ ਚਲਾਇਆ ਜਾਂਦਾ ਅਤੇ ਕੁਝ ਨੂੰ ਸਜ਼ਾ ਹੋ ਜਾਂਦੀ ਹੈ। ਹਜ਼ਾਰਾਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/156