ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/180

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਹੋਰੀਂ ਤਲਵਾਰ ਬੰਨ੍ਹ ਕੇ ਟੁੱਟੀ ਹੋਈ ਘੋੜੀ ਤੇ ਚੜ੍ਹ ਕੇ ਟੁਰ ਪੈਂਦੇ ਹਨ ਤੇ ਓਸ ਦੀ ਟੋਰ ਨੂੰ ਵੀ ਕਾਬੂ ਰੱਖਣ ਲਈ ਦੋ ਆਦਮੀ ਅੱਗੋਂ ਪਕੜੀ ਰਹਿੰਦੇ ਹਨ ਤੇ ਜਾ ਕੇ ਕਪੜਿਆਂ ਦੀ ਪੰਡ ਵਾਂਗੂੰ ਲਪੇਟੀ ਹੋਈ ਕੁੜੀ ਨਾਲ ਗੰਢ ਚਤਰਾਵਾ ਹੋ ਜਾਂਦਾ ਹੈ। ਸਾਰੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਮੁੰਡਾ ਵਿਆਹਿਆ ਗਿਆ। ਲਾਹਨਤ ਹੈ ਐਸੇ, ਵਿਆਹ 'ਤੇ, ਤੇ ਉਸ ਮੁੰਡੇ 'ਤੇ।

ਡੇਨ ਬ੍ਰੀਨ ਦੇ ਵਾਰੰਟ ਨਿਕਲੇ ਹੋਏ ਹਨ ਹੁਕਮ ਹੋਇਆ ਹੈ ਕਿ ਦੇਖਦਿਆਂ ਸਾਰ ਹੀ ਗੋਲੀ ਨਾਲ ਮਾਰ ਸੁੱਟਿਆ ਜਾਵੇ। ਲੜਾਈ ਵਿਚ ਜ਼ਖਮੀ ਹੋ ਜਾਂਦੇ ਹਨ। ਤਦੋਂ ਇਕ ਲੜਕੀ ਉਨ੍ਹਾਂ ਦੀ ਸੇਵਾ ਕਰਦੀ ਹੈ ਅਤੇ ਆਪਣੀ ਜਾਨ ਤਲੀ ਤੇ ਰੱਖ ਕੇ ਉਨ੍ਹਾਂ ਦੀ ਹਰ ਤਰ੍ਹਾਂ ਸਹਾਇਤਾ ਕਰਦਾ ਹੈ। ਆਖ਼ਰ ਦੋਹਾਂ ਦਾ ਪ੍ਰੇਮ ਹੋ ਜਾਂਦਾ ਅਤੇ ਐਨ ਘਮਸਾਣ ਦੇ ਦਿਨਾਂ ਵਿਚ ਇਕ ਥਾਂ ਫ਼ੌਜਾਂ ਇਕੱਠੀਆਂ ਕਰਕੇ ਪਹਿਰੇ ਲਾ ਕੇ ਆਪ ਹੋਰੀਂ ਸ਼ਾਦੀ ਕਰਦੇ ਹਨ। ਹਰ ਘੜੀ ਖ਼ਤਰਾ ਹੈ ਕਿ ਜੇ ਦੁਸ਼ਮਣਾਂ ਹਮਲਾ ਕਰ ਦਿੱਤਾ, ਤਾਂ ਖ਼ੈਰ ਨਹੀਂ। ਕਿਉਂ! ਨੌਜਵਾਨੋਂ ਇਹ ਵਿਆਹ ਹੈ ਜਾਂ ਮੁਰਦਿਆਂ ਵਾਲਾ ਵਿਆਹ? ਨੌਜਵਾਨ ਇਸ ਕਿਤਾਬ ਨੂੰ ਜ਼ਰੂਰ ਪੜ੍ਹਨ ਅਤੇ ਗੌਰ ਨਾਲ ਪੜ੍ਹਨ।

ਅੰਗਰੇਜ਼ਾਂ ਦੇ ਜ਼ੁਲਮਾਂ ਦੀ ਅੱਤ ਦੀ ਦਰਦਨਾਕ ਕਹਾਣੀ ਹੈ ਅਤੇ ਇਹ ਵੀ ਸੋਹਣੀ ਤਰ੍ਹਾਂ ਦਸਿਆ ਗਿਆ ਹੈ ਕਿ “ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਿਆ ਕਰਦੇ।”

☆ ☆ ☆

32. ਮੇਰੀ ਰੂਸ ਯਾਤਰਾ

–ਅਕਤੂਬਰ, 1928 ਕਿਰਤੀ

ਲੇਖਕ ਭਾਈ ਸ਼ੌਕਤ ਉਸਮਾਨੀ ਸਾਹਿਬ! ਪ੍ਰਤਾਪ ਦਫ਼ਤਰ ਕਾਨ੍ਹਪੁਰ ਤੋਂ ਮਿਲੇਗੀ। (144 ਸਫ਼ੇ ਮੁਲ 11-) ਹਿੰਦੋਸਤਾਨ ਦੀ ਮੌਜੂਦਾ ਲਹਿਰ ਵਿਚ ਦੂਜੇ ਮੁਲਕਾਂ ਦੀ ਯਾਤਰਾ ਦਾ ਬਹੁਤ ਅਸਰ ਹੈ। ਪਾਠਕ ਜਾਣਦੇ ਹਨ ਕਿ 1914-15 ਦੀ ਲਹਿਰ ਵਿਚ ਅਮਰੀਕਾ ਤੋਂ ਮੁੜੇ ਹੋਏ ਵੀਰਾਂ ਹੀ ਆਪਣੇ ਪ੍ਰਾਣਾਂ ਦੀ ਬਾਜ਼ੀ ਲਾ ਕੇ ਇਕ ਵੇਰੀਂ ਹਿੰਦੋਸਤਾਨ ਦੀ ਕਿਸਮਤ 'ਚ ਪਲਟਾ ਦੇਣ ਦਾ ਯਤਨ ਕੀਤਾ ਸੀ।

1918 ਵਿਚ ਜਦੋਂ ਖਿਲਾਫ਼ਤ ਦਾ ਮਾਮਲਾ ਖੜ੍ਹਾ ਹੋਇਆ ਤਦੋਂ ਮੁਸਲਮਾਨ ਭਰਾਵਾਂ ਵਿਚ ਹਿਜ਼ਰਤ ਦੀ ਲਹਿਰ ਚੱਲੀ ਸੀ, ਕਿ ਅੰਗਰੇਜ਼ੀ ਮੁਲਕ ਹੀ ਛੱਡ ਕੇ ਚਲੇ ਜਾਣਾ ਹੈ। ਸੈਂਕੜੇ ਆਦਮੀ ਗਏ ਅਤੇ ਬਾਹਰ ਜਾ ਕੇ ਉਨ੍ਹਾਂ ਦੀਆਂ ਅੱਖੀਆਂ ਖੁੱਲ੍ਹੀਆਂ। ਤੁਅੱਸਬੀ ਮੁਸਲਮਾਨਾਂ ਨੇ ਦੇਖਿਆ ਕਿ ਕੋਈ ਵੀ ਉਨ੍ਹਾਂ ਦਾ ਭਾਰੂ ਨਹੀਂ ਬਣਦਾ। ਆਖਿਰ ਕਈ ਝੱਖੜ ਝਰਨੇ ਝੱਲ ਕੇ ਕਈ ਤੇ ਓਦੋਂ ਹੀ ਮੁੜ ਆਏ, ਤੇ ਕਈ ਅਗਾਂਹ ਚਲੇ ਗਏ ਅਤੇ ਰੂਸ ਜਾ ਪੁੱਜੇ। ਜਿਨ੍ਹਾਂ ਮੁਸੀਬਤਾਂ ਵਿਚੋਂ ਲੰਘ ਕੇ ਉਹ ਲੋਕੀਂ ਗਏ ਸਨ, ਉਹ ਹਾਲ ਬੜਾ ਉਤਸ਼ਾਹ ਵਧਾਉਣ ਵਾਲਾ ਤੇ ਦਰਦਨਾਕ ਹੈ। ਸ਼ੌਕਤ ਉਸਮਾਨੀ ਉਨ੍ਹਾਂ ਹੀ ਆਦਮੀਆਂ ਵਿਚੋਂ ਹਨ। ਤੁਰਕਿਸਤਾਨ ਦੀਆਂ ਲੜਾਈਆਂ ਵਿਚੋਂ ਉਹ ਕਿਵੇਂ ਜਾਨ ਬਚਾ ਕੇ ਨਿਕਲੇ ਅਤੇ ਉਹ ਕਿਵੇਂ ਰੂਸ ਪੁੱਜੇ ਅਤੇ ਉਥੋਂ ਦੇ ਹਾਲਾਤ ਦੇਖ ਕੇ ਮੂੰਹ ਅੱਡੀ ਖਲੋਤੇ ਰਹੇ। ਇਹ ਪੜ੍ਹਨ ਨਾਲ ਹੀ ਸਬੰਧ ਰੱਖਦੀ ਹੈ। ਨੌਜਵਾਨਾਂ ਨੂੰ ਇਸ ਕਿਤਾਬ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਅਤੇ ਬਾਹਰ ਜਾ ਕੇ ਦੁਨੀਆ ਦੇਖਣ ਦਾ ਸ਼ੌਕ ਪੈਦਾ ਕਰਨਾ ਚਾਹੀਦਾ ਹੈ। ਰੂਸ ਦਾ ਬੜਾ ਸੋਹਣਾ ਹਾਲ ਲਿਖਿਆ ਹੋਇਆ ਹੈ। ਹਰ ਇਕ ਹਿੰਦੀ ਪੜ੍ਹੇ ਸੱਜਣ ਨੂੰ ਕਿਤਾਬ ਮੰਗਵਾ ਕੇ ਪੜ੍ਹਨੀ ਚਾਹੀਦੀ ਹੈ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/164