ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/184

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤੇ ਜੇ ਲਫ਼ਜ਼ ਕਹਿਣ ਤੋਂ ਡਰਦੇ ਹੋ ਕਿ ਸਰਕਾਰ ਗੱਲ ਆ ਨੱਪੇਗੀ ਤਾਂ ਸੁਣ ਲਉ।

"Freedom has to be won inch by inch and whether peaceful or other methods are employed, the Government of the day will not spare any pains to crush the movements of Independence."

ਯਾਨੀ ਸਰਕਾਰ ਨੇ ਤਾਂ ਹਰ ਸ਼ਾਂਤਮਈ ਕੀ ਤੇ ਅਸ਼ਾਂਤਮਈ ਕੀ, ਸਭਨਾਂ ਤਹਿਰੀਕਾਂ ਨੂੰ ਦਬੌਣ ਦੀ ਕੋਸ਼ਿਸ਼ ਕਰਨੀ ਹੈ ਅਤੇ ਇਸ ਕਰਕੇ ਸਾਨੂੰ ਉਸ ਪ੍ਰਸਤਾਵ ਕੋਲੋਂ ਡਰਨਾ ਨਹੀਂ ਚਾਹੀਦਾ ਕਿ ਜਿਸ ਨੇ ਸਾਡੇ ਕੌਮ ਦੇ ਦਾਇਰੇ ਨੂੰ ਜ਼ਿਆਦਾ ਖੁੱਲ੍ਹਾ ਕਰ ਦਿੱਤਾ ਅਤੇ ਸਾਡੀ ਤੰਗ ਨਜ਼ਰ ਨੂੰ ਖੁੱਲ੍ਹ ਦਿੱਤੀ ਹੈ। ਉਸ ਦਾ ਤੇ ਸਗੋਂ ਸਵਾਗਤ ਕਰਨਾ ਚਾਹੀਦਾ ਹੈ।

☆ ☆ ☆

34. ਮਜ਼ਹਬ ਅਤੇ ਸਾਡੀ ਆਜ਼ਾਦੀ ਦੀ ਜੰਗ

–ਮਈ 1928

[ਮਈ 1928 ਦੇ 'ਕਿਰਤੀ’ ਵਿਚ ਇਹ ਲੇਖ ਛਪਿਆ। ਅੰਮ੍ਰਿਤਸਰ ਅਪ੍ਰੈਲ ਵਿਚ ਰਾਜਨੀਤਿਕ ਕਾਨਫਰੰਸ ਅਤੇ ਨੌਜਵਾਨ ਸਭਾ ਦੀ ਕਾਨਫਰੰਸ ਹੋਈ। ਇਸ ਲੇਖ ਵਿਚ ਮਜ਼ਹਬ ਦੇ ਮਸਲੇ ਤੇ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਨੇ ਵਿਚਾਰ ਪ੍ਰਗਟਾਏ ਹਨ।

ਆਜ਼ਾਦ ਭਾਰਤ ਦੇ ਸੰਕਲਪ ਦਾ ਮੁੱਢ ਵੀ ਕੁਝ ਨਿਖਰਨਾ ਸ਼ੁਰੂ ਹੋ ਗਿਆ ਸੀ। ਲੋਕ ਏਕਤਾ ਦੇ ਬਣਾਏ ਜਾਣ ਬਾਰੇ ਕੁਝ ਠੋਸ ਸੁਝਾਅ ਦਿੱਤੇ ਗਏ ਹਨ।

ਅਪ੍ਰੈਲ, 1928 ਵਿਚ ਨੌਜਵਾਨ ਭਾਰਤ ਸਭਾ ਦੇ ਮਨੋਰਥ ਪੱਤਰ ਵਿਚ ਜੋ ਕਿ ਭਗਤ ਸਿੰਘ ਤੇ ਭਗਵਤੀ ਚਰਨ ਵੋਹਰਾ ਦਾ ਲਿਖਿਆ ਸੀ, ਫਿਰਕਾਪ੍ਰਸਤੀ ਬਾਰੇ ਕੁਝ ਬਹੁਤ ਹੀ ਠੋਸ ਵਿਚਾਰ ਰੱਖੇ ਗਏ ਹਨ। ਇਹ ਮਨੋਰਥ ਪੱਤਰ ਅੱਗੇ ਜਾ ਕੇ ਪੜ੍ਹੋਗੇ–ਸੰਪਾਦਕ]

ਅੰਮ੍ਰਿਤਸਰ ਵਿਚ 11-12-13 ਅਪ੍ਰੈਲ ਨੂੰ ਪੰਜਾਬ ਪੁਲੀਟੀਕਲ ਕਾਨਫਰੰਸ ਹੋਈ ਅਤੇ ਨਾਲ ਹੀ ਨੌਜਵਾਨਾਂ ਦੀ ਕਾਨਫਰੰਸ ਹੋਈ। ਦੋ ਤਿੰਨ ਸਵਾਲਾਂ 'ਤੇ ਬੜਾ ਝਗੜਾ ਤੇ ਬਹਿਸ ਹੋਈ। ਉਨ੍ਹਾਂ ਵਿਚੋਂ ਇਕ ਸਵਾਲ ਮਜ਼ਹਬ ਦਾ ਵੀ ਸੀ। ਉਂਝ ਤਾਂ ਮਜ਼ਹਬ ਦਾ ਕੋਈ ਸਵਾਲ ਨਾ ਉੱਠਦਾ, ਪਰ ਫਿਰਕੇਵਾਰਾਨਾ ਜਥੇਬੰਦੀਆਂ ਦੇ ਵਿਰੁੱਧ ਪ੍ਰਸਤਾਵ ਪੇਸ਼ ਹੋਇਆ ਤੇ ਮਜ਼ਹਬ ਦੇ ਬਹਾਨੇ ਉਨ੍ਹਾਂ ਜਥੇਬੰਦੀਆਂ ਦਾ ਪੱਖ ਲੈਣ ਵਾਲਿਆਂ ਨੇ ਆਪਣਾ ਆਪ ਬਚਾਉਣਾ ਚਾਹਿਆ। ਉਂਝ ਤਾਂ ਇਹ ਸਵਾਲ ਹੋਰ ਕੁਝ ਚਿਰ ਦਬਿਆ ਰਹਿੰਦਾ, ਪਰ ਇਸ ਤਰ੍ਹਾਂ ਸਾਹਮਣੇ ਆ ਜਾਣ ਪਰ ਖੁਲ੍ਹਮ-ਖੁਲ੍ਹਾ ਗੱਲਾਂ ਹੋ ਗਈਆਂ ਅਤੇ ਮਜ਼ਹਬ ਦੀ ਸਮੱਸਿਆ ਦੇ ਹੱਲ ਦਾ ਵਿਚਾਰ ਵੀ ਉਠਿਆ। ਪ੍ਰਾਵਿੰਸ਼ੀਅਲ ਕਾਨਫਰੰਸ ਦੀ ਸਬਜੈਕਟ ਕਮੇਟੀ ਵਿਚ ਵੀ ਮੌਲਾਨਾ ਜ਼ਫਰ ਅਲੀ ਸਾਹਿਬ ਦੇ ਪੰਜ ਸਤ ਕੁ ਵੇਰਾਂ ਖ਼ੁਦਾ-ਖ਼ੁਦਾ ਕਰਨ ਪਰ ਪੰਡਿਤ ਜਵਾਹਰ ਲਾਲ ਪ੍ਰਧਾਨ ਹੋਰਾਂ ਕਿਹਾ ਕਿ ਇਸ ਸਟੇਜ 'ਤੇ ਆ ਕੇ ਖ਼ੁਦਾ-ਖ਼ੁਦਾ ਨਾ ਕਰੋ। ਤੁਸੀਂ ਮਜ਼ਹਬ (Religion) ਦੇ ਮਿਸ਼ਨਰੀ ਹੋ ਤਾਂ ਮੈਂ ਲਾਮਜ਼ਹਬੀਅਤ (Irreligion) ਦਾ ਪ੍ਰਚਾਰਕ ਹਾਂ। ਬਾਅਦ ਵਿਚ ਲਾਹੌਰ ਵੀ, ਨੌਜਵਾਨ ਭਾਰਤ ਸਭਾ ਲਾਹੌਰ ਨੇ ਇਕ ਜਲਸਾ ਇਸੇ ਮਜ਼ਮੂਨ ਉੱਤੇ ਕੀਤਾ। ਕਈ ਲੈਕਚਰਾਰ ਬੋਲੇ ਤੇ ਮਜ਼ਹਬ ਦੇ ਨਾਮ ਦਾ ਲਾਭ ਉਠੌਣ ਵਾਲੇ ਤੇ ਇਸ ਸਵਾਲ ਦੇ ਉਠਣ ਤੇ ਝਗੜੇ ਹੋ ਜਾਣ ਤੋਂ ਡਰਨ ਵਾਲੇ ਸੱਜਣਾਂ ਨੇ ਕਈ ਤਰ੍ਹਾਂ ਦੀਆਂ ਨੇਕ ਸਲਾਹਵਾਂ ਦਿੱਤੀਆਂ।

ਸਭ ਤੋਂ ਜ਼ਿਆਦਾ ਗੱਲ ਜੋ ਬਾਰ-ਬਾਰ ਕਹੀ ਗਈ ਹੈ ਅਤੇ ਜਿਸ ਤੇ ਸ਼੍ਰੀ ਮਾਨ ਭਾਈ ਅਮਰ ਸਿੰਘ ਜੀ ਝਬਾਲ ਨੇ ਖਾਸ ਜ਼ੋਰ ਦਿੱਤਾ, ਉਹ ਇਹ ਸੀ ਕਿ ਮਜ਼ਹਬ ਦੇ ਸਵਾਲ ਨੂੰ ਛੇੜਿਆ ਹੀ ਨਾ ਜਾਵੇ। ਬੜੀ ਨੇਕ ਸਲਾਹ ਹੈ। ਜੇ ਕਿਸੇ ਦਾ ਮਜ਼ਹਬ ਬਾਹਰ ਲੋਕਾਂ ਦੇ ਸੁਖ ਅਮਨ ਵਿਚ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/168