ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/185

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੋਈ ਰੁਕਾਵਟ ਨਾ ਪਾਉਂਦਾ ਹੋਵੇ ਤਾਂ ਕਿਸੇ ਨੂੰ ਵੀ ਉਸ ਦੇ ਵਿਰੁੱਧ ਆਵਾਜ਼ ਉਠਾਉਣ ਦੀ ਕੀ ਲੋੜ ਹੋ ਸਕਦੀ ਹੈ? ਪਰ ਸਵਾਲ ਤਾਂ ਇਹ ਹੈ ਕਿ ਹੁਣ ਤੀਕ ਦਾ ਤਜਰਬਾ ਕੀ ਦਸਦਾ ਹੈ। ਪਿਛਲੀ ਤਹਿਰੀਕ ਵਿਚ ਵੀ ਮਜ਼ਹਬ ਦਾ ਇਹੀ ਸਵਾਲ ਪੈਦਾ ਹੋਇਆ ਤੇ ਹਰ ਇਕ ਨੂੰ ਪੂਰਨ ਆਜ਼ਾਦੀ ਦੇ ਦਿੱਤੀ ਗਈ, ਇਥੋਂ ਤੀਕ ਕਿ ਕਾਂਗਰਸ ਸਟੇਜ ਪੁਰ ਵੀ ਆਇਤਾਂ ਤੇ ਮੰਤਰ ਪੜ੍ਹੇ ਜਾਣ ਲੱਗ ਪਏ। ਉਨ੍ਹਾਂ ਦਿਨਾਂ ਵਿਚ ਕੋਈ ਵੀ ਮਜ਼ਹਬ ਵਿਚ ਪਿੱਛੇ ਰਹਿਣ ਵਾਲਾ ਆਦਮੀ ਚੰਗਾ ਨਹੀਂ ਸੀ ਸਮਝਿਆ ਜਾਂਦਾ। ਸਗੋਂ ਤਅੱਸੁਬ ਵਧਣ ਲੱਗ ਪਿਆ।

ਜੋ ਭੈੜਾ ਨਤੀਜਾ ਹੋਇਆ, ਉਹ ਕਿਸ ਤੋਂ ਲੁਕਿਆ ਹੋਇਆ ਹੈ? ਹੁਣ ਕੌਮ ਪ੍ਰਸਤ ਜਾਂ ਆਜ਼ਾਦੀ-ਪਸੰਦ ਲੋਕੀਂ ਮਜ਼ਹਬ ਦੀ ਅਸਲੀਅਤ ਸਮਝ ਗਏ ਹਨ ਅਤੇ ਓਹੋ ਉਸ ਨੂੰ ਆਪਣੇ ਰਸਤੇ ਦਾ ਰੋੜਾ ਸਮਝਦੇ ਹਨ।

ਗੱਲ ਇਹ ਹੈ ਕਿ ਕੀ ਮਜ਼ਹਬ ਘਰ ਵਿਚ ਰਖਦਿਆਂ ਹੋਇਆਂ ਲੋਕਾਂ ਦੇ ਦਿਲਾਂ ਵਿਚ ਭੇਦ ਭਾਵ ਤੇ ਨਹੀਂ ਪੈਂਦਾ? ਕੀ ਉਸ ਦਾ ਦੇਸ਼ ਦੀ ਪੂਰਨ ਆਜ਼ਾਦੀ ਤੀਕ ਪੁੱਜਣ ਵਿਚ ਕੋਈ ਅਸਰ ਤੇ ਨਹੀਂ ਪੈਂਦਾ? ਇਸ ਸਮੇਂ ਪੂਰਨ ਆਜ਼ਾਦੀ ਦੇ ਉਪਾਸ਼ਕ ਸੱਜਣ ਮਜ਼ਹਬ ਨੂੰ (Mental Slavery) ਯਾਂ ਦਿਮਾਗ਼ੀ ਗੁਲਾਮੀ ਦਾ ਨਾਮ ਦੇਂਦੇ ਹਨ, ਉਹ ਤੇ ਇਹ ਕਹਿੰਦੇ ਹਨ ਕਿ ਬੱਚੇ ਇਹ ਦੱਸਣਾ ਕਿ ਰੱਬ ਹੀ ਸਰਬ ਸ਼ਕਤੀਮਾਨ ਹੈ ਤੇ ਬੰਦਾ ਕੁਝ ਵੀ ਨਹੀਂ ਮਿੱਟੀ ਦਾ ਪੁਤਲਾ ਹੈ, ਬੱਚੇ ਨੂੰ ਸਦਾ ਵਾਸਤੇ ਕਮਜ਼ੋਰ ਬਨਾਉਣਾ ਹੈ। ਉਸਦੇ ਦਿਲ ਦੀ ਤਾਕਤ ਅਤੇ ਉਸ ਦੇ ਆਤਮਵਿਸ਼ਵਾਸ ਦਾ ਭਾਵ ਹੀ ਨਾਸ ਕਰ ਦੇਣਾ ਹੈ: ਪਰ ਏਸ ਗੱਲ ਉਤੇ ਬਹਿਸ ਨਾ ਵੀ ਕਰੀਏ ਤੇ ਸਿੱਧੇ ਆਪਣੇ ਪ੍ਰਤੱਖ ਦੋ ਸਵਾਲਾਂ ਉਤੇ ਹੀ ਵਿਚਾਰ ਕਰੀਏ ਤਾਂ ਵੀ ਸਾਨੂੰ ਨਜ਼ਰ ਆਉਂਦਾ ਹੈ ਕਿ ਮਜ਼ਹਬ ਸਾਡੇ ਰਸਤੇ ਵਿਚ ਇਕ ਬੜਾ ਭਾਰੀ ਰੋੜਾ ਹੈ, ਮਸਲਨ ਅਸੀਂ ਚਾਹੁੰਦੇ ਹਾਂ ਕਿ ਸਭੇ ਲੋਕੀਂ ਇਕੋ ਜਿਹੇ ਹਨ। ਇਹਨਾਂ ਵਿਚ ਸਰਮਾਏਦਾਰਾਂ ਦੇ ਊਚ ਨੀਚ ਦੀ ਛੂਤ ਅਛੂਤ ਦੀ ਕੋਈ ਵੰਡ ਨਾ ਰਹੇ ਪਰ ਸਨਾਤਨ ਧਰਮ ਤੇ ਇਸ ਭਿੰਨ ਭੇਦ ਦੇ ਹੱਕ ਵਿਚ ਹੈ। ਵੀਹਵੀਂ ਸਦੀ ਵਿਚ ਵੀ ਪੰਡਤ ਮੌਲਵੀ ਜੀ ਵਰਗੇ ਭੰਗੀ ਦੇ ਮੁੰਡੇ ਕੋਲੋਂ ਹਾਰ ਪੁਆ ਕੇ ਕਪੜਿਆਂ ਸਮੇਤ ਅਸ਼ਨਾਨ ਕਰਦੇ ਹਨ ਅਤੇ ਅਛੂਤਾਂ ਨੂੰ ਜਨੇਊ ਤੀਕ ਦੇਣ ਤੋਂ ਇਨਕਾਰੀ ਹਨ। ਜੇ ਇਸ ਮਜ਼ਹਬ ਦੇ ਵਿਰੁਧ ਕੁਝ ਨਾ ਕਹਿਣ ਦੀ ਸਹੁੰ ਖਾ ਲਈਏ ਤਾਂ ਚੁਪ ਕਰਕੇ ਘਰ ਬੈਠ ਜਾਣਾ ਚਾਹੀਦਾ ਹੈ। ਨਹੀਂ ਤਾਂ ਮਜ਼ਹਬ ਦੀ ਮੁਖਾਲਫਿਤ ਹੋਵੇਗੀ। ਲੋਕੀਂ ਇਹ ਵੀ ਕਹਿੰਦੇ ਹਨ ਕਿ ਇਨ੍ਹਾਂ ਬੁਰਾਈਆਂ ਦਾ ਸੁਧਾਰ ਕੀਤਾ ਜਾਵੇ। ਬਹੁਤ ਖੂਬ! ਛੂਤ ਅਛੂਤ ਨੂੰ ਜੋ ਸਵਾਮੀ ਦਯਾਨੰਦ ਹੋਰਾਂ ਮਿਟਾਇਆ ਤੇ ਚਾਰ ਵਰਨਾਂ ਤੋਂ ਅੱਗੇ ਉਹ ਵੀ ਨਾ ਵਧ ਸਕੇ। ਭਿੰਨ ਭੇਦ ਤਾਂ ਫਿਰ ਵੀ ਰਹਿ ਗਿਆ। ਗੁਰਦੁਆਰੇ ਵਿਚ ਜਾ ਕੇ ਜੋ ਸਿੱਖ ‘ਰਾਜ ਕਰੇਗਾ ਖਾਲਸਾ’ ਗਾ ਲੈਣ ਤੇ ਬਾਹਰ ਆ ਕੇ ਪੰਚਾਇਤੀ ਰਾਜ ਦੀਆਂ ਗੱਲਾਂ ਕਰਨ ਤੇ ਕੀ ਮਤਲਬ ਹੋਵੇਗਾ?

ਮਜ਼ਹਬ ਤੇ ਕਹਿੰਦਾ ਹੈ ਕਿ ਇਸਲਾਮ ਤੇ ਯਕੀਨ ਨਾ ਲਿਆਉਣ ਵਾਲੇ ਕਾਫਰ ਤਲਵਾਰ ਦੇ ਘਾਟ ਉਤਾਰ ਦੇਣੇ ਚਾਹੀਦੇ ਹਨ ਤੇ ਇੱਧਰ ਜੇ ਇਤਫਾਕ ਦੀ ਕੂਕ ਪੁਕਾਰ ਮਚਾਈ ਜਾਵੇ ਤੇ ਨਤੀਜਾ ਕੀ ਹੋਵੇਗਾ? ਅਸੀਂ ਜਾਣਦੇ ਹਾਂ ਕਿ ਹੁਣੇ ਕਈ ਹੋਰ ਆਇਤਾਂ ਤੇ ਮੰਤਰ ਬੜੇ ਉੱਚੇ ਭਾਵ ਦੇ ਪੜ੍ਹ ਕੇ ਖਿੱਚ ਧੂਹ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਪਰ ਸਵਾਲ ਤਾਂ ਇਹ ਹੈ ਕਿ ਇਸ ਸਾਰੇ ਝਗੜੇ ਤੋਂ ਛੁਟਕਾਰਾ ਹੀ ਕਿਉਂ ਨਾ ਪਾਇਆ ਜਾਵੇ। ਮਜ਼ਹਬ ਦਾ ਪਹਾੜ ਤਾਂ ਸਾਨੂੰ ਸਾਹਮਣੇ ਖਲੋਤਾ ਨਜ਼ਰ ਆਉਂਦਾ ਹੈ। ਫ਼ਰਜ਼ ਕੀਤਾ ਜਾਵੇ ਕਿ ਭਾਰਤ ਵਿਚ ਆਜ਼ਾਦੀ ਦੀ ਜੰਗ ਛਿੜ ਪਵੇ। ਫ਼ੌਜਾਂ ਆਹਮਣੇ ਸਾਹਮਣੇ ਬੰਦੂਕਾਂ ਲਈ ਖਲੋਤੀਆਂ ਹੋਣ, ਗੋਲੀ ਚੱਲਣ ਹੀ ਵਾਲੀ ਹੋਵੇ ਤੇ ਜੇ ਉਸ ਵੇਲੇ ਮੁਹੰਮਦ ਗੌਰੀ ਵਾਂਗੂੰ-ਜੈਸਾ ਕਿ ਕਹਾਵਤ ਦੱਸੀ ਜਾਂਦੀ ਹੈ—ਅੱਜ ਵੀ ਸਾਡੇ ਸਾਹਮਣੇ ਗਾਈਆਂ, ਸੂਰ, ਗ੍ਰੰਥ ਸਾਹਿਬ, ਵੇਦ ਕੁਰਾਨ ਆਦਿ ਚੀਜ਼ਾਂ ਖੜ੍ਹੀਆਂ ਕਰ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/169