ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/186

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦਿਤੀਆਂ ਜਾਣ ਤੇ ਅਸੀਂ ਕੀ ਕਰਾਂਗੇ? ਜੇ ਤਾਂ ਪੱਕੇ ਮਜ਼ਹਬੀ ਹੋਵਾਂਗੇ, ਤਦ ਤੇ ਆਪਣੇ ਬਿਸਤਰਾ ਬੋਰੀਆ ਲਪੇਟ ਘਰ ਬੈਠ ਜਾਵਾਂਗੇ। ਮਜ਼ਹਬ ਦੇ ਹੁੰਦਿਆਂ ਸੁੰਦਿਆਂ ਤੇ ਹਿੰਦੂ ਜਾਂ ਸਿੱਖ ਗਾਂ, ਤੇ ਮੁਸਲਾਨ[1] ਸੁਅਰ ਉਤੇ ਗੋਲੀ ਨਹੀਂ ਚਲਾ ਸਕਦੇ। ਮਜ਼ਹਬ ਦੇ ਬੜੇ ਪੱਕੇ ਬੰਦੇ ਤਾਂ ਉਸ ਵੇਲੇ ਸੋਮਨਾਥ ਦੇ ਕਈ ਹਜ਼ਾਰ ਪਾਂਡਿਆਂ ਵਾਂਗੂੰ ਠਾਕਰਾਂ ਅੱਗੇ ਲਿਟਦੇ ਰਹਿਣਗੇ। ਦੂਜੇ ਲੋਕੀਂ ਮਜ਼ਹਬਹੀਣ ਜਾਂ ਲਾਮਜ਼ਹਬ ਕੰਮ ਕਰ ਜਾਣਗੇ ਤੇ ਫਿਰ ਅਸੀਂ ਕਿਸ ਨਤੀਜੇ ਤੇ ਪੁੱਜਦੇ ਹਾਂ? ਮਜ਼ਹਬ ਦੇ ਵਿਰੁੱਧ ਹੀ ਸੋਚਣਾ ਪੈਂਦਾ ਹੈ। ਪਰ ਜੇ ਮਜ਼ਹਬ ਦੇ ਪੱਖ ਵਾਲਿਆਂ ਦੀਆਂ ਦਲੀਲਾਂ ਭੀ ਸੋਚੀਆਂ ਜਾਣ, ਤਦ ਵੀ ਉਹ ਇਹ ਕੀ ਕਹਿੰਦੇ ਹਨ ਕਿ ਦੁਨੀਆ ਵਿਚ ਹਨੇਰ ਪੈ ਜਾਵੇਗਾ। ਪਾਪ ਵਧ ਜਾਵੇਗਾ। ਬਹੁਤ ਅੱਛਾ, ਇਸੇ ਗੱਲ ਨੂੰ ਲੈ ਲਈਏ।

ਰੂਸੀ ਮਹਾਤਮਾ ‘ਟਾਲਸਟਾਇ' ਨੇ ਆਪਣੀ ਪੁਸਤਕ (Essay & Letters) ਵਿਚ ਮਜ਼ਹਬ 'ਤੇ ਬਹਿਸ ਕਰਦਿਆਂ ਹੋਇਆਂ ਉਸ ਦੇ ਤਿੰਨ ਹਿੱਸੇ ਕੀਤੇ ਹਨ।

1. Essentials of Religion ਯਾਨੀ ਮਜ਼ਹਬ ਦੀਆਂ ਜ਼ਰੂਰੀ ਗੱਲਾਂ ਕਿ ਸੱਚ ਬੋਲੋ; ਚੋਰੀ ਨਾ ਕਰੋ, ਗ਼ਰੀਬਾਂ ਦੀ ਸਹਾਇਤਾ ਕਰੋ, ਪਿਆਰ ਨਾਲ ਰਹੋ ਵਗੈਰਾ।

2. Philosophy of Religion ਯਾਨੀ ਜਨਮ, ਮਰਨ, ਪੁਨਰ ਜਨਮ, ਸੰਸਾਰ ਦੀ ਬਨਾਵਟੀ ਆਦਿ ਦੀ ਫਿਲੋਸਫੀ। ਇਸ ਵਿਚ ਆਦਮੀ ਆਪਣੀ ਮਰਜ਼ੀ ਅਨੁਸਾਰ ਸੋਚਦਾ ਤੇ ਸਮਝਣ ਦਾ ਯਤਨ ਕਰਦਾ ਹੈ।

C. Rituals of Religion ਯਾਨੀ ਰਸਮੋ ਰਿਵਾਜ ਵਗੈਰਾ। ਮਤਲਬ ਇਹ ਹੈ ਕਿ ਪਹਿਲੇ ਹਿੱਸੇ ਵਿਚ ਤੇ ਸਾਰੇ ਮਜ਼ਹਬ ਇਕੱਠੇ ਹਨ। ਸਭ ਕਹਿੰਦੇ ਹਨ ਸੱਚ ਬੋਲੋ, ਝੂਠ ਨਾ ਬੋਲੋ, ਪਿਆਰ ਨਾਲ ਰਹੋ। ਇਨ੍ਹਾਂ ਗੱਲਾਂ ਨੂੰ ਕੁਝ ਸੱਜਣਾਂ ਨੇ (Indivisual Religion) ਕਿਹਾ ਹੈ। ਇਸ ਵਿਚ ਤੇ ਝਗੜੇ ਦਾ ਖ਼ਿਆਲ ਹੀ ਨਹੀਂ ਉਠਦਾ, ਬਲਕਿ ਇਹ ਨੇਕ ਵਿਚਾਰ ਹਰੇਕ ਆਦਮੀ ਵਿਚ ਹੋਣੇ ਚਾਹੀਦੇ ਹਨ। ਦੂਜੇ ਫਿਲੋਸਫੀ ਦਾ ਸੁਆਲ ਹੈ। ਅਸਲ ਵਿਚ 'ਤੇ ਕਹਿਣਾ ਪੈਂਦਾ ਹੈ ਕਿ Philosophy is the out come of Human weakness ਯਾਨੀ ਫਿਲੋਸਫੀ ਆਦਮੀ ਦੀ ਕਮਜ਼ੋਰੀ ਦਾ ਨਤੀਜਾ ਹੈ। ਜਿਥੇ ਵੀ ਆਦਮੀ ਦੇਖ ਸਕਦੇ ਹਨ ਉਥੇ ਤੀਕ ਕੋਈ ਝਗੜਾ ਨਹੀਂ। ਜਿਥੇ ਕੁਝ ਨਜ਼ਰ ਨਾ ਆਇਆ, ਉਥੇ ਦਿਮਾਗ਼ ਲੜਾਉਣਾ ਸ਼ੁਰੂ ਕਰ ਦਿੱਤਾ ਤੇ ਖ਼ਾਸ ਖ਼ਾਸ ਨਤੀਜੇ ਕੱਢ ਲਏ। ਵੈਸੇ ਤੇ ਫਿਲੋਸਫੀ ਬੜੀ ਜ਼ਰੂਰੀ ਚੀਜ਼ ਹੈ ਕਿਉਂਕਿ ਇਸ ਤੋਂ ਬਿਨਾਂ ਉੱਨਤੀ ਨਹੀਂ ਹੋ ਸਕਦੀ। ਪਰ ਇਸ ਦੇ ਨਾਲ-ਨਾਲ ਸ਼ਾਂਤੀ ਹੋਣੀ ਬੜੀ ਜ਼ਰੂਰੀ ਹੈ। ਸਾਡੇ ਬਜ਼ੁਰਗ ਕਹਿ ਗਏ ਕਿ ਮਰਨ ਦੇ ਬਾਅਦ ਵੀ ਪੁਨਰਜਨਮ ਹੁੰਦਾ ਹੈ, ਇਸਾਈ ਤੇ ਮੁਸਲਮਾਨ ਇਸ ਗੱਲ ਨੂੰ ਨਹੀਂ ਮੰਨਦੇ। ਬਹੁਤ ਅੱਛਾ, ਆਪਣਾ-ਆਪਣਾ ਵਿਚਾਰ ਹੈ। ਆਉ ਮੁਹੱਬਤ ਨਾਲ ਬੈਠ ਕੇ ਬਹਿਸ ਕਰੀਏ। ਇਕ ਦੂਜੇ ਦੇ ਖ਼ਿਆਲਾਤ ਸੁਣੀਏ। ਪਰ ‘ਮਸਲਾ ਤਨਾਸੁਕ' 'ਤੇ ਬਹਿਸ ਹੁੰਦੀ ਹੈ ਤੇ ਆਰੀਆਂ ਸਮਾਜੀਆਂ ਅਤੇ ਮੁਸਲਮਾਨਾਂ ਦੀ ਡਾਂਗ ਚਲ ਜਾਂਦੀ ਹੈ। ਗੱਲ ਕੀ ਹੈ, ਦੋਵੇਂ ਧਿਰਾਂ ਦਿਮਾਗ਼ ਨੂੰ, ਅਕਲ ਨੂੰ, ਸੋਚਣ ਸਮਝਣ ਦੀ ਸ਼ਕਤੀ ਨੂੰ ਤਾਲਾ ਲਾ ਕੇ ਘਰ ਰੱਖ ਜਾਂਦੇ ਹਨ। ਉਹ ਸਮਝਦੇ ਹਨ ਕਿ ਵੇਦ ਭਗਵਾਨ ਵਿਚ ਪਰਮਾਤਮਾ ਨੇ ਇਸੇ ਤਰ੍ਹਾਂ ਲਿਖਿਆ ਹੈ ਤੇ ਸੱਚਾ ਹੈ। ਉਹ ਕਹਿੰਦੇ ਹਨ ਕਿ ਕੁਰਾਨ ਸ਼ਰੀਫ਼ ਵਿਚ ਖੁਦਾ ਨੇ ਇਉਂ ਲਿਖਿਆ ਹੈ ਤੇ ਇਹੋ ਹੀ ਸੱਚ ਹੈ। ਆਪਣੇ ਸੋਚਣ ਦੀ ਸ਼ਕਤੀ Power of Reasoning ਨੂੰ ਛੁੱਟੀ ਦਿੱਤੀ ਹੋਈ ਹੁੰਦੀ ਹੈ, ਸੋ ਜੇ ਫਿਲੋਸਫੀ ਹਰ ਇਕ ਆਦਮੀ ਦੀ ਜਾਤੀ ਰਾਇ ਤੋਂ ਵਧੀਕ ਕੋਈ ਵੂਕਤ ਨਾਂ ਰੱਖਦੀ ਹੋਵੇ ਤੇ ਇਕ ਖਾਸ ਫਿਲੋਸਫੀ ਮੰਨਣ ਕਰਕੇ ਵੱਖਰਾ ਜੱਥਾ ਨਾ ਬਣੇ ਤਾਂ ਇਸ ਵਿਚ ਕਿਸੇ ਨੂੰ ਕੀ ਸ਼ਿਕਾਇਤ ਹੋ ਸਕਦੀ ਹੈ।

ਹੁਣ ਆਉਂਦੀ ਹੈ ਤੀਸਰੀ ਗੱਲ। ਰਸਮੋ-ਰਿਵਾਜ, ਸਰਸਵਤੀ ਪੂਜਾ ਵਾਲੇ ਦਿਨ, ਸਰਸਵਤੀ ਦੀ ਮੂਰਤੀ ਦਾ ਜਲੂਸ ਨਿਕਲਣਾ ਜ਼ਰੂਰੀ ਹੈ ਅਤੇ ਉਸ ਵਿਚ ਅੱਗੇ-ਅੱਗੇ ਵਾਜਾ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/170

  1. ↑ ਮੁਸਲਮਾਨ