ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/189

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅਖ਼ਬਾਰਾਂ ਦਾ ਅਸਲੀ ਫਰਜ਼ ਤਾਂ ਵਿਦਿਆ ਦੇਣੀ, ਤੰਗ-ਦਿਲੀ ਵਿਚੋਂ ਲੋਕਾਂ ਨੂੰ ਕੱਢਣਾ, ਤੁਅਸੱਬ ਦੂਰ ਕਰਨਾ, ਆਪਸ ਵਿਚ ਪ੍ਰੇਮ ਮਿਲਾਪ ਪੈਦਾ ਕਰਨਾ ਤੇ ਹਿੰਦੋਸਤਾਨ ਦੀ ਸਾਂਝੀ ਕੌਮੀਅਤ ਬਣਾਉਣਾ ਸੀ, ਪਰ ਇਹਨਾਂ ਨੇ ਆਪਣਾ ਫਰਜ਼ ਇਨ੍ਹਾਂ ਸਾਰੇ ਹੀ ਅਸੂਲਾਂ ਦੇ ਉਲਟ ਬਣਾ ਲਿਆ ਹੈ। ਇਹਨਾਂ ਨੇ ਆਪਣਾ ਮੁਖ ਮੰਤਵ ਅਗਿਆਨ ਭਰਨਾ, ਤੰਗ ਦਿਲੀ ਦਾ ਪ੍ਰਚਾਰ ਕਰਨਾ, ਤੁਅਸੱਬੀ ਬਣਾਉਣਾ, ਲੜਾਈ ਝਗੜੇ ਕਰਾਉਣਾ ਅਤੇ ਹਿੰਦੋਸਤਾਨ ਦੀ ਸਾਂਝੀ ਕੌਮੀਅਤ ਨੂੰ ਤਬਾਹ ਕਰਨਾ ਬਣਾ ਲਿਆ ਹੋਇਆ ਹੈ। ਏਹੋ ਕਾਰਨ ਹੈ ਕਿ ਭਾਰਤ ਵਰਸ਼ ਦੀ ਵਰਤਮਾਨ ਦਸ਼ਾ ਦਾ ਖ਼ਿਆਲ ਕਰਕੇ ਰੱਤ ਦੇ ਹੰਝੂ ਆਉਣ ਲੱਗ ਜਾਂਦੇ ਹਨ ਤੇ ਦਿਲ ਵਿਚ ਸਵਾਲ ਉਠਦਾ ਹੈ ਕਿ ਹਿੰਦੋਸਤਾਨ ਦਾ ਕੀ ਬਣੂੰ?

ਜਿਹੜੇ ਸੱਜਣ ਨਾ-ਮਿਲਵਰਤਨ ਦੇ ਦਿਨਾਂ ਦੇ ਜੋਸ਼ 'ਤੇ ਉਭਾਰ ਨੂੰ ਜਾਣਦੇ ਹਨ, ਉਨ੍ਹਾਂ ਨੂੰ ਇਹ ਹਾਲਤ ਵੇਖ ਕੇ ਰੋਣ ਆਉਂਦਾ ਹੈ। ਕਿਥੇ ਉਹ ਦਿਨ ਸਨ ਕਿ ਸੁਤੰਤਰਤਾ ਦੀ ਝਲਕ ਸਾਹਮਣੇ ਪਈ ਨਜ਼ਰ ਆਉਂਦੀ ਸੀ ਕਿ ਕਿੱਥੇ ਅੱਜ ਆਹ ਦਿਨ ਹਨ ਕਿ ਸਵਰਾਜ ਸੁਪਨਾ ਜਿਹਾ ਹੋਇਆ ਹੋਇਆ ਹੈ। ਬਸ, ਏਹੋ ਹੀ ਤੀਜਾ ਲਾਭ ਹੈ, ਜਿਹੜਾ ਇਨ੍ਹਾਂ ਫਸਾਦਾਂ ਨਾਲ, ਪਾਰਟੀ ਜ਼ਾਬਰ ਸ਼ਾਹੀ ਨੂੰ ਹੋਇਆ ਹੈ। ਉਹੋ ਨੌਕਰਸ਼ਾਹੀ, ਜਿਸ ਦੀ ਹੋਂਦ ਨੂੰ ਖ਼ਤਰਾ ਪਿਆ ਹੋਇਆ ਸੀ, ਕਿ ਉਹ ਕੱਲ੍ਹ ਵੀ ਨਹੀਂ ਹੈ, ਪਰਸੋਂ ਵੀ ਨਹੀਂ, ਅੱਜ ਇਤਨੀਆਂ ਮਜ਼ਬੂਤ ਜਗ੍ਹਾ 'ਤੇ ਬੈਠੀ ਹੈ ਕਿ ਉਸ ਨੂੰ ਹਿਲਾਣਾ ਕੋਈ ਮਾੜਾ ਮੋਟਾ ਕੰਮ ਨਹੀਂ ਹੈ।

ਜੇ ਇਹਨਾਂ ਫਿਰਕੂ ਫਸਾਦਾਂ ਦਾ ਜੜ੍ਹ ਕਾਰਨ ਲੱਭੀਏ ਤਾਂ ਸਾਨੂੰ ਤਾਂ ਇਹ ਕਾਰਨ ਆਰਥਕ ਹੀ ਜਾਪਦਾ ਹੈ। ਨਾ-ਮਿਲਵਰਤਣ ਦੇ ਦਿਨਾਂ ਵਿਚ ਲੀਡਰਾਂ ਤੇ ਅਖ਼ਬਾਰ ਨਵੀਸਾਂ ਨੇ ਢੇਰ ਕੁਰਬਾਨੀਆਂ ਕੀਤੀਆਂ ਸਨ। ਉਨ੍ਹਾਂ ਦੀ ਆਰਥਕ ਦਸ਼ਾ ਖ਼ਰਾਬ ਹੋ ਗਈ ਹੋਈ ਸੀ। ਨਾ-ਮਿਲਵਰਤਨ ਦੇ ਪਿਛੋਂ ਮੱਧਮ ਪੈ ਜਾਣ ਕਰਕੇ ਲੀਡਰਾਂ ਦੀ ਕੋਈ ਬੇ-ਇਤਬਾਰੀ ਜਿਹੀ ਹੋ ਗਈ। ਜਿਸ ਲਈ ਅੱਜ ਕੱਲ੍ਹ ਦੇ ਬਹੁਤ ਸਾਰੇ ਫ਼ਿਰਕੂ ਲੀਡਰਾਂ ਦੇ ਰੁਜ਼ਗਾਰ ਰੁਕ ਗਏ। ਸੰਸਾਰ ਵਿਚ ਜਿਹੜਾ ਕੰਮ ਸ਼ੁਰੂ ਹੁੰਦਾ ਹੈ ਉਸ ਦੀ ਤਹਿ ਵਿਚ ਪੇਟ ਦਾ ਸੁਆਲ ਜ਼ਰੂਰ ਹੁੰਦਾ ਹੈ। ਕਾਰਲ ਮਾਰਕਸ ਦੇ ਵੱਡੇ-ਵੱਡੇ ਤਿੰਨ ਅਸੂਲਾਂ ਵਿਚੋਂ ਇਹ ਮੁੱਖ ਅਸੂਲ ਹੈ। ਇਸ ਅਸੂਲ ਦੇ ਕਾਰਨ ਹੀ ਤਬਲੀਗ, ਤਕਜ਼ੀਮ ਅਤੇ ਸ਼ੁਧੀ ਤੇ ਸੰਗਠਨ ਸ਼ੁਰੂ ਹੋਏ ਤੇ ਏਸੇ ਕਾਰਨ ਹੀ ਅੱਜ ਸਾਡੀ ਉਹ ਦੁਰਦਸ਼ਾ ਹੋਈ ਜਿਹੜੀ ਕਿ ਬਿਆਨ ਤੋਂ ਬਾਹਰ ਹੈ।

ਬਸ ਸਾਰੇ ਫਸਾਦਾਂ ਦਾ ਇਲਾਜ ਜੇ ਕੋਈ ਹੋ ਸਕਦਾ ਹੈ ਤਾਂ ਉਹ ਹਿੰਦੋਸਤਾਨ ਦੀ ਆਰਥਕ ਦਸ਼ਾ ਦੇ ਸੁਧਾਰ ਨਾਲ ਹੀ ਹੋ ਸਕਦਾ ਹੈ। ਕਿਉਂਕਿ ਭਾਰਤ ਵਰਸ਼ ਦੇ ਆਮ ਲੋਕਾਂ ਦੀ ਆਰਥਕ ਹਾਲਤ ਇੰਨੀ ਭੈੜੀ ਹੈ ਕਿ ਇਕ ਪੁਰਸ਼ ਨੂੰ ਚਾਰ ਆਨੇ ਦੇ ਕੇ ਦੂਜੇ ਨੂੰ ਬੇਇੱਜ਼ਤ ਕਰਵਾ ਸਕਦਾ ਹੈ। ਭੁੱਖ ਤੇ ਦੁੱਖ ਤੋਂ ਆਤਰ ਹੋ ਕੇ ਮਨੁੱਖ ਸਭ ਅਸੂਲ ਛਿੱਕੇ ਤੇ ਟੰਗ ਦਿੰਦਾ ਹੈ। ਸੱਚ ਹੈ ਮਰਦਾ ਕੀ ਨਹੀਂ ਕਰਦਾ।

ਪਰ ਵਰਤਮਾਨ ਹਾਲਤ ਵਿਚ ਆਰਥਕ ਸੁਧਾਰ ਹੋਣਾ ਅਤੀ ਕਠਨ ਹੈ। ਕਿਉਂਕਿ ਸਰਕਾਰ ਬਦੇਸ਼ੀ ਹੈ ਤੇ ਇਹੋ ਹੀ ਲੋਕਾਂ ਦੀ ਹਾਲਤ ਨੂੰ ਨਹੀਂ ਸੁਧਾਰਨ ਦੇਂਦੀ ਹੈ। ਇਸ ਲਈ ਏਸੇ ਦੇ ਪਿਛੇ ਹੀ ਹੱਥ ਧੋ ਕੇ ਪੈਣਾ ਚਾਹੀਦਾ ਹੈ ਕਿ ਜਦ ਤਕ ਇਹ ਬਦਲ ਨਾ ਜਾਵੇ ਆਰਾਮ ਨਹੀਂ ਲੈਣਾ ਚਾਹੀਦਾ ਹੈ।

ਲੋਕਾਂ ਨੂੰ ਆਪਸ ਵਿਚ ਲੜਨ ਤੋਂ ਰੋਕਣ ਲਈ ਸ਼੍ਰੇਣੀ ਜਾਗ੍ਰਤ ਦੀ ਲੋੜ ਹੈ। ਗਰੀਬਾਂ ਕਿਰਤੀਆਂ ਤੇ ਕਿਰਸਾਣਾਂ ਨੂੰ ਸਾਫ਼ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਇਹਨਾਂ ਦੇ ਹੱਥ-ਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਤੇ ਇਨ੍ਹਾਂ ਦੇ ਹੱਥ 'ਤੇ ਚੜ੍ਹ ਕੇ ਕੁੱਛ ਨਹੀਂ ਕਰਨਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/173