ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/198

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕਰਨਾ ਹੈ। ਪਰ ਵਿਦਿਯਾਰਥੀ[1] ਜੀ ਨੇ ਲਿਖ ਘੱਲਿਆ ਕਿ ਮੈਂ ਕੋਈ ਟੈਕਸ ਦੇਣ ਨੂੰ ਤਿਆਰ ਨਹੀਂ ਅਤੇ ਨਾ ਹੀ ਇਸ ਕੰਮ ਵਿਚ ਕੋਈ ਸਹਾਇਤਾ ਕਰਨ ਨੂੰ ਤਿਆਰ ਹਾਂ। ਕਿਉਂਕਿ ਫਸਾਦ ਪੁਲਿਸ ਨੇ ਕਰਵਾਇਆ ਸੀ, ਸਾਨੂੰ ਉਸ ਦਾ ਜੁਰਮਾਨਾ ਨਹੀਂ ਹੋਣਾ ਚਾਹੀਦਾ। ਲੋਕਾਂ ਵਿਦਿਯਾਰਥੀ ਜੀ ਨੂੰ ਕਿਹਾ ਕਿ ਅਸੀਂ ਕੀ ਕਰੀਏ। ਆਪ ਨੇ ਕਿਹਾ ਕਿ ਮੁਸੀਬਤ ਆ ਜਾਵੇਗੀ, ਨੁਕਸਾਨ ਵਧੇਰੇ ਹੋਵੇਗਾ। ਪਰ ਇਹ ਜ਼ਾਲਿਮਾਨਾ ਟੈਕਸ ਨਹੀਂ ਦੇਣਾ ਚਾਹੀਦਾ। ਜਲਸੇ ਹੋਏ। 7000 ਆਦਮੀਆਂ ਨੇ ਟੈਕਸ ਨਾ ਦੇਣ ਦੇ ਦਸਤਖ਼ਤ ਕਰਕੇ ਕਾਗਜ਼ ਸਰਕਾਰ ਪਾਸ ਘੱਲ ਦਿੱਤੇ। ਤਿਆਰੀਆਂ ਹੋ ਰਹੀਆਂ ਹਨ। ਤੀਜੀ ਜਗ੍ਹਾ ਮੇਰਠ ਹੈ। ਉਥੇ ਵੀ ਬੰਦੋਬਸਤ ਹੋਇਆ ਅਤੇ ਮਾਮਲਾ ਵੱਧ ਗਿਆ। ਉਥੇ ਵੀ ਸਤਿਆਗ੍ਰਹਿ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੰਜਾਬ ਵਿਚ ਵੀ ਕੁਝ ਕੁ ਇਹੋ ਜਿਹੀਆਂ ਗੱਲਾਂ ਨਜ਼ਰ ਆਉਂਦੀਆਂ ਹਨ। ਸ਼ੇਖੂਪੁਰ ਅਤੇ ਲਾਹੌਰ ਜ਼ਿਲੇ ਵਿਚ ਗੜੇ (ਐਹਣ) ਪੈਣ ਕਰਕੇ ਫ਼ਸਲਾਂ ਤਬਾਹ ਹੋ ਗਈਆਂ ਹਨ। ਦਾਣਾ ਕੁਝ ਵੀ ਨਹੀਂ ਹੋਇਆ, ਤੇ ਟੈਕਸ ਹਾਲੇ ਕਿਵੇਂ ਦਿੱਤੇ ਜਾਣ? ਪਰ ਇਥੋਂ ਦੇ ਸਿਆਣੇ ਸਿਆਣੇ ਆਦਮੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, “ਕਾਂਗਰਸ ਦੇ ‘ਬਦਨਾਮ’ ਆਦਮੀ ਉਨ੍ਹਾਂ ਜੱਟਾਂ ਵਿਚ ਲੈਕਚਰ ਨਾ ਦੇਣ ਕਿਧਰੇ ਸਰਕਾਰ ਨਾਰਾਜ਼ ਨਾ ਹੋ ਜਾਵੇ।” ਇਹੋ ਜਿਹੀਆਂ ਗੱਲਾਂ ਹੋ ਰਹੀਆਂ ਹਨ। ਪਰ ਉਨ੍ਹਾਂ ਨੂੰ ਖੂਬ ਯਾਦ ਰੱਖਣਾ ਚਾਹੀਦਾ ਹੈ ਕਿ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ। ਅੰਗਰੇਜ਼ ਪੈਸੇ ਦੇ ਪੀਰ ਤੇ ਉਮੀਦ ਇਹ ਕੀਤੀ ਜਾਵੇ ਕਿ ਆਪੇ ਮਾਮਲਾ ਮਾਫ਼ ਕਰ ਦੇਣਗੇ, ਇਹ ਭਰਮ ਹਾਲੇ ਕਿੰਨਾ ਕੁ ਚਿਰ ਰਹਿਣਾ ਹੈ?

☆ ☆ ☆

38. ਹੜਤਾਲਾਂ!

–ਜੂਨ, 1928–ਕਿਰਤੀ

ਉਧਰ ਸਤਿਆਗ੍ਰਹਿ ਦੀ ਧੂਮਧਾਮ ਹੈ ਤੇ ਇਧਰ ਹੜਤਾਲਾਂ ਦਾ ਵੀ ਕੁਝ ਘੱਟ ਜ਼ੋਰ ਨਹੀਂ। ਬੜੀ ਖ਼ੁਸ਼ੀ ਤੇ ਇਸ ਗੱਲ ਦੀ ਹੈ ਕਿ ਦੇਸ਼ ਵਿਚ ਮੁੜ ਕੇ ਆਉਣ ਵਾਲੀ ਬੜੀ ਭਾਰੀ ਤਹਿਰੀਕ ਤੇ ਅਸਰ ਰਹੇਗਾ। ਅਸਲ ਵਿਚ ਤੇ ਇਹ ਹੀ ਲੋਕੀਂ ਹਨ ਕਿ ਜਿਨ੍ਹਾਂ ਨੂੰ ਆਜ਼ਾਦੀ ਦੀ ਲੋੜ ਹੈ। ਕਿਸਾਨ ਅਤੇ ਮਜ਼ਦੂਰ ਰੋਟੀ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਰੋਟੀ ਦਾ ਸਵਾਲ ਤਦੋਂ ਤਕ ਹੱਲ ਨਹੀਂ ਹੋ ਸਕਦਾ। ਜਦੋਂ ਤੀਕ ਕਿ ਇਥੇ ਪੂਰਨ ਆਜ਼ਾਦੀ ਨਾ ਹੋ ਜਾਵੇ। ਓਹ ਗੋਲ ਮੇਜ਼ ਕਾਨਫਰੰਸ ਜਾਂ ਐਸੀ ਹੀ ਕਿਸੇ ਗੱਲ ਤੇ ਨਹੀਂ ਰੁਕ ਸਕਦੇ। ਖ਼ੈਰ!

ਅੱਜ ਕੱਲ ਲਿਲੂਆਂ ਰੇਲਵੇ ਵਰਕਸ਼ਾਪ ਟਾਟਾ ਦੇ ਜਮਸ਼ੇਦਪੁਰ ਮਿੱਲਜ਼, ਜਮਸ਼ੇਦਪੁਰ ਸ਼ਹਿਰ ਦੇ ਭੰਗੀਆਂ ਅਤੇ ਬੰਬਈ ਦੇ ਕੱਪੜੇ ਦੀਆਂ ਮਿੱਲਾਂ ਵਿਚ ਹੜਤਾਲ ਹੋ ਗਈ ਹੈ। ਅਸਲ ਵਿਚ ਤਾਂ ਮੋਟੀਆਂ-ਮੋਟੀਆਂ ਸ਼ਿਕਾਇਤਾਂ ਸਭਨਾਂ ਦੀਆਂ ਇਕੋ ਹੁੰਦੀਆਂ ਹਨ, ਤਨਖ਼ਾਹ ਘੱਟ, ਕੰਮ ਜ਼ਿਆਦਾ ਅਤੇ ਸਲੂਕ ਬੁਰਾ, ਇਸ ਹਾਲਤ ਵਿਚ ਗਰੀਬ ਮਜ਼ਦੂਰ ਜਿਵੇਂ ਕਿਵੇਂ ਗੁਜ਼ਾਰਾ ਤੇ ਕਰਦੇ ਹਨ, ਪਰ ਆਖਰ ਅਸਹਿ ਹੋ ਜਾਂਦਾ ਹੈ। ਅੱਜ ਬੰਬਈ ਵਿਚ ਡੇਢ ਤੋਂ[2] ਲੱਖ ਆਦਮੀ ਹੜਤਾਲ ਕਰੀ ਬੈਠੇ ਹਨ। ਸਿਰਫ ਇਕ ਮਿੱਲ ਚਲਦੀ ਹੈ। ਗੱਲ ਇਹ ਸੀ ਕਿ ਹੁਣ ਨਵੇਂ ਕਰਘੇ ਆਏ ਹਨ, ਜਿਸ ਵਿਚ ਇਕ ਆਦਮੀ ਨੂੰ ਦੋਵੇਂ ਕਰਘਿਆਂ 'ਤੇ ਕੰਮ ਕਰਨਾ ਪੈਂਦਾ ਹੈ ਅਤੇ ਮੇਹਨਤ ਜ਼ਿਆਦਾ ਕਰਨੀ ਪੈਂਦੀ ਹੈ। ਇਸ 'ਤੇ ਕੰਮ ਕਰਨ ਵਾਲਿਆਂ ਦੀ ਤਨਖਾਹ ਖਾਸ ਤੌਰ 'ਤੇ ਵਧਾਉਣ ਦਾ ਜ਼ੋਰ ਅਤੇ ਬਾਕੀ ਆਮ ਮਜ਼ਦੂਰਾਂ ਦੀ ਤਨਖਾਹ ਵਧਾਉਣ ਅਤੇ 8 ਘੰਟੇ ਤੋਂ ਵਧੀਕ ਕੰਮ ਨਾ ਲੈ ਸਕਣ ਤੇ ਕੁਝ ਕੁ ਸਲੂਕ ਸਬੰਧੀ ਸ਼ਰਤਾਂ ਪੇਸ਼ ਕੀਤੀਆਂ ਗਈਆਂ ਹਨ। ਐਸੇ ਵੇਲੇ ਹੜਤਾਲ ਦਾ ਬੜਾ ਜ਼ੋਰ ਹੈ। ਜਮਸ਼ੇਦਪੁਰ ਮਿੱਲ ਦੇ ਕੰਮ ਕਰਨ ਵਾਲਿਆਂ ਦੀਆਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/182

  1. ਵਿਦਿਆਰਥੀ
  2. ਦੋ