ਇਕ ਨੇ ਡਾਕਾ ਮਾਰਨ ਦੀ ਚਿੱਠੀ ਲਿਖੀ, ਪੁਲਿਸ ਨੇ ਉਸ ਦੀ ਫੋਟੋ ਲੈ ਲਈ। ਚਿੱਠੀ, ਚਿੱਠੀ ਵਾਲੇ ਪਾਸੇ ਪਹੁੰਚ ਗਈ, ਉਸ ਭਲੇਮਾਨਸ ਨੇ ਪੁਲਿਸ ਨੂੰ ਚਿੱਠੀ ਨਹੀਂ ਦੇ ਦਿੱਤੀ ਕਿ ਮੈਨੂੰ ਕਿਸੇ ਡਾਕਾ ਮਾਰਨ ਵਾਸਤੇ ਸੱਦਿਆ ਹੈ ਬਲਕਿ ਉਲਟਾ ਉਹ ਆਪ ਇਕ ਹੋਰ ਆਦਮੀ ਨੂੰ ਪਿਸਤੌਲ ਸਮੇਤ ਲੈ ਜਾਂਦਾ ਹੈ। ਪਿਸਤੌਲ ਸਮੇਤ ਪਕੜਿਆ ਜਾਂਦਾ ਹੈ। ਕੀ ਸਾਜ਼ਿਸ਼ ਦਾ ਮੁਕੱਦਮਾ ਨਹੀਂ ਸੀ ਬਣ ਸਕਦਾ? 120 ਬੀ. ਦਫਾ ਵਿਚ ਸਾਫ਼ ਲਿਖਿਆ ਹੋਇਆ ਹੈ ਕਿ-
(“Who ever is party to a criminal conspiracy to commit an offence...be punished in the same manner as if he had abetted such offence.")
ਯਾਨੀ ਜੋ ਵੀ ਇਕ ਐਸੀ ਸਾਜ਼ਿਸ਼ ਦਾ ਮੈਂਬਰ ਹੋਵੇ ਜਿਸ ਨੇ ਕਿ ਕੋਈ ਜੁਰਮ ਕਰਨ ਦਾ ਮਤਾ ਕੀਤਾ ਹੋਵੇ, ਉਸ ਨੂੰ ਉਹੋ ਜਿਹੇ ਜੁਰਮ ਵਿਚ ਮਦਦ ਕਰਨ ਦੀ ਸਜ਼ਾ ਮਿਲਣੀ ਚਾਹੀਦੀ ਹੈ। ਦੇਵ ਗੜ੍ਹ (ਬਿਹਾਰ) ਵਿਚ ਜੋ ਇਸ ਵੇਲੇ ਬੜਾ ਭਾਰੀ ਸਾਜ਼ਿਸ਼ ਦਾ ਮੁਕੱਦਮਾ ਚੱਲ ਰਿਹਾ ਹੈ, ਉਸ ਵਿਚ ਇਹੋ ਹੈ ਕਿ-
(“You......did agree with the one another.....to do or cause to be done an illegal act...and thereby you committed and offence punishable under section 120 B.....")
ਤੁਸੀਂ ਆਪੋ ਵਿਚ ਮਤਾ ਗਠਿਆ ਕਿ ਜੁਰਮ ਕੀਤੇ ਜਾਣ, ਇਸ ਕਰਕੇ ਤੁਹਾਡੇ ’ਤੇ 120 ਦਫ਼ਾ ਲਾਈ ਜਾਂਦੀ ਹੈ। ਉਹਨਾਂ ਪੁਰ ਵੀ ਕੋਈ ਜੁਰਮ ਕਰਨ ਦਾ ਇਲਜ਼ਾਮ ਨਹੀਂ ਲਗਾਇਆ ਗਿਆ, ਸਿਰਫ ਇਹ 'ਕਰਨ ਦੀ’ ‘ਉਹ ਕਰਨ ਦੀ' ਸਾਜ਼ਿਸ਼ ਕਰਨ ਦਾ ਜੁਰਮ ਲਗਾਇਆ ਗਿਆ ਹੈ। ਉਸ ਮੁਕੱਦਮੇ ਦਾ ਸਾਰਾ ਹਾਲ ਪੜ੍ਹ ਕੇ ਸਾਡਾ ਤਾਂ ਇਹ ਖ਼ਿਆਲ ਹੁੰਦਾ ਹੈ ਕਿ ਉਹ ਮੁਕੱਦਮਾ ਵੀ ਪੁਲਿਸ ਦਾ ਹੀ ਘੜਿਆ ਹੋਇਆ ਹੈ। ਇਕ ਆਦਮੀ ਬੀਰੇਂਦਰ ਨਾਥ ਭੱਟਾਚਾਰਜੀ ਦੇ ਮਕਾਨ ਦੀ ਤਲਾਸ਼ੀ ਹੋਈ। ਉਸ ਨੇ ਪੁਲਿਸ ਨੂੰ ਆਪਣੇ ਕਮਰੇ ਵਿਚ ਸੱਦ ਕੇ ਦੋ ਪਿਸਤੌਲ ਅਤੇ ਇਕ ਕਾਪੀ ਦਿੱਤੀ, ਜਿਸ ਵਿਚ ਕਿ ਸੱਠਾਂ ਕੁ ਆਦਮੀਆਂ ਦੇ ਪਤੇ ਲਿਖੇ ਹੋਏ ਸਨ। ਪੁਲਿਸ ਦੇ ਆਉਣ ਤੀਕ ਉਸ ਕਾਪੀ ਨੂੰ ਜਲਾ ਦੇਣ ਦੀ ਵੀ ਉਨ੍ਹਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਜਾਣ ਬੁੱਝ ਕੇ ਹੀ ਨਹੀਂ ਕੀਤੀ। ਉਨ੍ਹਾਂ ਵਿਚੋਂ ਵੀਹ ਆਦਮੀ ਪਕੜ ਕੇ ਸਾਜ਼ਿਸ਼ ਦਾ ਕੇਸ ਖੜ੍ਹਾ ਕਰ ਦਿੱਤਾ ਗਿਆ ਅਤੇ ਇਕ ਪੰਜਾਬੀ ਨੌਜਵਾਨ, ਜਿਸ ਦਾ ਨਾਂ ਕਿ ਸ੍ਰੀ ਇੰਦਰ ਚੰਦਰ ਨਾਰੰਗ ਹੈ, ਨੂੰ ਵੀ ਵਿਚ ਰਗੜਿਆ ਜਾ ਰਿਹਾ ਹੈ। ਆਪ ਕਾਮਲੀਏ ਵਾਲੀ ਸ਼੍ਰੀਮਤੀ ਪਾਰਬਤੀ ਦੇਵੀ ਜੀ ਦੇ ਸਭ ਤੋਂ ਛੋਟੇ ਭਾਈ ਹਨ। ਠੀਕ ਉਹੋ ਜਿਹਾ ਮੁਕੱਦਮਾ ਇਧਰ ਬਣ ਰਿਹਾ ਸੀ। ਜੇ ਕਿਧਰੇ ਇਕੱਲਾ ਕੇ.ਸੀ. ਬੈਨਰਜੀ ਹੀ ਖੁਫੀਆ ਪੁਲਿਸ ਦਾ ਹੁੰਦਾ ਤਾਂ ਮੁਕੱਦਮਾ ਜ਼ਰੂਰ ਚੱਲ ਜਾਂਦਾ। ਪਰ ਉਥੇ ਤਾਂ ਸਾਰਾ ਆਵਾ ਹੀ ਊਤਿਆ ਹੋਇਆ ਸੀ ਅਤੇ ਜਿਨ੍ਹਾਂ ਆਦਮੀਆਂ ਨੂੰ ਫਾਹੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਨ੍ਹਾਂ ਦੇ ਵਿਰੁੱਧ ਕੁਝ ਵੀ ਸਬੂਤ ਨਹੀਂ ਸੀ ਮਿਲ ਸਕਿਆ। ਇਸੇ ਕਰਕੇ ਉਹ ਮੁਕੱਦਮਾ ਨਾ ਚਲਾਇਆ ਗਿਆ। ਸਰਕਾਰ ਦੀ ਇਹ ਚਾਲ ਬੜੀ ਭੈੜੀ ਅਤੇ ਘ੍ਰਿਣਾ ਯੋਗ ਹੈ। ਰਾਜ-ਪਲਟਾਊ ਲਹਿਰ ਨੂੰ ਰੋਕਣ ਖ਼ਾਤਰ ਵੀ ਇਹ ਕੋਈ ਅੱਛਾ ਤਰੀਕਾ ਨਹੀਂ ਪਰ ਨਕਲੀ ਸਾਜ਼ਿਸ਼ਾਂ ਵਿਚ ਬੇਗੁਨਾਹ ਮਾਰਨ ਦੇ ਨਾਲ ਰਾਜ ਦੀਆਂ ਨੀਂਹਾਂ ਪੱਕੀਆਂ ਨਹੀਂ ਹੋ ਸਕਦੀਆਂ, ਬਲਕਿ ਖੋਖਲੀਆਂ ਹੋ ਰਹੀਆਂ ਹਨ। ਰੂਸ ਦੇ ਜ਼ਾਰ ਤੇ ਫ਼ਰਾਂਸ ਦੇ ਲੂਇਸ ਨੂੰ ਭੁੱਲਣਾ ਨਹੀਂ ਚਾਹੀਦਾ।
☆ ☆ ☆
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/194