ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਲੋਕ ਕਿਸੇ ਕੌਮ 'ਤੇ ਕਿਸੇ ਤਰ੍ਹਾਂ ਕਬਜ਼ਾ ਜਮਾ ਲੈਂਦੇ ਹਨ, ਉਨ੍ਹਾਂ ਦੀ ਸਦਾ ਹੀ ਇਹੋ ਹੀ ਮਰਜ਼ੀ ਰਹਿੰਦੀ ਹੈ ਕਿ ਉਹ ਕੌਮ ਸਦਾ ਹੀ ਉਨ੍ਹਾਂ ਦੇ ਪੰਜੇ ਵਿਚ ਫਸੀ ਰਹੇ ਅਤੇ ਉਹ ਉਸ ਦਾ ਖ਼ੂਨ ਨਿਚੋੜ-ਨਿਚੋੜ ਕੇ ਮੋਟੇ ਹੁੰਦੇ ਤੇ ਮੌਜਾਂ ਮਾਣਦੇ ਰਹਿਣ। ਇਸੇ ਵਾਸਤੇ ਉਹ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹ ਚਾਹੁੰਦੇ ਹਨ ਕਿ ਉਸ ਕੌਮ ਦਾ ਕੋਈ ਸਾਹਿਤ ਤੇ ਭਾਸ਼ਾ ਜਾਂ ਜ਼ਬਾਨ ਨਾ ਰਹੇ, ਉਸ ਕੌਮ ਦਾ ਕੋਈ ਇਤਿਹਾਸ ਤੇ ਆਪੋ ਵਿਚ ਇਤਫ਼ਾਕ ਨਾ ਰਹੇ; ਮਰਦਾਨਗੀ ਅਤੇ ਬਹਾਦਰੀ ਦਾ ਨਿਸ਼ਾਨ ਤਕ ਮਿਟਾ ਦਿੱਤਾ ਜਾਵੇ। ਇਸੇ ਤਰ੍ਹਾਂ ਲਗਾਤਾਰ ਉਸ ਕੌਮ ਨੂੰ ਦਬਾਇਆ ਜਾਂਦਾ ਹੈ।

ਅੱਜ ਅਸੀਂ ਗੁਲਾਮ ਹਾਂ। ਸਾਡੇ 'ਤੇ ਹਕੂਮਤ ਕਰਨ ਵਾਲੀ ਕੌਮ ਦੁਨੀਆ ਭਰ ਦੀਆਂ ਕੌਮਾਂ ਵਿਚੋਂ ਜ਼ਿਆਦਾ ਚਾਲਾਕ, ਸ਼ਹਿਨਸ਼ਾਹੀਅਤ ਦੇ ਮਾਮਲੇ ਵਿਚ ਜ਼ਿਆਦਾ ਲਾਇਕ ਅਤੇ ਸਮਝਦਾਰ ਹੈ। ਉਨ੍ਹਾਂ ਨੇ ਅਹਿਸਤਾ-ਅਹਿਸਤਾ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਗ਼ਲਤੀਆਂ ਉਨ੍ਹਾਂ ਕੋਲੋਂ ਵੀ ਹੋਈਆਂ। ਉਨ੍ਹਾਂ ਦੀਆਂ ਗ਼ਲਤੀਆਂ ਦਾ ਹੀ ਨਤੀਜਾ 1857 ਦੀ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਜੰਗ, ਜਿਸ ਨੂੰ ਕਿ ਗ਼ਦਰ ਕਿਹਾ ਜਾਂਦਾ ਹੈ, ਏਡਾ ਜ਼ੋਰ ਪਕੜ ਸਕੀ। ਪਰ ਉਹ ਆਪਣੀਆਂ ਗ਼ਲਤੀਆਂ ਕੋਲੋਂ ਸਬਕ ਸਿੱਖਦੇ ਰਹੇ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਫਿਰ ਕਿਸੇ ਤਹਿਰੀਕ ਨੂੰ ਜ਼ੋਰ ਪਕੜਨ ਨਹੀਂ ਦਿੱਤਾ।

ਖ਼ੈਰ! ਉਸ ਵੇਲੇ ਤੋਂ ਉਨ੍ਹਾਂ ਇਕ ਖਾਸ ਪਾਲਿਸੀ, ਜਿਸ ਨਾਲ ਉਹ ਦਿਨੋ-ਦਿਨ ਹਿੰਦੁਸਤਾਨ ਨੂੰ ਕਮਜ਼ੋਰ ਤੋਂ ਬਹੁਤ ਕਮਜ਼ੋਰ ਕਰਦੇ ਚਲੇ ਗਏ, ਅਖ਼ਤਿਆਰ ਕਰ ਲਈ। ਜਿਨ੍ਹਾਂ ਵਿਚੋਂ ਅੱਜ ਅਸੀਂ ਇਕ ਗੱਲ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ ਤੇ ਉਹ ਹੈ ਉਨ੍ਹਾਂ ਦਾ ਹਿੰਦੁਸਤਾਨੀਆ ਕੋਲੋਂ ਹਥਿਆਰ ਖੋਹਣ ਦਾ ਕੰਮ। 1857 ਦੇ ਗ਼ਦਰ ਜਾਂ ਆਜ਼ਾਦੀ ਦੀ ਜੰਗ ਵਿਚ ਆਮ ਲੋਕਾਂ ਪਾਸ ਹਥਿਆਰ ਸਨ। ਇਸੇ ਕਰਕੇ ਬੜਾ ਊਧਮ ਮਚਿਆ। ਹਿੰਦੁਸਤਾਨੀ ਬਹਾਦਰਾਂ ਨੇ ਇਕ ਵੇਰੀ ਤਰਥੱਲੀਆਂ ਪਾ ਦਿੱਤੀਆਂ। ਪਰ ਹਿੰਦੁਸਤਾਨ ਦੀ ਕਿਸਮਤ ਅਤੇ ਪੰਜਾਬ ਦੇ ਮੰਦੇ ਭਾਗ! ਪੰਜਾਬੀਆਂ ਕਲੰਕ ਦਾ ਟਿੱਕਾ ਮੱਥੇ 'ਤੇ ਲੁਆ ਲਿਆ! ਆਜਾਦੀ ਦੀ ਲਹਿਰ ਨੂੰ ਪੀਹ ਸੁੱਟਿਆ। ਖ਼ੈਰ! ਅੰਗਰੇਜ਼ਾਂ ਸੋਚਿਆ, ਆਖ਼ਰ ਇਹ ਗ਼ੈਰ ਮੁਲਕ ਹੈ। ਜਦ ਫਿਰ ਮੌਕਾ ਮਿਲਿਆ, ਉਦੋਂ ਹੀ ਹਿੰਦੁਸਤਾਨੀ ਮੁੜ ਬਗ਼ਾਵਤ ਖੜ੍ਹੀ ਕਰ ਦੇਣਗੇ। ਇਸ ਕਰਕੇ ਇਨ੍ਹਾਂ ਦਾ ਇਕ ਵਾਰੀ ਪੱਕਾ ਇਲਾਜ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਇਕ ਮਾਮੂਲੀ ਜਿਹਾ ਕਾਨੂੰਨ ਬਣਾਇਆ। ਉਸ ਦੇ ਮੁਤਾਬਕ ਉਨ੍ਹਾਂ ਖਾਸ-ਖਾਸ ਜ਼ਿਲਿਆਂ ਤੇ ਇਲਾਕਿਆਂ ਨੂੰ ਨਿਹੱਥੇ ਕਰ ਦਿੱਤਾ। ਫਿਰ 17 ਜੁਲਾਈ, 1860 ਨੂੰ ਇਕ ਬਾਕਾਇਦਾ 'ਕਾਨੂੰਨੇ-ਅਸਲਹ' ਜਾਂ ਆਰਮਜ਼ ਐਕਟ, ਜੋ ਕਿ ਕੌਂਸਲ ਵਿਚ ਪਾਸ ਹੋਇਆ ਸੀ, ਵਾਇਸਰਾਏ ਨੇ ਮਨਜ਼ੂਰ ਕੀਤਾ। ਇਸ 'ਤੇ 1 ਅਕਤੂਬਰ, 1860 ਤੋਂ ਅਮਲ ਸ਼ੁਰੂ ਹੋਇਆ ਪਰ ਉਸ ਦੇ ਮੁਤਾਬਕ ਵੀ ਸਿਵਾਏ ਖਾਸ-ਖਾਸ ਇਲਾਕਿਆਂ ਦੇ, ਜਿਥੇ ਕਿ ਉਹ ਖਾਸ ਬਦਅਮਨੀ ਦੇ ਨਿਸ਼ਾਨ ਦੇਖਦੇ ਸਨ, ਬਾਕੀ ਮੁਲਕ ਵਿਚ ਹਥਿਆਰਾਂ ਦੀ ਕੋਈ ਮਨਾਹੀ ਨਹੀਂ ਸੀ ਅਤੇ ਉਦੋਂ ਤੋਂ ਬਹੁਤਾ ਜ਼ੋਰ ਇਸ ਗੱਲ 'ਤੇ ਦਿੱਤਾ ਜਾਂਦਾ ਸੀ ਕਿ ਆਮ ਲੋਕੀਂ ਬਿਨਾਂ ਲਾਇਸੈਂਸ ਤੋਪਾਂ ਨਾ ਰੱਖ ਸਕਣ। ਕੁਝ-ਕੁਝ ਆਮ ਹਥਿਆਰਾਂ ਲਈ ਵੀ ਮਨਾਹੀ ਸ਼ੁਰੂ ਹੋ ਗਈ ਸੀ। ਮੁੜ 1878 ਵਿਚ ਉਹ ਸਖ਼ਤ ਕਾਨੂੰਨ ਪਾਸ ਹੋਇਆ ਜੋ ਕਿ 1891, 1919-20 ਦੀਆਂ ਥੋੜ੍ਹੀਆਂ-ਥੋੜ੍ਹੀਆ ਤਰਮੀਮਾਂ ਬਾਅਦ ਹੁਣ ਤੀਕ ਚੱਲ ਰਿਹਾ ਹੈ।

ਆਮ ਲੋਕਾਂ ਨੂੰ ਇਸ ਮਾਮਲੇ 'ਤੇ ਬੜੀ ਤਸ਼ਵੀਜ਼ ਪੈਦਾ ਹੋਈ। ਇਸੇ ਖ਼ਿਆਲ ਨਾਲ ਕਿ ਉਹ ਘਬਰਾ ਕੇ ਕੋਈ ਹੋਰ ਕਾਰਵਾਈ ਨਾ ਕਰ ਬਹਿਣ। ਉਨ੍ਹਾਂ ਨੂੰ ਕਾਨੂੰਨੀ ਚਾਰਾਜੋਈ (Constitutional Agitation) ਸਿਖਾਲਣ ਵਾਸਤੇ ਕਾਂਗਰਸ ਦੀ ਬੁਨਿਆਦ ਧਰੀ ਗਈ। ਇਹ ਗੱਲ ਤਾਂ ਮੰਨੀ ਹੋਈ ਹੈ ਕਿ ਉਸ ਵਕਤ ਦੇ ਗਵਰਨਰ ਜਨਰਲ ਜਾਂ ਵਾਇਸਰਾਏ ਲਾਰਡ ਰਿਪਨ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/204