ਪਾਠ-10
ਨੌਜਵਾਨ ਭਾਰਤ ਸਭਾ ਤੇ “ਕੌਮੀ ਲੀਡਰ”
52. ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ
[ਭਗਤ ਸਿੰਘ ਤੇ ਭਗਵਤੀ ਚਰਨ ਵੋਹਰਾ ਜੀ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਗਠਿਤ ਕਰਨ ਲਈ 1926 ਤੋਂ ਹੀ ਯਤਨ ਸ਼ੁਰੂ ਕਰ ਦਿੱਤੇ ਸਨ। ਸਟੂਡੈਂਟ ਯੂਨੀਅਨ ਵਿਚ ਵਿਦਿਆਰਥੀ ਇਕੱਠੇ ਕੀਤੇ ਗਏ ਸਨ ਅਤੇ ਨੌਜਵਾਨ ਭਾਰਤ ਸਭਾ ਦੇ ਨਾਂ ਹੇਠ ਸਾਰੇ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ। 11-12-13 ਅਪ੍ਰੈਲ 1928 ਨੂੰ ਅੰਮ੍ਰਿਤਸਰ ਨੌਜਵਾਨ ਸਭਾ ਦੀ ਕਾਨਫਰੰਸ ਕੀਤੀ ਗਈ ਸੀ। ਇਸ ਸਮੇਂ ਲਈ ਇਹ ਮੈਨੀਫੈਸਟੋ ਲਿਖਿਆ ਗਿਆ ਸੀ। 6 ਅਪ੍ਰੈਲ, 1928 ਨੂੰ ਇਹ ਛਾਪਿਆ ਗਿਆ ਸੀ। ਭਗਤ ਸਿੰਘ ਪਹਿਲੇ ਜਨਰਲ ਸੈਕਟਰੀ ਤੇ ਭਗਵਤੀ ਚਰਨ ਵੋਹਰਾ ਪ੍ਰਾਪੇਗੰਡਾ ਸਕੱਤਰ ਬਣਾਏ ਗਏ ਸਨ।
ਇਹ ਰਾਜਨੀਤਿਕ ਸੋਚ ਦੀ ਵਧ ਰਹੀ ਪਕਿਆਈ ਦਾ ਇਹ ਇਕ ਅਹਿਮ ਦਸਤਾਵੇਜ਼ ਹੈ।
-ਸੰਪਾਦਕ]
ਨੌਜਵਾਨ ਸਾਥੀਓ!
ਸਾਡਾ ਦੇਸ਼ ਇਕ ਨਾਜ਼ੁਕ ਅਵਸਥਾ ਵਿਚੋਂ ਲੰਘ ਰਿਹਾ ਹੈ। ਹਰ ਪਾਸੇ ਆਪਸੀ ਬੇ-ਇਤਬਾਰੀ ਅਤੇ ਨਿਰਾਸ਼ਾ ਦਾ ਬੋਲ-ਬਾਲਾ ਹੈ। ਉੱਘੇ ਲੀਡਰਾਂ ਦਾ ਆਪਣੇ ਉੱਚ ਆਦਰਸ਼ਾਂ ਵਿਚ ਕੋਈ ਵਿਸ਼ਵਾਸ ਨਹੀਂ ਰਿਹਾ ਅਤੇ ਉਹਨਾਂ ਵਿਚੋਂ ਬਹੁਤਿਆਂ 'ਚ ਲੋਕਾਂ ਦਾ ਕੋਈ ਵਿਸ਼ਵਾਸ ਨਹੀਂ ਰਿਹਾ। ਆਜ਼ਾਦੀ ਦੇ ਨਾਮ-ਧਰੀਕ ਹਾਮੀਆਂ ਪਾਸ ਨਾ ਕੋਈ ਪ੍ਰੋਗਰਾਮ ਹੈ ਅਤੇ ਨਾ ਹੀ ਜੋਸ਼ ਤੇ ਉਤਸ਼ਾਹ। ਹਰ ਪਾਸੇ ਹਫ਼ੜਾ-ਦਫ਼ੜੀ ਮਚੀ ਹੋਈ ਹੈ। ਪਰ ਅਜਿਹੀ ਹਫ਼ੜਾ-ਦਫ਼ੜੀ ਕਿਸੇ ਨਿਰਮਾਣ ਦਾ ਇਕ ਅਟੱਲ ਅਤੇ ਲਾਜ਼ਮੀ ਦੌਰ ਹੁੰਦਾ ਹੈ। ਅਜਿਹੇ ਸੰਕਟ ਵਿਚ ਹੀ ਤਾਂ ਕੰਮ ਕਰਨ ਵਾਲਿਆਂ ਦੀ ਲਗਨ ਦੀ ਪਰਖ ਹੁੰਦੀ ਹੈ, ਉਨ੍ਹਾਂ ਦਾ ਇਖ਼ਲਾਕ ਬਣਦਾ ਹੈ, ਨਿਗਰ ਪ੍ਰੋਗਰਾਮ ਉਲੀਕੇ ਜਾਂਦੇ ਹਨ ਅਤੇ ਫਿਰ ਨਵੇਂ ਹੌਸਲੇ, ਨਵੀਆਂ ਉਮੰਗਾਂ, ਪੂਰੇ ਉਤਸ਼ਾਹ ਅਤੇ ਪੂਰੇ ਸਿਦਕ ਨਾਲ ਕੰਮ ਅਰੰਭਿਆ ਜਾਂਦਾ ਹੈ। ਇਸ ਲਈ ਨਿਰਾਸ ਹੋਣ ਵਾਲੀ ਕੋਈ ਗੱਲ ਨਹੀਂ।
ਫਿਰ ਵੀ ਇਹ ਅਸਾਡੀ ਖ਼ੁਸ਼-ਕਿਸਮਤੀ ਹੈ ਕਿ ਅਸੀਂ ਇਕ ਨਵੇਂ ਯੁੱਗ ਦੀ ਦਹਿਲੀਜ਼ ’ਤੇ ਖੜ੍ਹੇ ਹਾਂ। ਪਹਿਲਾਂ ਵਾਂਗ ਅੰਗਰੇਜ਼ ਨੌਕਰਸ਼ਾਹੀ ਦੇ ਕੰਨ-ਪਾੜਵੇਂ ਸੋਹਲੇ ਨਹੀਂ ਸੁਣਨੇ ਪੈਂਦੇ। ਅੰਗਰੇਜ਼ ਦਾ ਸਾਡੇ ਉੱਤੇ ਇਹ ਇਤਿਹਾਸਿਕ ਸਵਾਲ ਕਿ ਤੁਸੀਂ ਕਲਮ ਦੀ ਹਕੂਮਤ ਪ੍ਰਵਾਨ ਕਰਦੇ ਹੋ ਜਾਂ ਤਲਵਾਰ ਦੀ ਅਜੇ ਤੱਕ ਲਾਜਵਾਬ ਨਹੀਂ ਪਿਆ ਹੋਇਆ। ਉਨ੍ਹਾਂ ਨੇ ਖ਼ੁਦ ਹੀ ਇਸ ਦਾ ਉੱਤਰ ਵੀ ਦੇ ਦਿੱਤਾ ਹੈ। ਲਾਰਡ ਬਰਕਨਹੈੱਡ ਦੇ ਸ਼ਬਦਾਂ ਵਿਚ ਇਹ ਜਵਾਬ ਇਉਂ ਹੈ:
“ਤਲਵਾਰ ਦੇ ਜ਼ੋਰ ਨਾਲ ਹੀ ਅਸੀਂ ਭਾਰਤ ਨੂੰ ਫ਼ਤਿਹ ਕੀਤਾ ਸੀ ਤੇ ਤਲਵਾਰ ਨਾਲ ਹੀ ਅਸੀਂ ਇਸ 'ਤੇ ਰਾਜ ਕਰਾਂਗੇ।” ਸ਼ੁਕਰ ਹੈ! ਇਸ ਸਾਫ਼ ਕਥਨੀ ਨਾਲ ਸਾਰੀ ਸੱਚਾਈ ਸਾਡੇ ਸਾਹਮਣੇ ਆ ਗਈ। ਜਲ੍ਹਿਆਂ ਵਾਲੇ ਅਤੇ ਮਾਨਾਂ ਵਾਲੇ ਦੇ ਸਾਕਿਆਂ ਦੀਆਂ ਯਾਦਾਂ ਨੂੰ ਮੁੱਖ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/222