ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਖਦਿਆਂ ਹੋਇਆਂ ਇਹ ਕਹਿਣ ਦੀ ਲੋੜ ਨਹੀਂ ਹੈ, ਕਿ ਕੋਈ ਚੰਗੀ ਤੋਂ ਚੰਗੀ ਵਿਦੇਸ਼ੀ ਸਰਕਾਰ ਵੀ ਆਪਣੀ ਸਰਕਾਰ ਵਰਗੀ ਨਹੀਂ ਹੋ ਸਕਦੀ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ।
ਹੁਣ ਭਾਰਤ ਵਿਚ ਅੰਗਰੇਜ਼ੀ ਰਾਜ ਦੀਆਂ ਬਰਕਤਾਂ ਬਾਰੇ ਵੀ ਸੁਣ ਲਓ। ਭਾਰਤ ਦੀਆਂ ਸਨਅਤਾਂ ਦੀ ਗਿਰਾਵਟ ਅਤੇ ਪਤਨ ਨੂੰ ਸਿੱਧ ਕਰਨ ਲਈ ਕੀ ਦਾਦਾ ਭਾਈ ਨਾਰੋ ਜੀ, ਰਮੇਸ਼ ਚੰਦਰ ਦੱਤ ਅਤੇ ਵਿਲੀਅਮ ਡਿਗਬੀ ਦੇ ਸਾਰੇ ਗ੍ਰੰਥਾਂ ਦੀ ਗਵਾਹੀ ਦੀ ਕੋਈ ਲੋੜ ਬਾਕੀ ਹੈ? ਸੰਸਾਰ ਭਰ 'ਚ ਸਭ ਤੋਂ ਉਪਜਾਊ ਜ਼ਮੀਨ ਅਤੇ ਬੇਅੰਤ ਕੀਮਤੀ ਖਾਨਾਂ ਦੇ ਹੁੰਦਿਆਂ ਹੋਇਆਂ ਵੀ ਭਾਰਤ ਦੁਨੀਆ ਦੇ ਸਭ ਤੋਂ ਗਰੀਬ ਮੁਲਕਾਂ ਵਿਚ ਹੈ। ਕੀ ਇਸ ਨੂੰ ਸਿੱਧ ਕਰਨ ਲਈ ਕਿਸੇ ਵਿਦਵਾਨ ਦੇ ਕਥਨ ਦੀ ਲੋੜ ਹੈ? ਕੀ ਨੌਜਵਾਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਉਹੀ ਭਾਰਤ ਜੋ ਕਿਸੇ ਸਮੇਂ ਆਪਣੀ ਸ਼ਾਨਦਾਰ ਸੱਭਿਅਤਾ ਉੱਤੇ ਮਾਣ ਕਰ ਸਕਦਾ ਸੀ, ਅੱਜ ਸੰਸਾਰ ਦੇ ਸਭ ਤੋਂ ਪਛੜੇ ਹੋਏ ਦੇਸ਼ਾਂ ਵਿਚੋਂ ਹੈ ਜਿਥੇ ਕੇਵਲ ਪੰਜ ਫੀਸਦੀ ਲੋਕ ਪੜ੍ਹੇ ਲਿਖੇ ਹਨ? ਕੀ ਲੋਕ ਇਹ ਨਹੀਂ ਜਾਣਦੇ ਕਿ ਇਸ ਦੇਸ਼ ਨੂੰ ਮਨੁੱਖੀ ਜ਼ਿੰਦਗੀ ਦੇ ਰੂਪ ਵਿਚ ਸਭ ਤੋਂ ਵੱਧ ਕਰ (ਟੈਕਸ) ਦੇਣਾ ਪੈਂਦਾ ਹੈ ਅਤੇ ਸੰਸਾਰ ਭਰ ਵਿਚ ਸਭ ਤੋਂ ਜ਼ਿਆਦਾ ਬੱਚਿਆਂ ਦੀਆਂ ਮੌਤਾਂ ਭਾਰਤ ਵਿਚ ਹੀ ਹੁੰਦੀਆਂ ਹਨ? ਪਲੇਗ, ਹੈਜ਼ਾ ਇਨਫਲੂਐਂਜਾ ਵਰਗੀਆਂ ਮਹਾ-ਮਾਰੀਆਂ ਅਤੇ ਹੋਰ ਅਜਿਹੀਆਂ ਬੀਮਾਰੀਆਂ ਦਿਨੋ-ਦਿਨ ਵੱਧ ਰਹੀਆਂ ਹਨ। ਕੀ ਰੋਜ਼ ਚੜ੍ਹਦੇ ਸੂਰਜ ਇਹ ਸੁਣ ਕੇ ਸਾਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਆਪਣੇ ਰਾਜ ਸੰਭਾਲਣ ਦੇ ਲਾਇਕ ਨਹੀਂ? ਕੀ ਇਹ ਸਚਮੁੱਚ ਹੀ ਸਾਡੀ ਬੇਇੱਜ਼ਤੀ ਨਹੀਂ ਕਿ ਗੁਰੂ ਗੋਬਿੰਦ, ਸ਼ਿਵਜੀ ਅਤੇ ਹਰੀ ਸਿੰਘ ਨਲੂਏ ਵਰਗੇ ਸੂਰਮਿਆਂ ਦੇ ਵਾਰਸ ਹੁੰਦਿਆਂ ਹੋਇਆਂ ਵੀ ਸਾਨੂੰ ਇਹ ਕਿਹਾ ਜਾਵੇ ਕਿ ਤੁਸੀਂ ਆਪਣੀ ਰੱਖਿਆ ਕਰਨ ਦੇ ਲਾਇਕ ਨਹੀਂ? ਅਫਸੋਸ! ਕਿ ਅਸੀਂ ਇਸ ਕਥਨ ਨੂੰ ਝੂਠਾ ਸਿੱਧ ਕਰਨ ਲਈ ਅਜੇ ਤੱਕ ਕੁਝ ਨਹੀਂ ਕਰ ਸਕੇ। ਕੀ ਅਸੀਂ ਆਪਣੀਆਂ ਅੱਖਾਂ ਨਾਲ ਆਪਣੇ ਵਣਜ ਵਪਾਰ ਨੂੰ ਉਸ ਦੇ ਬਚਪਨ ਵਿਚ ਹੀ ਕੁਚਲੇ ਜਾਂਦੇ ਨਹੀਂ ਤਕਿਆ ਜਿਸ ਲਈ ਪਹਿਲੀ ਕੋਸ਼ਿਸ਼ 1914 ਵਿਚ ਬਾਬਾ ਗੁਰਦਿੱਤ ਸਿੰਘ ਵੱਲੋਂ ਚਲਾਈ ਗਈ ‘ਗੁਰੂ ਨਾਨਕ ਜਹਾਜ਼ ਕੰਪਨੀ' ਨੇ ਕੀਤੀ ਸੀ। ਉਨ੍ਹਾਂ ਨਾਲ ਭਾਰਤ ਤੋਂ ਹਜ਼ਾਰਾਂ ਕੋਹਾਂ ਦੂਰ ਕੈਨੇਡਾ ਵਿਚ ਪਸ਼ੂਆਂ ਵਾਲਾ ਸਲੂਕ, ਰਸਤੇ ਵਿਚ ਵਹਿਸ਼ੀਆਨਾ ਜ਼ੁਲਮ ਅਤੇ ਅੰਤ ਵਿਚ ਉਨ੍ਹਾਂ ਥੱਕੇ-ਟੁੱਟੇ ਨਿਤਾਣੇ ਤੇ ਨਿਰਾਸ਼ ਮੁਸਾਫਰਾਂ ਦਾ ਬੱਜਬੱਜ ਦੇ ਘਾਟ ਤੇ ਗੋਲੀਆਂ ਦੀ ਵਾਛੜ ਨਾਲ ਖੂਨੀ ਸੁਆਗਤ ਅਤੇ ਹੋਰ ਅਨੇਕਾਂ ਅਕਹਿ ਜ਼ੁਲਮ ਤੇ ਹੋਰ ਕੀ ਕੀ ਨਹੀਂ ਵਾਪਰਿਆ? ਕੀ ਅਸੀਂ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਨਹੀਂ ਤੱਕਿਆ? ਜਿਸ ਭਾਰਤ ਦੇਸ਼ ਵਿਚ ਕਿਸੇ ਸਮੇਂ ਇਕ ਦਰੋਪਤੀ ਦੇ ਸਨਮਾਨ ਦੀ ਰਖਿਆ ਲਈ ਮਹਾਂ ਭਾਰਤ ਜੇਡਾਂ ਮਹਾਂ ਯੁੱਧ ਲੜਿਆ ਗਿਆ ਸੀ ਉਸੇ ਦੇਸ਼ ਵਿਚ 1919 ਦੇ ਸਮੇਂ ਅਨੇਕਾਂ ਦਰੋਪਤੀਆਂ ਦੀ ਪੱਤ ਲੁੱਟੀ ਗਈ, ਉਨ੍ਹਾਂ ਦੇ ਨੰਗੇ ਮੂੰਹਾਂ ਉੱਤੇ ਥੁੱਕਿਆ ਗਿਆ। ਕੀ ਅਸੀਂ ਇਹ ਸਭ ਕੁਝ ਆਪਣੀ ਅੱਖੀਂ ਨਹੀਂ ਡਿੱਠਾ? ਫਿਰ ਵੀ ਵਰਤਮਾਨ ਹਾਲਤ ਨੂੰ ਅਸੀਂ ਤਮਾਸ਼ਬੀਨਾਂ ਵਾਂਗ ਆਰਾਮ ਨਾਲ ਵੇਖੀ ਜਾਂਦੇ ਰਹੇ। ਕੀ ਇਹ ਜੀਵਨ ਜੀਣ ਯੋਗ ਹੈ?
ਕੀ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਲਈ ਕਿਸੇ ਗੈਬੀ ਇਲਹਾਮ ਦੀ ਲੋੜ ਹੈ ਕਿ ਅਸੀਂ ਗੁਲਾਮ ਹਾਂ ਅਤੇ ਹਰ ਹਾਲਤ ਵਿਚ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਦੇਣੀਆਂ ਚਾਹੀਦੀਆਂ ਹਨ? ਕੀ ਇਸ ਜੱਕੋ ਤੱਕੀ ਵਿਚ ਸਾਨੂੰ ਯੁੱਗਾਂ ਤੱਕ ਇਹ ਮਹਿਸੂਸ ਨਹੀਂ ਹੋਏਗਾ ਕਿ ਸਾਡੇ ਉਤੇ ਜ਼ੁਲਮ ਢਾਏ ਜਾ ਰਹੇ ਹਨ? ਕੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਲਈ ਅਸੀਂ ਕਿਸੇ ਰੱਬੀ ਕ੍ਰਿਸ਼ਮੇ ਜਾਂ ਗੈਬੀ ਕਰਾਮਾਤ ਦੀ ਮਦਦ ਦੀ ਆਸ ਲਈ ਬੈਠੇ ਰਹਾਂਗੇ? ਕੀ ਅਸੀਂ ਆਜ਼ਾਦੀ ਦੇ ਮੁੱਢਲੇ ਅਸੂਲ ਤੋਂ ਵੀ ਅਣਜਾਣ ਹਾਂ ਕਿ ਜਿਹੜੇ ਆਜ਼ਾਦ ਹਵਾ ਵਿਚ ਸਾਹ ਲੈਣ ਦੇ ਚਾਹਵਾਨ ਹਨ ਉਨ੍ਹਾਂ ਨੂੰ ਪਹਿਲਾਂ ਖੁਦ ਹੀ ਰਣ-ਖੇਤਰ ਦੀ ਜਵਾਲਾ ਵਿਚ ਕੁੱਦਣਾ ਪੈਂਦਾ ਹੈ। ਨੌਜਵਾਨੋ, ਜਾਗੋ! ਉਠੋ! ਸਾਨੂੰ ਸੁੱਤਿਆਂ ਯੁੱਗ ਬੀਤ ਚੁੱਕੇ ਹਨ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/223