ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/241

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਅਸਲੀ ਭਾਵ ਨੂੰ ਨਹੀਂ ਸਮਝਦੇ। ਮਨੁੱਖੀ ਭਾਈਚਾਰੇ ਦਾ ਅਸੂਲ ਮੰਗ ਕਰਦਾ ਹੈ ਕਿ ਇਕ ਆਦਮੀ ਦੇ ਹੱਥੋਂ ਦੂਜੇ ਆਦਮੀ ਅਤੇ ਇਕ ਕੌਮ ਦੂਜੀ ਕੌਮ ਦੀ ਲੁੱਟ-ਖਸੁੱਟ ਦਾ ਅੰਤ ਕਰ ਦਿੱਤਾ ਜਾਵੇ। ਕਿਸੇ ਵੀ ਕਿਸਮ ਦੇ ਵਿਤਕਰੇ ਤੋਂ ਬਗੈਰ ਹਰ ਇਕ ਨੂੰ ਤਰੱਕੀ ਦੇ ਇਕੋ ਜਿਹੇ ਮੌਕੇ ਦਿੱਤੇ ਜਾਣ। ਪਰ ਅੰਗਰੇਜ਼ੀ ਰਾਜ ਇਨ੍ਹਾਂ ਸਾਰੀਆਂ ਚੀਜਾਂ ਦੇ ਪੂਰੀ ਤਰ੍ਹਾਂ ਉਲਟ ਕਰ ਰਿਹਾ ਹੈ ਅਤੇ ਇਹ ਸਾਡੇ ਕਿਸੇ ਕੰਮ ਦਾ ਨਹੀਂ।

ਹੁਣ ਲੋਕ ਸੇਵਾ ਬਾਰੇ ਵੀ ਦੋ ਸ਼ਬਦ ਆਖ ਦਿੰਦੇ ਹਾਂ। ਬਹੁਤ ਸਾਰੇ ਨੇਕ ਆਦਮੀਆਂ ਦਾ ਖ਼ਿਆਲ ਹੈ ਕਿ ਲੋਕ ਸੇਵਾ (ਉਨ੍ਹਾਂ ਸੌੜੇ ਅਰਥਾਂ ਵਿਚ ਜਿਵੇਂ ਅਸੀਂ ਭਾਰਤੀ ਇਸ ਨੂੰ ਸਮਝਦੇ ਹਾਂ) ਸਭ ਰੋਗਾਂ ਦੀ ਦਵਾ ਹੈ ਅਤੇ ਦੇਸ਼ ਸੇਵਾ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸੇ ਲਈ ਸਾਡੇ ਬਹੁਤ ਸਾਰੇ ਜੋਸ਼ੀਲੇ ਨੌਜਵਾਨ ਗਰੀਬਾਂ ਵਿਚ ਅੰਨ ਵੰਡਣ ਅਤੇ ਸਾਰੀ ਉਮਰ ਬੀਮਾਰਾਂ ਦੀ ਸੇਵਾ ਕਰਨ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ। ਅਜਿਹੇ ਪੁਰਸ਼ ਸੱਚੇ ਅਤੇ ਕੁਰਬਾਨੀ ਦੇ ਪੁਤਲੇ ਜ਼ਰੂਰ ਹੁੰਦੇ ਹਨ ਪਰ ਇਹ ਨਹੀਂ ਸਮਝ ਸਕਦੇ ਕਿ ਸਿਰਫ ਦਾਨ ਦੇਣ ਨਾਲ ਨਾ ਭਾਰਤ ਵਿਚ ਤੇ ਨਾ ਹੀ ਕਿਸੇ ਹੋਰ ਦੇਸ਼ ਵਿਚ ਗਰੀਬੀ ਅਤੇ ਬੀਮਾਰੀ ਦੀ ਸਮੱਸਿਆ ਉੱਤੇ ਕਾਬੂ ਪਾਇਆ ਜਾ ਸਕਦਾ ਹੈ।

ਮਜ਼੍ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੇ ਰਾਹ ਵਿਚ ਵੱਡੀ ਰੁਕਾਵਟ ਹਨ। ਇਹ ਹਮੇਸ਼ਾ ਸਾਡੇ ਰਾਹ ਵਿਚ ਰੋੜਾ ਸਾਬਤ ਹੋਏ ਹਨ ਅਤੇ ਸਾਨੂੰ ਇਹਨਾਂ ਨੂੰ ਪਰ੍ਹੇ ਵਗਾਹ ਮਾਰਨਾ ਚਾਹੀਦਾ ਹੈ। ਜਿਹੜੀ ਚੀਜ਼ ਆਜ਼ਾਦ ਵਿਚਾਰਾਂ ਦੀ ਕਸਵੱਟੀ ਉਤੇ ਪੂਰੀ ਨਹੀਂ ਉਤਰਦੀ ਅਵੱਸ਼ ਖ਼ਤਮ ਹੋ ਜਾਂਦੀ ਹੈ। ਹੋਰ ਕਈ ਅਜਿਹੀਆਂ ਕਮਜ਼ੋਰੀਆਂ ਹਨ ਜਿਨ੍ਹਾਂ ਉੱਤੇ ਹਾਲੇ ਅਸੀਂ ਕਾਬੂ ਪਾਉਣਾ ਹੈ। ਵਿਦੇਸ਼ੀ ਹਾਕਮ ਹਿੰਦੂਆਂ ਦੀ ਕੱਟੜਤਾ ਤੇ ਪਿਛਾਂਹ-ਖਿਚੂ ਨੀਤੀ, ਮੁਸਲਮਾਨਾਂ ਦੇ ਤੁਅੱਸਬ ਅਤੇ ਆਮ ਕਰਕੇ ਸਾਰੇ ਫ਼ਿਰਕਿਆਂ ਦੀ ਤੰਗਦਿਲੀ ਦਾ ਫਾਇਦਾ ਉਠਾਉਂਦੇ ਹਨ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਨਕਲਾਬੀ ਲੱਗਣ ਵਾਲੇ ਸਭ ਫਿਰਕਿਆਂ ਦੇ ਨੌਜਵਾਨਾਂ ਦੀ ਲੋੜ ਹੈ।

ਅਸੀਂ ਅਜੇ ਤੱਕ ਕੁਝ ਵੀ ਨਹੀਂ ਕੀਤਾ ਅਤੇ ਨਾ ਹੀ ਅਸੀਂ ਕਾਮਯਾਬੀ ਵਾਸਤੇ ਕੁਰਬਾਨੀ ਕਰਨ ਲਈ ਤਿਆਰ ਹਾਂ। ਪਰ ਸਾਡੇ ਨੇਤਾ ਤਾਂ ਪਹਿਲਾਂ ਹੀ ਕਿਸੇ ਖ਼ਿਆਲੀ ਕਾਮਯਾਬੀ ਦੀਆਂ ਵੰਡੀਆਂ ਪਾਉਣ ਲਈ ਆਪਸ ਵਿਚ ਲੜ ਰਹੇ ਹਨ। ਸਿਰਫ ਆਪਣੀ ਕਾਇਰਤਾ ਅਤੇ ਕੁਰਬਾਨੀ ਦੇ ਜਜ਼ਬੇ ਦੀ ਅਣਹੋਂਦ ਉੱਤੇ ਪੜਦਾ ਪਾਉਣ ਲਈ ਉਹ ਬਨਾਉਟੀ ਸ਼ੋਸ਼ੇ ਖੜ੍ਹੇ ਕਰਦੇ ਹਨ ਅਤੇ ਅਸਲੀ ਸਮੱਸਿਆ ਨੂੰ ਲੁਕਾ ਰਹੇ ਹਨ। ਇਹ ਕੁਝ ਨਾ ਕਰਨ ਵਾਲੇ, ਉਹਨਾਂ ਜੂਠੇ ਟੁਕੜਿਆਂ ਉੱਤੇ ਆਸਾਂ ਲਾਈ ਬੈਠੇ ਹਨ ਜਿਹੜੇ ਉਨ੍ਹਾਂ ਨੂੰ ਜਰਵਾਣੇ ਵਿਦੇਸ਼ੀ ਹਾਕਮਾਂ ਵੱਲੋਂ ਮਿਲਣ ਦੀ ਆਸ ਹੈ। ਇਹ ਬਹੁਤ ਹੱਤਕ ਭਰੀ ਦਸ਼ਾ ਹੈ। ਆਜ਼ਾਦੀ ਦੀ ਜੰਗ ਵਿਚ ਨਿਤਰਨ ਵਾਲੇ ਕਿਆਫੇ ਨਹੀਂ ਲਾਉਂਦੇ ਕਿ ਕਿੰਨੀ ਕੁਰਬਾਨੀ ਨਾਲ ਕਿੰਨੀ ਕਾਮਯਾਬੀ ਹੋਵੇਗੀ ਅਤੇ ਇਸ ਵਿਚ ਸਾਡੇ ਹਿੱਸੇ ਕੀ ਆਵੇਗਾ? ਅਜਿਹੇ ਲੋਕ ਕਦੇ ਵੀ ਕੁਰਬਾਨੀ ਨਹੀਂ ਕਰ ਸਕਦੇ। ਸਾਨੂੰ ਉਨ੍ਹਾਂ ਮਰਦਾਂ ਦੀ ਲੋੜ ਹੈ ਜਿਹੜੇ ਹਰ ਕਿਸਮ ਦੀ ਆਸ ਉਮੀਦ, ਡਰ ਜਾਂ ਦੁਚਿੱਤੀ ਨੂੰ ਤਿਆਗ ਕੇ ਸੰਘਰਸ਼ ਕਰਨ ਤੇ ਜਿਹੜੇ ਬਿਨਾਂ ਸ਼ੁਹਰਤ ਗੁੰਮਨਾਮ ਰਹਿ ਕੇ ਸ਼ਹੀਦੀਆਂ ਪਾ ਸਕਣ। ਅਜਿਹੇ ਜਜ਼ਬੇ ਤੋਂ ਬਗੈਰ ਅਸੀਂ ਉਹ ਦੋਪਾਸੀ ਜੰਗ ਨਹੀਂ ਲੜ ਸਕਾਂਗੇ ਜੋ ਸਾਨੂੰ ਵੰਗਾਰ ਰਹੀ ਹੈ-ਦੋਪਾਸੀਂ ਇਸ ਲਈ, ਇਕ ਤਾਂ ਆਪਣੇ ਅੰਦਰਲੇ ਦੁਸ਼ਮਣ ਦੇ ਖ਼ਿਲਾਫ਼ ਤੇ ਦੂਜੀ ਵਿਦੇਸ਼ੀ ਦੁਸ਼ਮਣ ਦੇ ਖ਼ਿਲਾਫ਼। ਸਾਡਾ ਅਸਲੀ ਸੰਘਰਸ਼ ਸਾਡੀਆਂ ਆਪਣੀਆਂ ਕਮਜ਼ੋਰੀਆਂ ਵਿਰੁੱਧ ਹੈ ਜਿਨ੍ਹਾਂ ਦਾ ਫਾਇਦਾ ਸਾਡਾ ਦੁਸ਼ਮਣ ਵੀ ਉਠਾਉਂਦਾ ਹੈ ਤੇ ਸਾਡੇ ਆਪਣੇ ਵਿਚੋਂ ਕਈ ਖੁਦਗਰਜ਼ ਲੋਕ ਵੀ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/225