ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/249

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

54. ਲਾਲਾ ਲਾਜਪਤ ਰਾਏ ਤੇ ਮਿਸ ਐਗਨਿਸ ਸਮੈਡਲੀ

-ਜਨਵਰੀ, 1928

ਦਾ ਪੀਪਲ (The people) ਇਕ ਹਫ਼ਤੇਵਾਰ ਅੰਗਰੇਜ਼ੀ ਅਖ਼ਬਾਰ ਹੈ। ਇਸਦਾ ਜਨਮਦਾਤਾ ਤੇ ਐਡੀਟਰ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਹੈ। ਜਿਸ ਵੇਲੇ ਇਹ ਪਰਚਾ ਪਹਿਲੇ ਪਹਿਲ ਕੱਢਿਆ ਗਿਆ ਸੀ, ਤਾਂ ਉਸ ਵਿਚ ਪਹਿਲੇ ਹੀ ਸਫ਼ੇ ਤੇ ਲਾਲਾ ਜੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਸ ਅਖ਼ਬਾਰ ਵਿਚ ਹਰ ਇਕ ਕਿਸਮ ਦੇ ਖ਼ਿਆਲ ਦਿੱਤੇ ਜਾ ਸਕਣਗੇ ਅਤੇ ਹਰ ਇਕ ਰਾਏ ਨੂੰ ਭਾਵੇਂ ਉਹ ਕੇਹੋ ਜਿਹੀ ਹੀ ਕਿਉਂ ਨਾ ਹੋਵੇ, ਸੁਣਿਆ ਜਾਇਆ ਕਰੇਗਾ, ਅਤੇ ਉਸ ਤੇ ਧੀਰਜ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਇਆ ਕਰੇਗੀ। ਮੁਕਦੀ ਗੱਲ ਇਹ ਹੈ ਕਿ ਇਹ ਪ੍ਰਚਾ ਇਕ ‘ਖੁਲ੍ਹਾ ਵਿਚਾਰ ਘਰ' (open forum) ਬਣਾਇਆ ਗਿਆ ਸੀ, ਜਿਥੇ ਹਰ ਇਕ ਗੱਲ ਉਤੇ ਬਹਿਸ 'ਤੇ ਵਿਚਾਰ ਹੋਣੀ ਸੀ, ਤਾਂ ਜੋ ਅੰਗਰੇਜ਼ੀ ਪੜ੍ਹੇ ਲਿਖੇ ਲੋਕ ਠੀਕ-ਠੀਕ ਹਾਲਾਤ ਨੂੰ ਸਮਝ ਸਕਣ ਅਤੇ ਉਨ੍ਹਾਂ ਤੇ ਠੀਕ-ਠੀਕ ਰਾਏ ਕਾਇਮ ਕਰ ਸਕਣ!

ਇਸ ਲੇਖ ਦਾ ਲਿਖਾਰੀ ਇਸ ਪਰਚੇ ਨੂੰ ਸ਼ੁਰੂ ਤੋਂ ਲੈ ਕੇ ਹੁਣ ਤਕ ਪੜ੍ਹਦਾ ਰਿਹਾ ਹੈ। ਇਹ ਪਰਚਾ ਚੰਗੇ ਪਰਚਿਆਂ ਵਿਚੋਂ ਇਕ ਵਧੀਆ ਪਰਚਾ ਹੈ। ਇਸ ਵਿਚ ਅਕਤੂਬਰ 1927 ਤਕ ਉਤਲੇ ਮੁਖ ਮੰਤਵ ਨੂੰ ਪੂਰੀ ਤਰ੍ਹਾਂ ਨਾਲ ਪੂਰਾ ਕੀਤਾ ਜਾਂਦਾ ਰਿਹਾ ਹੈ। ਇਸ ਵਿਚ ਚੰਗੇ-ਚੰਗੇ ਲਿਖਾਰੀਆਂ ਦੇ ਲੇਖ ਛਪਦੇ ਰਹੇ ਹਨ। ਪਰ ਅਕਤੂਬਰ 1927 ਤੋਂ ਇਸ ਨੇ ਉੱਪਰ ਦੱਸੇ ਮੁਖ ਮੰਤਵ ਤੋਂ ਮੂੰਹ ਫੇਰ ਲਿਆ ਹੈ, ਅਤੇ ਮਿਸ ਐਗਨਿਸ ਸਮੈਡਲੀ ਦੇ ਲੇਖ ਛਾਪਣੇ ਬੰਦ ਕਰ ਦਿੱਤੇ ਹਨ।

ਮਿਸ ਐਗਨਿਸ ਸਮੈਡਲੀ ਯੂਰਪ ਦੀ ਇਕ ਮੰਨੀ ਪ੍ਰਮੰਨੀ ਲਿਖਾਰੀ ਹੈ। ਇਹ ਬਰਲਨ ਦੀ ਯੂਨੀਵਰਸਿਟੀ ਵਿਚ ਅੰਗਰੇਜ਼ੀ ਪੜ੍ਹਾਉਂਦੀ ਹੈ। ਲਾਲਾ ਜੀ ਜ਼ਾਤੀ ਤੌਰ 'ਤੇ ਉਸ ਨੂੰ ਜਾਣਦੇ ਹਨ। ਆਪ ਉਸ ਦੀ ਬਾਬਤ ਲਿਖਦੇ ਹਨ— “ਪਿਛਲੇ ਦਸ ਸਾਲਾਂ ਤੋਂ ਮੈਂ ਮਿਸ ਸਮੈਡਲੀ ਨੂੰ ਜਾਣਦਾ ਹਾਂ। ਮੈਂ ਉਸ ਦੀ ਨੇਕ ਨੀਤੀ ਤੇ ਕਦੇ ਵੀ ਸ਼ੱਕ ਨਹੀਂ ਕੀਤਾ ਹੈ। ਉਹ ਅਜਿਹੀ ਇਸਤਰੀ ਨਹੀਂ ਹੈ ਜਿਸ ਨੂੰ ਕਿ ਰੁਪੈ ਨਾਲ ਖਰੀਦਿਆ ਜਾ ਸਕਦਾ ਹੈ। ਉਹ ਜਮਾਂਦਰੂ ਹੀ ਜੁੱਗ-ਪਲਟਾਊ ਹੈ, ਅਤੇ ਉਸ ਦਾ ਸੁਭਾੱ, ਝੁਕਾਅ ਅਤੇ ਆਦਤਾਂ ਸਭ ਇਕ ਜੁੱਗ-ਪਲਟਾਊ ਵਾਲੇ ਹਨ। ਉਸ ਦਾ ਜੀਵਨ ਇੱਜ਼ਤ ਨਾਲ ਜ਼ਿੰਦਾ ਰਹਿਣ ਲਈ ਜੰਗ ਕਰਦੇ-ਕਰਦੇ ਹੀ ਗੁਜ਼ਰ ਗਿਆ ਹੈ। ਅਤੇ ਇਸ ਗੱਲ ਨੇ ਇਸ ਜੁੱਗ-ਪਲਟਾਊ ਪਾਸੇ ਵੱਲ ਉਸ ਦਾ ਹੋਰ ਝੁਕਾਅ ਵਧਾ ਦਿੱਤਾ ਹੈ। ਜ਼ਾਤੀ ਤੌਰ 'ਤੇ ਉਸ ਦੇ ਇਰਾਦੇ ਬਿਲਕੁਲ ਪਵਿੱਤਰ ਅਤੇ ਸਾਫ਼ ਹਨ। ਉਹ ਇਕ ਐਸੀ ਔਰਤ ਹੈ, ਜਿਹੜੀ ਕਿ ਆਪਣੇ ਕੰਮ ਅਤੇ ਦੋਸਤਾਂ ਲਈ ਬੜੀਆਂ-ਬੜੀਆਂ ਕੁਰਬਾਨੀਆਂ ਕਰ ਸਕਦੀ ਹੈ। ਅਤੇ ਮੈਂ ਜ਼ਾਤੀ ਵਾਕਫੀ ਨਾਲ ਆਖ ਸਕਦਾ ਹਾਂ ਕਿ ਸੋਨਾ ਉਸ ਨੂੰ ਉੱਕਾ ਹੀ ਨਹੀਂ ਭਰਮਾ ਸਕਦਾ ਹੈ।”

ਮਿਸ ਸਮੈਡਲੀ ਦੇ ਲੇਖ “ਪੀਪਲ” ਵਿਚ ਛਪਦੇ ਰਹੇ ਹਨ। ਜਿਸ-ਜਿਸ ਨੇ ਉਸ ਦੇ ਲੇਖ ਪੜ੍ਹੇ ਹਨ, ਉਹ ਇਸ ਦੀ ਲਿਆਕਤ ਵਿਦਿਆ ਅਤੇ ਵਾਕਫ਼ੀ ਦੀ ਦਾਦ ਦਿੱਤੇ ਬਗੈਰ ਨਹੀਂ ਰਹਿ ਸਕਦਾ। ਮਿਸ ਸਮੈਡਲੀ ਬੜੀ ਜ਼ਬਰਦਸਤ ਲਿਖਾਰੀ ਹੈ, ਉਹ ਜਿਸ ਗੱਲ ਨੂੰ ਲੈਂਦੀ ਹੈ ਉਸ ਵਿਚ ਜਾਨ ਪਾ ਦੇਂਦੀ ਹੈ। ਕੌਮਾਂਤਰੀ ਰਾਜਨੀਤੀ, ਹਿੰਦੁਸਤਾਨ ਦਾ ਜੁੱਗ-ਪਲਟਾਊ ਇਤਿਹਾਸ ਅਤੇ ਹਿੰਦੁਸਤਾਨ ਦੇ ਜਲਾਵਤਨਾਂ ਦੀ ਬਾਬਤ ਉਹ ਜਿੰਨੀ ਵਾਕਫੀ ਰੱਖਦੀ ਹੈ, ਸ਼ਾਇਦ ਹੀ ਕੋਈ ਹਿੰਦੁਸਤਾਨੀ ਰੱਖਦਾ ਹੋਵੇ। ਹਿੰਦੁਸਤਾਨ ਗ਼ੁਲਾਮ ਹੋਣ ਕਰਕੇ, ਜਾਂ ਪਤਾ ਨਹੀਂ ਹੋਰ ਕਿਸੇ ਕਾਰਨ ਕਰਕੇ, ਉਹ ਭਾਰਤ ਵਰਸ਼ ਨਾਲ ਬੜਾ ਪਿਆਰ ਕਰਦੀ ਹੈ। ਅਤੇ ਇਥੋਂ ਦੇ ਅਖ਼ਬਾਰਾਂ, ਰਸਾਲਿਆਂ ਵਿਚ ਆਪਣੇ ਖ਼ਿਆਲ ਦਸਦੀ ਰਹਿੰਦੀ ਹੈ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/233