ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਲਾਲਾ ਲਾਜਪਤ ਰਾਏ ਨੂੰ ਮਿਸ ਸਮੈਡਲੀ ਦੇ ਖ਼ਿਆਲ ਚੰਗੇ ਨਹੀਂ ਲੱਗੇ। ਉਸ ਨੂੰ ਮਿਸ ਸਮੈਡਲ ਦੇ ਲੇਖਾਂ ਵਿਚੋਂ ‘ਬੌਲਸ਼ਵਿਕਾਂ’ ਵਾਲੀ ਬੋਅ ਆਈ ਹੈ। ਉਸ ਦਾ ਕੋਮਲ ਨੱਕ, ਇਸ ਬੌਲਸ਼ਵਿਕੀ ਬੋਅ ਨੂੰ ਸਹਾਰ ਨਹੀਂ ਸਕਿਆ, ਤਦੇ ਲਾਲਾ ਜੀ ਪੁਰਾਣੀਆਂ ਕਹਾਣੀਆਂ ਵਾਂਗ ‘ਮਾਣਸ ਗੰਧ, ਮਾਣਸ ਗੰਧ' ਚੀਕ ਉੱਠੇ ਹਨ। ਅਤੇ ਮਿਸ ਸਮੈਡਲੀ ਦੇ ਲੇਖਾਂ ਤੋਂ ਤੋਬਾ-ਤੋਬਾ ਕਰ ਉੱਠੇ ਹਨ। ਇਸ ਬਾਲਸ਼ਵਿਕੀ ਡਰ ਨਾਲ ਹੀ ਆਪ ਨੇ ਆਪਣੇ ਮੁਖ-ਮੰਤਵ ਨੂੰ ਵੀ ਲਤਾੜ ਛੱਡਿਆ ਹੈ, ਤੇ ਹੁਣ ‘ਬੀਬੇ-ਰਾਣਿਆਂ' ਦੇ ਲੇਖ ਛਾਪਣ ਲੱਗ ਪਏ ਹਨ।

ਲਾਲਾ ਲਾਜਪਤ ਰਾਏ ਕਿਰਤੀਆਂ ਦੇ ਬੜੇ ਹਮੈਤੀ ਹਨ, ਆਪ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਰਹਿ ਚੁਕੇ ਹਨ। ਆਪ ਜਨੀਵਾ ਦੀ ਕੌਮਾਂਤਰੀ ਕਿਰਤੀ ਕਾਨਫਰੰਸ ਤੇ ਕਿਰਤੀਆਂ ਵਲੋਂ ਪ੍ਰਤੀਨਿਧ ਹੋ ਕੇ ਗਏ ਸਨ। ਆਪ-ਮਿਸਟਰ ਮੈਕਡੋਨੈਲਡ ਐਂਡ ਕੰਪਨੀ ਨੂੰ ਸਰਮਾਏਦਾਰ ਅਤੇ ਸ਼ਾਹਨਸ਼ਾਹੀ-ਪ੍ਰਸਤ ਲਿਖਿਆ ਕਰਦੇ ਹਨ। ਪਰ ਆਪ ਕੌਣ ਹਨ? ਕਿਰਤੀ। ਨਹੀਂ, ਉੱਕਾ ਹੀ ਨਹੀਂ। ਆਪ ਪੱਕੇ ਸਰਮਾਏਦਾਰ ਹਨ, ਸਰਮਾਏਦਾਰਾਂ ਨਾਲ ਯਰਾਨਾ ਰੱਖਦੇ ਹਨ, ਤਦੇ ਹੀ ਤਾਂ ਸਿਹਤ ਠੀਕ ਕਰਨ ਦੇ ਬਹਾਨੇ ਮਿਸਟਰ ਬਿਰਲੇ ਨਾਲ ਜਨੀਵਾ ਗਏ ਸਨ ਅਤੇ ਉਥੇ ਉਸ ਦੀ ਮਦਦ ਕਰਦੇ ਰਹੇ ਸਨ।

ਆਪ ਲਿਖਦੇ ਹਨ, ਕਿ 'ਮਿਸ ਸਮੈਡਲੀ ਨੇ ਸਾਨੂੰ ਕੋਈ ਨਵੀਂ ਗੱਲ ਨਹੀਂ ਦਸੀ ਹੈ। ਅਸੀਂ ਜਾਣਦੇ ਹਾਂ ਅਤੇ ਪਿਛਲੇ ਦੋ ਸੌ ਸਾਲ ਤੋਂ ਜਾਣਦੇ ਰਹੇ ਹਾਂ, ਕਿ ਇੰਗਲੈਂਡ ਚੜ੍ਹਦੇ ਮੁਲਕਾਂ ਵਿਚ ਹਿੰਦੁਸਤਾਨ ਨੂੰ ਆਪਣੇ ਜੰਗਾਂ ਤੇ ਜੰਗੀ ਤਿਆਰੀਆਂ ਲਈ ਵਰਤਦਾ ਰਿਹਾ ਹੈ।' ਪਰ ਲਾਲਾ ਜੀ ਨੂੰ ਕੋਈ ਪੁੱਛਣ ਵਾਲਾ ਹੋਵੇ, ਤਾਂ ਪੁੱਛੇ, ਕਿ ਤੁਸੀਂ ਦੋ ਸੌ ਸਾਲ ਤੋਂ ਅੰਗਰੇਜ਼ੀ ਚਾਲਾਂ ਨੂੰ ਜਾਣਦੇ ਰਹੇ, ਕਿ ਉਹ ਹਿੰਦੁਸਤਾਨ ਨੂੰ ਜੰਗੀ ਕੰਮਾਂ ਲਈ ਵਰਤਦੇ ਹਨ, ਤਾਂ ਤੁਸਾਂ ਇਸ ਵਰਤਣ ਦੇ ਬਰਖ਼ਲਾਫ਼ ਰੌਲਾ ਕਿਉਂ ਨਾ ਪਾਇਆ? ਤੁਸਾਂ ਪਿਛਲੇ ਵੱਡੇ ਜੰਗ ਵਿਚ ਹੀ ਹਿੰਦੁਸਤਾਨ ਨੂੰ ਸਲਾਹ ਕਿਉਂ ਨਾ ਦਿੱਤੀ ਕਿ ‘ਹਿੰਦੁਸਤਾਨੀਓਂ, ਸੰਭਲ ਜਾਉ, ਹੁਣ ਵੇਲਾ ਜੇ, ਇਨ੍ਹਾਂ ਨੂੰ ਜੰਗ ਵਿਚ ਕੋਈ ਮੱਦਦ ਨਾ ਦਿਓ, ਅਤੇ ਆਜ਼ਾਦੀ ਲਈ ਲੜੋ'। ਪਰ ਉਸ ਵੇਲੇ ਆਪ ਅਜਿਹਾ ਕਿਉਂ ਕਰਦੇ, ਉਸ ਵੇਲੇ ਆਨੰਦ ਨਾਲ ਬੈਠੇ ਅਮਰੀਕਾ ਵਿਚ ਆਪ ਤਮਾਸ਼ਾ ਵੇਖ ਰਹੇ ਸਨ, ਅਤੇ ਅੰਗਰੇਜ਼ਾਂ ਤਾਈਂ ਜਰਮਨੀ ਦੇ ਵਿਰੁੱਧ ਲਿਖਕੇ, ਸਾਬਤ ਕਰ ਰਹੇ ਸਨ, ਕਿ ਆਪ ‘ਖ਼ਤਰਨਾਕ' ਨਹੀਂ ਹਨ ਅਤੇ ਆਪ ਨੂੰ ਜਲਾਵਤਨੀ ਤੋਂ ਹਿੰਦੁਸਤਾਨ ਵਾਪਸ ਘੱਲਿਆਂ ਕੋਈ ਡਰ ਨਹੀਂ ਹੈ।

ਲਾਲਾ ਜੀ! ਤੁਹਾਨੂੰ ਸਭ ਗਿਆਨ ਹਨ। ਤੁਹਾਡੇ ਸਾਹਮਣੇ ਹੀ ਤੁਹਾਥੋਂ ਅਨਪੜ੍ਹ ਸਿੱਖ ਭਾਈ ਅਮਰੀਕਾ ਵਿਚੋਂ ਜਥੇ ਬਣਾ ਬਣਾਕੇ ਇਥੇ ਆਏ ਅਤੇ ਉਨ੍ਹਾਂ ਦੁਹਾਈ ਪਈ, ਕਿ ‘ਲੋਕੋ ਜੰਗ ਵਿਚ ਕੋਈ ਮੱਦਦ ਨਾ ਦਿਉ। ਹੁਣੇ ਵੇਲਾ, ਹੁਣ ਲੋਹਾ ਗਰਮ ਜੇ, ਸੱਟ ਮਾਰੋ ਅਤੇ ਆਜ਼ਾਦ ਹੋ ਜਾਉ। ਉਨ੍ਹਾਂ ਦੀ ਕਿਸੇ ਨਾ ਸੁਣੀ ਪਰ ਉਹ ਸ਼ਹੀਦੀਆਂ ਪ੍ਰਾਪਤ ਕਰਕੇ ਆਪਣੇ ਫ਼ਰਜ਼ ਪੂਰੇ ਕਰ ਗਏ। ਉਸ ਵੇਲੇ ਆਪ ਸਭ ਕੁਝ ਜਾਣਦੇ ਸਉ, ਕਿਉਂਕਿ ਤੁਹਾਡੇ ਵਾਸਤੇ ਕੋਈ ਨਵੀਂ ਗੱਲ ਤਾਂ ਹੋਈ ਹੀ ਨਾ। ਪਰ ਆਪ ਦਾ ਮੱਚ ਮਰ ਗਿਆ ਹੋਇਆ ਸੀ ਆਪ ਨੂੰ ਹਿੰਦੁਸਤਾਨ ਮੁੜਨ ਦੀ ਚਾਹ ਨੇ ਤੜਪਾਇਆ ਹੋਇਆ ਸੀ। ਆਪ ਅੰਗਰੇਜ਼ ਦੀ ਨਜ਼ਰ ਵਿਚ ਚੰਗਾ ਬਣਕੇ ਇਥੇ ਹਿੰਦੁਸਤਾਨ ਵਿਚ ਆਉਣਾ ਚਾਹੁੰਦੇ ਸਾਉਂ। ਇਸ ਲਈ ਆਪ ਚੁੱਪ ਰਹੇ ਤੇ ਮੌਨ ਧਾਰ ਲਈ, ਸਗੋਂ ਅੰਗਰੇਜ਼ਾਂ ਦੇ ਵਫ਼ਾਦਾਰ ਬਨਣ ਲਈ ਜਰਮਨ ਦੇ ਬਰਖ਼ਲਾਫ਼ ਕਲਮ ਉਠਾਂਦੇ ਰਹੇ। ਕਿਉਂ ਲਾਲਾ ਜੀ ਠੀਕ ਹੈ ਨਾ?

ਲਾਲਾ ਜੀ! ਉਂਞ ਤਾਂ ਤੁਹਾਨੂੰ ਸਭ ਕੁਛ ਪਤਾ ਹੀ ਹੈ, ਪਰ ਫੇਰ ਵੀ ਚੇਤਾਵਨੀ ਦੇਣੀ ਚੰਗੀ ਹੁੰਦੀ ਹੈ। ਸੁਣੋ! ਹੁਣ ਫੇਰ ਜੰਗ ਛਿੜਨ ਵਾਲਾ ਜੇ। ਹਿੰਦੁਸਤਾਨ ਨੂੰ ਫੇਰ ਆਪਣੇ ਮਤਲਬ ਲਈ ਅੰਗਰੇਜ਼ ਵਰਤਣ ਲਗੇ ਜੇ। ਕੌਮ ਨੂੰ ਖ਼ਬਰਦਾਰ ਕਰ ਦਿਓ, ਹਿੰਦੁਸਤਾਨ ਵਿਚ ਢੰਡੋਰਾ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/234