ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/251

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਫੇਰ ਦਿਓ, ਤਾਂ ਕਿ ਲੋਕ ਅੰਗਰੇਜ਼ੀ ਚਾਲਾਂ ਦੇ ਫੰਦਿਆਂ ਵਿਚ ਨਾ ਫਸਣ ਅਤੇ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਤਿਆਰ ਹੋ ਜਾਣ। ਕੀ ਨਿਤਰੋਗੇ?

ਪਰ ਲਾਲਾ ਜੀ ਤਾਂ ਆਪਣੇ ‘ਅੰਦਰਲੇ’ ਚਾਨਣ ਅਨੁਸਾਰ ਕੰਮ ਕਰਦੇ ਹਨ, ਉਹ ਕਿਸੇ ਦੇ ਆਖੇ ਤੇ ਕੋਈ ਕੰਮ ਨਹੀਂ ਕਰਦੇ। ਪਰ ਬਾਬਾ, ਜ਼ਮਾਨਾ ਬੁਰੀ ਬਲਾ ਹੈ, ਇਹ ਕਿਸੇ ਤਰ੍ਹਾਂ ਵੀ ਨਹੀਂ ਜੀਊਣਾ ਦੇਂਦਾ। ਇਹ ਚਾਨਣਾ ਕਿਤੇ ਅੰਦਰਲੀ ਕਮਜ਼ੋਰੀ ਦਾ ਹੀ ਨਾਂ ਨਹੀਂ? ਕਿਉਂਕਿ ਚਾਨਣੇ ਚਾਨਣੇ ਵਿਚ ਫਰਕ ਹੁੰਦਾ ਹੈ ਅਤੇ ਲਾਲਾ ਜੀ ਦੇ ਆਪਣੇ ਅੰਦਰ ਵੀ ਕਈ ਪਰਕਾਰ ਦੇ ਚਾਨਣੇ ਹਨ। ਇਕ ਚਾਨਣਾ ਤਾਂ ਉਹ ਸੀ, ਜੇਹੜਾ ਲਾਲਾ ਲਾਜਪਤ ਰਾਏ ਨੂੰ ਪਰਦੇਸੀ ਮੁਲਕਾਂ ਵਿਚ ਭਜਾਈ ਫਿਰਦਾ ਸੀ, ਇਕ ਚਾਨਣਾ ਉਹ ਸੀ, ਜੇਹੜਾ ਉਨ੍ਹਾਂ ਨੂੰ ਮੁੜ ਏਥੇ ਲਿਆਇਆ। ਇਕ ਚਾਨਣੇ ਦਾ ਚਾਨਣ ਲਾਹੌਰ ਸੈਂਟਰਲ ਜੇਲ੍ਹ ਵਿਚੋਂ ਛੁਟਣ ਪਿਛੋਂ ਹੋਇਆ। ਤੇ ਇਕ ਵੇਰ ਜਵਾਬੀ ਮਿਲਵਰਤਨੀਆਂ ਵਿਚ ਸ਼ਾਮਲ ਹੋਣ ਵੇਲੇ ਲਾਲਾ ਜੀ ਦੀ ਅਗਵਾਈ ਕਰਦਾ ਸੀ। ਲਾਲਾ ਜੀ! ਸਮਝ ਨਹੀਂ ਪਈ ਤੁਸੀਂ ਕੇਹੜੇ ਚਾਨਣ ਪਿਛੇ ਤੁਰਦੇ ਹੋ, ਕਿਰਪਾ ਕਰਕੇ ਦੱਸੋਂਗੇ?

‘ਕੀ ਸਾਂਝੀ ਵਾਲੀ ਆਪਣੇ ਆਪ ਇਕ, ਘੱਟ ਤੋਂ ਘੱਟ ਅੱਜ ਕੱਲ੍ਹ ਦੀ ਦੁਨੀਆ ਵਿਚ ਫਿਰਕੇਦਾਰੀ ਨਹੀਂ ਹੈ? ਕੀ ਇਹ ਇਕ ਸ਼੍ਰੇਣੀ ਦੀ ਦੂਜੀ ਸ਼੍ਰੇਣੀ ਦੇ ਬਰਖਲਾਫ਼ ਜਥੇਬੰਦ ਜੰਗ ਨਹੀਂ?” ਲਾਲਾ ਜੀ ਫਰਮਾਂਦੇ ਹਨ।

ਪਰ ਲਾਲਾ ਜੀ! ਤੁਸੀਂ ਦੱਸੋ, ਤੁਸ਼ੀਂ ਸਗੋਂ ਫਿਰਕੇਦਾਰੀ ਵਿਚ, ਸਾਂਝੀਵਾਲੀ ਨੂੰ ਫਿਰਕੇਦਾਰੀ ਸਮਝਕੇ ਹੀ ਤਾਂ ਨਹੀਂ ਆਏ? ਤੁਸੀਂ ਖ਼ਿਆਲ ਕੀਤਾ ਹੋਣਾ ਏਂ, ਕਿ ਚਲੋ ਸਾਂਝੀਵਾਲ ਕੀ ਬਣਨਾ ਏਂ, ਹਿੰਦੂ ਹੀ ਫੇਰ ਬਣ ਜਾਂਦੇ ਹਾਂ।

ਲਾਲਾ ਜੀ ਸ਼੍ਰੇਣੀ ਜੰਗ ਦੇ ਵੀ ਉਲਟ ਜਾਪਦੇ ਹਨ, ਕਿਉਂਕਿ ਮਲੂਮ ਹੁੰਦਾ ਹੈ ਕਿ ਜਿਵੇਂ ਲਾਲਾ ਜੀ ਨੂੰ 200 ਸਾਲ ਤੋਂ ਹਿੰਦੁਸਤਾਨ ਦਾ ਗਿਆਨ ਹੈ, ਤਿਵੇਂ ਜੋ ਕੁਛ ਮਹਾਤਮਾ ਕਾਰਲ ਮਾਰਕਸ ਨੇ ਸਿਖਾਇਆ ਹੈ, ਉਸ ਦਾ ਵੀ ਗਿਆਨ ਹੈ। ਫੇਰ ਲਾਲਾ ਜੀ ਠਹਿਰੇ ਕਿਰਤੀਆਂ ਦੇ ਲੀਡਰ! ਕਿਉਂ ਨਾ ਸ਼੍ਰੇਣੀ-ਜੰਗ ਦੇ ਅਸੂਲ ਦੇ ਉਲਟ ਹੋਣ? ਕਿਰਤੀ ਲਹਿਰ ਦੀ ਨੀਂਹ ਰੱਖਣ ਵਾਲੇ ਮਹਾਤਮਾ ਕਾਰਲ ਮਾਰਕਸ ਦੇ ਮੋਟੇ-ਮੋਟੇ ਤਿੰਨੇ ਅਸੂਲਾਂ ਵਿਚੋਂ ਇਕ ਸ਼੍ਰੇਣੀ-ਜੰਗ ਹੈ, ਤੇ ਏਸੇ ਅਸੂਲ 'ਤੇ ਹੀ ਅੱਜ ਕਿਰਤੀ ਆਪਣੀਆਂ-ਆਪਣੀਆਂ ਸਰਕਾਰਾਂ ਨਾਲੋਂ, ਆਪਣੇ-ਆਪਣੇ ਮੁਲਕਾਂ ਨਾਲੋਂ ਤੋੜ ਕੇ ਵਿਸ਼ਵ-ਕਿਰਤੀ ਜਥੇਬੰਦੀ ਵਿਚ ਸ਼ਾਮਲ ਹੋ ਰਹੇ ਹਨ। ਪਰ ਲਾਲਾ ਜੀ ਅੱਜ ਸ਼੍ਰੇਣੀ-ਜੰਗ ਦੇ ਉਲਟ ਹੋ ਕੇ ਸਰਮਾਇਦਾਰੀ ਤੇ ਸ਼ਾਹਨਸ਼ਾਹੀ ਨੂੰ ਵੀ ਰਹਿਣ ਦੇਣਾ ਚਾਹੁੰਦੇ ਹਨ। ਸ਼ਾਇਦ ਇਹ ਸਮਝਦੇ ਹੋਣ ਕਿ ਸੁਸਾਇਟੀ ਦੇ ਵਿਕਾਸ ਵਿਚ ਜਿੱਦਾਂ ਕਿ ਆਪ ਸਰਮਾਏਦਾਰ ਆਖਿਆ ਕਰਦੇ ਹਨ, ਦੋਵਾਂ ਦੀ ਹੀ ਲੋੜ ਹੈ।

ਅਸਲੀ ਗੱਲ ਇਹ ਹੈ, ਕਿ ਲਾਲਾ ਜੀ ਇਕ ਇਕ ਕਰਕੇ ਆਪਣੇ ਪਹਿਲੇ ਅਸੂਲ ਛੱਡ ਰਹੇ ਹਨ, ਤੇ ਮੁੜ ਪਹਿਲੇ ਹੀ ਆਰਯਾ-ਸਮਾਜੀ ਬਣ ਰਹੇ ਹਨ। ਏਸੇ ਕਰਕੇ ਹੀ ਆਪ ਨੇ ਬੜੇ ਛਿੱਥੇ ਪੈ ਕੇ ਮਿਸ ਐਗਨਿਸ ਸਮੈਡਲੀ ਦੇ ਕੌਮਾਂਤਰੀ ਅਸੂਲ ਸਿਖਾਲਣ ਵਾਲੇ ਲੇਖਾਂ ਨੂੰ ਛਾਪਣੋਂ ਬੰਦ ਕਰ ਦਿੱਤਾ ਹੈ। ਬੰਦ ਕਰਦੇ ਹੋਏ ਜੇਹੜਾ ਨੋਟ ਲਾਲਾ ਲਾਜਪਤ ਰਾਏ ਨੇ 13 ਅਕਤੂਬਰ ਦੇ ਪਰਚੇ ਵਿਚ ਲਿਖਿਆ ਹੈ, ਉਸ ਨੇ ਲਾਲੇ ਦੀ ਸ਼ਾਨ ਨੂੰ ਕੋਈ ਉੱਚਾ ਨਹੀਂ ਕੀਤਾ। (ਜਿਥੋਂ ਤਕ ਅਸੀਂ ਮਾਲੂਮ ਕਰ ਸਕੇ ਹਾਂ, ਮਿਸ ਐਗਨਿਸ ਸਮੈਡਲੀ ਆਪਣੇ ਲੇਖ, ਬਗੈਰ ਕੁਛ ਲਏ ਦੇ ਘਲਦੀ ਰਹੀ ਹੈ।) ਇਸ ਨੋਟ ਤੇ ਬੜੀਆਂ ਪ੍ਰੋਟੈਸਟ ਦੀਆਂ ਚਿੱਠੀਆਂ ਆਈਆਂ ਹਨ, ਜੇਹੜੀਆਂ ਕਿ ਲਾਲਾ ਜੀ ਨੇ ਛਾਪਣ ਦੀ ਵੀ ਹਿੰਮਤ ਨਹੀਂ ਕੀਤੀ। 15 ਦਸੰਬਰ ਦੇ ਪਰਚੇ ਵਿਚ ਆਪ ਏਸ ਤਰ੍ਹਾਂ ਮਿਸ ਸਮੈਡਲੀ ਤੋਂ ਮਾਫ਼ੀ ਮੰਗਦੇ ਹਨ। "ਅਸੀਂ ਆਪਣੇ ਚਾਨਣੇ ਅਨੁਸਾਰ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/235