ਲਾਲਾ ਜੀ ਆਖਦੇ ਹਨ ਕਿ ਸਾਡੇ ਸਾਂਝੀਵਾਲ ਖ਼ਿਆਲਾਂ ਦੇ ਪ੍ਰਚਾਰ ਨਾਲ ਸਰਮਾਏਦਾਰ ਸਰਕਾਰ ਨਾਲ ਮਿਲ ਜਾਣਗੇ। ਬਹੁਤ ਖ਼ੂਬ! ਅੱਗੇ ਉਹ ਕਿਧਰ ਹਨ? ਕਿੰਨੇ ਕੁ ਸਰਮਾਏਦਾਰ, ਯੁੱਗ ਪਲਟਾਊ ਬਣੇ ਹੋਏ ਹਨ? ਇਨਕਲਾਬ ਦੇ ਰੌਲੇ-ਰੱਪੇ ਨਾਲ ਜਿਨ੍ਹਾਂ ਨੂੰ ਕੁਝ ਨਾ ਕੁਝ ਜਾਇਦਾਦ ਦਾ ਨੁਕਸਾਨ ਹੋਣ ਦਾ ਡਰ ਹੋਵੇ, ਉਹੋ ਹੀ ਹਮੇਸ਼ਾ ਮੁਖਾਲਿਫ਼ ਹੋ ਜਾਇਆ ਕਰਦੇ ਹਨ। ਐਸੀ ਹਾਲਤ ਵਿਚ ਉਨ੍ਹਾਂ ਦੀ ਖ਼ੁਸ਼ਾਮਦ ਖ਼ਾਤਰ ਆਦਰਸ਼ ਛੱਡਣਾ ਤੇ ਖਾਹ-ਮਖਾਹ ਆਪਣੇ ਕੰਮ ਨੂੰ ਨੁਕਸਾਨ ਪਹੁੰਚਾਉਣਾ ਮੁਨਾਸਿਬ ਨਹੀਂ, ਦੂਸਰੀ ਗੱਲ ਇਹ ਕਿ ਸਰਮਾਏਦਾਰ ਜ਼ਰਾ ਸੋਚਣ ਤੇ ਸਹੀ ਕਿ ਉਨ੍ਹਾਂ ਨੂੰ ਫ਼ਾਇਦਾ ਕਿਸ ਹਾਲਤ ਵਿਚ ਹੈ? ਅੱਜ ਅੰਗਰੇਜ਼ ਆਪਣੇ ਮਤਲਬ ਲਈ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਣਗੇ ਜ਼ਰੂਰ, ਪਰ ਹੌਲੀ-ਹੌਲੀ ਪੂੰਜੀ ਤੇ ਉਨ੍ਹਾਂ ਖੋਹ ਕੇ ਆਪਣੇ ਸਰਮਾਏਦਾਰਾਂ ਦੇ ਹੱਥਾਂ ਵਿਚ ਕਰ ਦੇਣੀ ਹੈ, ਤਦੋਂ ਇਹ ਗ਼ਰੀਬ ਅੱਜ ਵਾਲੇ ਕਰੋੜਾਂ ਮਜ਼ਦੂਰਾਂ ਵਿਚ ਰਲ ਕੇ ਮਰਦੇ ਪਿੱਟਦੇ ਹੋਣਗੇ। ਇਨ੍ਹਾਂ ਨੂੰ ਸਮਾਜਿਕ ਨਿਜ਼ਾਮ ਦੀ ਨਾ ਇਨਸਾਫ਼ੀ ਨਜ਼ਰ ਆਵੇਗੀ। ਤੇ ਜੇ ਉਹ ਸਾਂਝੀਵਾਲ ਇਨਕਲਾਬ ਕਰ ਲੈਣ ਤਾਂ ਉਹ ਅੱਜ ਦੀ ਹਰਾਮਖੋਰੀ ਤੋਂ ਜ਼ਰੂਰ ਬੰਦ ਕੀਤੇ ਜਾਣਗੇ। ਪਰ ਦੁਨੀਆ ਦੀ ਆਮ ਖੁਸ਼ਹਾਲੀ, ਜਿਹੜੀ ਕਿ ਜ਼ਰੂਰ ਹੀ ਹੋਣੀ ਹੈ, ਦੇ ਸਾਂਝੀ ਹੋਣਗੇ ਅਤੇ ਬਹੁਤ ਸੁਖੀ ਰਹਿਣਗੇ? ਹਿੰਦੁਸਤਾਨੀ ਸਰਮਾਏਦਾਰ ਸੋਚ ਲੈਣ ਉਨ੍ਹਾਂ ਨੂੰ ਕਿਸ ਵਿਚ ਫ਼ਾਇਦਾ ਹੈ?
ਪਰ ਇਕ ਮਈ ਲਹਿਰ ਉਨ੍ਹਾਂ ਖ਼ਾਤਰ ਰੁਕ ਨਹੀਂ ਸਕਦੀ। ਉਨ੍ਹਾਂ ਦੀ ਇੰਤਜ਼ਾਰ ਵੀ ਨਹੀਂ ਕਰ ਸਕਦੀ। ਨੌਜਵਾਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਕੰਮ ਦੇ ਆਰੰਭ ਕਰਨ ਵਿਚ ਬੜੀਆਂ ਔਕੜਾਂ ਪੈਂਦੀਆਂ ਹਨ। ਹਿੰਮਤ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਲਾਲਾ ਜੀ ਹੋਰ ਹੀ ਤਰ੍ਹਾਂ ਦੀ ਸਰਮਾਏਦਾਰਾਨਾ ਜਿਹੀ ਨੀਤ ਵਾਲੇ ਲੀਡਰ ਹੌਲੀ-ਹੌਲੀ ਆਪੇ ਹੀ ਮੈਦਾਨ ਤੋਂ ਬਾਹਰ ਹੋ ਰਹੇ ਹਨ, ਜਿਵੇਂ ਕਿ ਪਹਿਲੋਂ ਸਰਿੰਦਰ ਨਾਥ ਬੈਨਰਜੀ ਹੋਏ ਸਨ। ਜਿਵੇਂ ਅੱਜ ਸਪਰੂ ਅਤੇ ਚਿੰਤਾਮਣੀ ਵਰਗੇ ਹਨ। ਅਖ਼ੀਰ ਵਿਚ ਇਕ ਮਈ ਦੀ ਫ਼ਤਹਿ ਹੋਵੇਗੀ, ਬੋਲੋ ਸਾਂਝੀਵਾਲਾਂ ਦੀ ਜੈ, ਜੁੱਗਗਰਦੀ ਕਾਇਮ ਰਹੇ।
☆ ☆ ☆
56. ਨਵੇਂ ਲੀਡਰਾਂ ਦੇ ਜੁਦੇ-ਜੁਦੇ ਖ਼ਿਆਲਾਤ
—ਕਿਰਤੀ ਜੁਲਾਈ, 1928 ਵਿਚੋਂ
[ਜੁਲਾਈ 1928 ਦੇ 'ਕਿਰਤੀ’ ’ਚ ‘ਨਵੇਂ ਲੀਡਰਾਂ ਦੇ ਜੁਦੇ-ਜੁਦੇ ਖ਼ਿਆਲਾਤ' ਦੇ ਸਿਰਲੇਖ ਹੇਠ ਇਹ ਲੇਖ ਛਪਿਆ, ਭਗਤ ਸਿੰਘ ਦੀ ਕਲਮ ਦੀ, ਇਸ ਲੇਖ 'ਤੇ ਛਾਪ ਸਾਫ਼ ਨਜ਼ਰ ਆਉਂਦੀ ਹੈ, ਭਾਵੇਂ ਕਿ ਲੇਖਕ ਦਾ ਇਸ 'ਤੇ ਨਾਂ ਨਹੀਂ ਹੈ। ਸੁਭਾਸ਼ ਚੰਦਰ ਬੋਸ ਤੇ ਜਵਾਹਰ ਲਾਲ ਨਹਿਰੂ ਦੋ ਨੌਜਵਾਨ ਲੀਡਰ ਭਾਰਤੀ ਰਾਜਨੀਤੀ ਵਿਚ ਉੱਭਰ ਕੇ ਸਾਹਮਣੇ ਆ ਰਹੇ ਸਨ। ਦੋਨਾਂ ਨੇਤਾਵਾਂ ਦੀ ਬੜੀ ਤਰਕ ਭਰਪੂਰ ਤੁਲਨਾ ਕੀਤੀ ਗਈ ਹੈ ਅਤੇ ਭਵਿੱਖ ਵਿਚ ਉਨ੍ਹਾਂ ਦੀ ਦੇਣ ਬਾਰੇ ਵਿਚਾਰ ਵੀ ਪ੍ਰਗਟਾਏ ਗਏ ਹਨ। ਪਰ ਆਪਣੇ ਤਰਕ 'ਤੇ ਵਿਚਾਰ ਪ੍ਰਗਟਾਉਂਦੇ ਹੋਏ ਅੰਤ ਵਿਚ ਸਲਾਹ ਦਿੱਤੀ ਗਈ ਹੈ।
“ਇਨਕਲਾਬ ਦੇ ਅਸਲੀ ਮਾਨੇ, ਹਿੰਦੁਸਤਾਨ ਦੇ ਇਨਕਲਾਬ ਦੀ ਜ਼ਰੂਰਤ ਅਤੇ ਦੁਨੀਆ ਦੇ ਇਨਕਲਾਬ ਵਿਚ ਇਸ ਦਾ ਥਾਓਂ ਕੀ ਹੈ? ਸੋਚ ਵਿਚਾਰ ਦੇ ਨਾਲ ਨੌਜਵਾਨ ਆਪਣੇ ਖ਼ਿਆਲਾਤ ਨੂੰ ਪੱਕਿਆਂ ਕਰਨ ਕਿ ਨਿਰਾਸ਼ਾ, ਮਾਯੂਸੀ ਅਤੇ ਹਾਰ ਦੇ ਜ਼ਮਾਨੇ ਵਿਚ ਵੀ ਡੋਲਣ ਨਾ ਅਤੇ ਇਕੱਲੇ ਖਲੋ ਕੇ ਦੁਨੀਆ ਦੇ ਮੁਕਾਬਲੇ ਵਿਚ ਡਟੇ ਰਹਿ ਸਕਣ। ਐਸੇ ਹੀ ਆਦਮੀ ਇਨਕਲਾਬ ਨੂੰ ਕਾਮਯਾਬ ਕਰ ਸਕਣਗੇ।”
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/240