ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/263

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਇਹ ਸੋਚ ਕੇ ਕਿੰਨਾ ਦੁੱਖ ਹੁੰਦਾ ਹੈ ਕਿ ਜੇ.ਪੀ. ਸਾਂਡਰਸ ਵਰਗੇ ਇਕ ਮਾਮੂਲੀ ਅਫ਼ਸਰ ਦੇ ਕਮੀਨੇ ਹੱਥੋਂ ਦੇਸ਼ ਦੀ ਤੀਹ ਕਰੋੜ ਜਨਤਾ ਦੇ ਹਰਮਨ ਪਿਆਰੇ ਆਗੂ 'ਤੇ ਹਮਲਾ ਕਰਕੇ ਉਨ੍ਹਾਂ ਦੇ ਪ੍ਰਾਣ ਲੈ ਲਏ ਗਏ। ਕੌਮ ਦਾ ਇਹ ਅਪਮਾਨ ਹਿੰਦੁਸਤਾਨੀ ਨੌਜਵਾਨਾਂ ਅਤੇ ਮਰਦਾਂ ਨੂੰ ਇਕ ਵੰਗਾਰ ਸੀ।

ਅੱਜ ਸੰਸਾਰ ਨੇ ਦੇਖ ਲਿਆ ਹੈ ਕਿ ਹਿੰਦੁਸਤਾਨ ਦੀ ਜਨਤਾ ਬੇਜਾਨ ਨਹੀਂ ਹੋ ਗਈ, ਉਨ੍ਹਾਂ ਦਾ ਖ਼ੂਨ ਜੰਮ ਨਹੀਂ ਗਿਆ। ਉਹ ਆਪਣੇ ਰਾਸ਼ਟਰ ਦੇ ਮਾਣ ਲਈ ਜਾਨ ਦੀ ਬਾਜ਼ੀ ਲਗਾ ਸਕਦੇ ਹਨ ਅਤੇ ਇਸ ਦਾ ਸਬੂਤ ਦੇਸ਼ ਦੇ ਉਨ੍ਹਾਂ ਜਵਾਨਾਂ ਨੇ ਦਿੱਤਾ ਹੈ, ਜਿਨ੍ਹਾਂ ਦੀ ਇਸ ਦੇਸ਼ ਦੇ ਆਗੂ ਨਿੰਦਾ ਤੇ ਅਪਮਾਨ ਕਰਦੇ ਹਨ।

ਅੱਤਿਆਚਾਰੀ ਸਰਕਾਰ ਸਾਵਧਾਨ

ਇਸ ਦੇਸ਼ ਦੀ ਪੀੜਤ ਜਨਤਾ ਦੀਆਂ ਭਾਵਨਾਵਾਂ ਨੂੰ ਸੱਟ ਨਾ ਮਾਰੋ! ਆਪਣੀਆਂ ਸ਼ੈਤਾਨੀ ਭਰੀਆਂ ਹਰਕਤਾਂ ਬੰਦ ਕਰੋ! ਸਾਨੂੰ ਹਥਿਆਰ ਨਾ ਰੱਖਣ ਦੇਣ ਲਈ ਬਣਾਏ ਤੁਹਾਡੇ ਕਾਨੂੰਨਾਂ ਤੇ ਚੌਕਸੀ ਦੇ ਬਾਵਜੂਦ ਪਿਸਤੌਲ ਤੇ ਰਿਵਾਲਵਰ ਇਸ ਦੇਸ਼ ਦੀ ਜਨਤਾ ਤੇ ਹੱਥਾਂ ਵਿਚ ਆਉਂਦੇ ਹੀ ਰਹਿਣਗੇ। ਜੇ ਇਹ ਹਥਿਆਰ ਹਥਿਆਰਬੰਦ ਕਰਾਂਤੀ ਲਈ ਨਾ ਵੀ ਮਿਲੇ ਤਾਂ ਵੀ ਕੌਮੀ ਅਪਮਾਨ ਦਾ ਬਦਲਾ ਲੈਣ ਲਈ ਤਾਂ ਕਾਫ਼ੀ ਹੋਣਗੇ। ਸਾਡੇ ਆਪਣੇ ਲੋਕ ਭਾਵੇਂ ਸਾਡੀ ਨਿੰਦਾ ਤੇ ਅਪਮਾਨ ਕਰਨ, ਬਦੇਸ਼ੀ ਸਰਕਾਰ ਚਾਹੇ ਸਾਡੇ 'ਤੇ ਕਿੰਨਾ ਵੀ ਜ਼ੁਲਮ ਕਰੇ, ਪਰ ਅਸੀਂ ਕੌਮ ਦੇ ਮਾਣ ਦੀ ਰੱਖਿਆ ਕਰਨ ਅਤੇ ਵਿਦੇਸ਼ੀ ਅੱਤਿਆਚਾਰੀਆਂ ਨੂੰ ਸਬਕ ਸਿਖਾਉਣ ਲਈ ਸਦਾ ਤਿਆਰ ਰਹਾਂਗੇ। ਅਸੀਂ ਸਾਰੇ ਵਿਰੋਧ ਤੇ ਦਬਾਅ ਦੇ ਬਾਵਜੂਦ ਕਰਾਂਤੀ ਦੀ ਆਵਾਜ਼ ਨੂੰ ਉੱਚਾ ਰੱਖਾਂਗੇ ਤੇ ਫਾਂਸੀ ਦੇ ਤਖ਼ਤੇ ਤੋਂ ਵੀ ਪੁਕਾਰਾਂਗੇ:

“ਇਨਕਲਾਬ ਜ਼ਿੰਦਾਬਾਦ!"

ਸਾਨੂੰ ਇਕ ਆਦਮੀ ਦੀ ਹੱਤਿਆ ਕਰਨ ਦਾ ਦੁੱਖ ਹੈ, ਪਰ ਇਹ ਆਦਮੀ ਨਿਰਦਈ, ਬੇਇਨਸਾਫ਼ ਪ੍ਰਣਾਲੀ ਦਾ ਇਕ ਅੰਗ ਸੀ ਅਤੇ ਜਿਸ ਨੂੰ ਖ਼ਤਮ ਕਰ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਆਦਮੀ ਦੀ ਹੱਤਿਆ ਹਿੰਦੁਸਤਾਨ ਵਿਚ ਬ੍ਰਿਟਿਸ਼ ਸਾਮਰਾਜ ਦੇ ਕਰਿੰਦੇ ਦੇ ਰੂਪ ਵਿਚ ਕੀਤੀ ਗਈ ਹੈ। ਇਹ ਸਰਕਾਰ ਸੰਸਾਰ ਦੀ ਸਭ ਤੋਂ ਜ਼ਿਆਦਾ ਅੱਤਿਆਚਾਰੀ ਸਰਕਾਰ ਹੈ।

ਮਨੁੱਖ ਦਾ ਖ਼ੂਨ ਵਗਾਉਣ ਲਈ ਸਾਨੂੰ ਦੁੱਖ ਹੈ ਪਰ ਕਰਾਂਤੀ ਦੀ ਵੇਦੀ ’ਤੇ ਖ਼ੂਨ ਵਹਾਉਣਾ ਜ਼ਰੂਰੀ ਹੋ ਜਾਂਦਾ ਹੈ। ਸਾਡਾ ਭਾਵ ਇਕ ਐਸੀ ਕਰਾਂਤੀ ਤੋਂ ਹੈ, ਜੋ ਮਨੁੱਖ 'ਤੇ ਮਨੁੱਖ ਦੀ ਦਬਾਊ ਹਕੂਮਤ ਨੂੰ ਖ਼ਤਮ ਕਰ ਦਵੇਗੀ।

“ਇਨਕਲਾਬ ਜ਼ਿੰਦਾਬਾਦ!"

ਦਸਖ਼ਤ ......
ਬਲਰਾਜ

18 ਦਸੰਬਰ 1928, “ਸੈਨਾਪਤੀ ਪੰਜਾਬ ਹਿ.ਸ.ਪ੍ਰ.ਸ."

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/247