ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/264

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਾਠ-11

ਅਸੈਂਬਲੀ ਬੰਬ ਕਾਂਡ

ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ

[ਸਾਂਡਰਸ ਨੂੰ ਸਜ਼ਾ ਦੇਣ ਦੇ ਬਾਅਦ ਭਗਤ ਸਿੰਘ ਕਲਕੱਤੇ ਚਲੇ ਗਏ। ਦੁਰਗਾ ਭਾਬੀ, ਸੁਪਤਨੀ ਸ਼ਹੀਦ ਭਗਵਤੀ ਚਰਨ ਵੋਹਰਾ ਨੇ ਆਪਣੇ ਛੋਟੇ ਜਿਹੇ ਬੱਚੇ ਨਾਲ ਸਭ ਖ਼ਤਰੇ ਮੁੱਲ ਲੈ ਕੇ ਭਗਤ ਸਿੰਘ ਨੂੰ ਕਲਕੱਤੇ ਪੁੱਜਣ ਵਿਚ ਮਦਦ ਕੀਤੀ।

ਇਸ ਦੇ ਬਾਅਦ ਪਾਰਟੀ ਦੀ ਦਿੱਲੀ ਮੀਟਿੰਗ ਹੋਈ, ਪਬਲਿਕ ਸੇਫ਼ਟੀ ਬਿੱਲ ਨੂੰ ਅਸੈਂਬਲੀ ਵਿਚ ਭਾਰਤੀ ਮੈਂਬਰਾਂ ਦੇ ਰੱਦ ਕਰ ਦੇਣ ਬਾਅਦ ਮਾਰਚ 1929 ਵਿਚ ਦੁਬਾਰਾ ਲਿਆਂਦਾ ਗਿਆ। ਭਾਵੇਂ ਕਿ ਵੋਟਾਂ ਨਾਲ ਉਸ ਬਿੱਲ ਨੂੰ ਪਾਸ ਨਹੀਂ ਹੋਣ ਦਿੱਤਾ ਜਾਣਾ ਸੀ ਪਰ ਵਾਇਸਰਾਏ ਨੇ ਚਾਹਿਆ ਕਿ ਅਗਰ ਬਿੱਲ ਪਾਸ ਨਾ ਹੋਵੇ ਤਾਂ ਆਰਡੀਨੈਂਸ ਰਾਹੀਂ ਲਾਗੂ ਕੀਤਾ ਜਾਵੇ। ਇਹ ਬਿੱਲ ਅਤੇ ਟਰੇਂਡ ਡਿਸਪਿਊਟ ਬਿੱਲ ਕਿਰਤੀ ਵਰਗ ਦੇ ਕਿੰਨੇ ਵਿਰੋਧੀ ਸਨ, ਤੁਸੀਂ ਪਹਿਲਾਂ ਪੜ੍ਹ ਆਏ ਹੋ। (ਲਿਖਤ ਨੰ. 44 ਤੇ 45)

ਦੁਬਾਰਾ ਕੌਮੀ ਨੇਤਾ ਅੰਗਰੇਜ਼ੀ ਸਰਕਾਰ ਦੀ ਤਾਕਤ ਅੱਗੇ ਬੇਅਸਰ ਤੇ ਲਾਚਾਰੀ ਦੀ ਹਾਲਤ ਦਰਸਾ ਰਹੇ ਸਨ। ਅਜਿਹੇ ਮੌਕੇ 'ਤੇ ਲੋਕਾਂ ਦੀ ਲੋੜ ਨੂੰ ਤਸਲੀਮ ਕਰਦੇ ਹੋਏ ਭਗਤ ਸਿੰਘ ਨੇ ਸੁਝਾਅ ਦਿੱਤਾ ਕਿ ਅਸੈਂਬਲੀ ਹਾਲ ਵਿਚ ਬੰਬ ਦਾ ਧਮਾਕਾ ਕੀਤਾ ਜਾਵੇ ਅਤੇ ਕਰਾਂਤੀਕਾਰੀ ਪਾਰਟੀ ਦੇ ਵਿਚਾਰਾਂ ਨਾਲ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ। ਇਸ ਲਈ ਦੋ ਸਾਥੀ ਸ਼ਿਵ ਵਰਮਾ ਤੇ ਜੈ ਦੇਵ ਕਪੂਰ ਦੀ ਡਿਊਟੀ ਲਗਾਈ ਗਈ। ਸੁਖਦੇਵ ਉਸ ਮੀਟਿੰਗ ਵਿਚ ਨਹੀਂ ਸਨ। ਜਦ ਉਨ੍ਹਾਂ ਨੂੰ ਫ਼ੈਸਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਭਗਤ ਸਿੰਘ ਨੂੰ ਕੁਝ ਐਸੇ ਸਵਾਲ ਕੀਤੇ, ਜਿਨ੍ਹਾਂ ਕਰਕੇ ਪਾਰਟੀ ਦੀ ਦੁਬਾਰਾ ਮੀਟਿੰਗ ਬੁਲਾਈ ਗਈ ਅਤੇ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਬੰਬ ਦਾ ਧਮਾਕਾ ਕਰਨ ਦੀ ਡਿਊਟੀ ਲਈ। 8 ਅਪ੍ਰੈਲ, 1929 ਨੂੰ ਅਸੈਂਬਲੀ ਹਾਲ 'ਚ ਬੰਬ ਸੁੱਟੇ ਗਏ।

ਉਸ ਬਹਿਸ ਦੇ ਜਵਾਬ ਵਿਚ ਭਗਤ ਸਿੰਘ ਨੇ ਇਸ ਖ਼ਤ ਸੁਖਦੇਵ ਜੀ ਨੂੰ ਲਿਖਿਆ। ਸ਼ਾਇਦ ਮਾਰਚ 1929 ਦੇ ਅਖ਼ੀਰ ਜਾਂ ਅਪ੍ਰੈਲ ਦੇ ਸ਼ੁਰੂ ਵਿਚ ਲਿਖਿਆ ਗਿਆ ਕਿਉਂਕਿ 15 ਅਪ੍ਰੈਲ, 1929 ਨੂੰ ਸੁਖਦੇਵ ਜੀ ਦੀ ਗ੍ਰਿਫ਼ਤਾਰੀ ਸਮੇਂ ਇਹ ਉਨ੍ਹਾਂ ਪਾਸੋਂ ਪੁਲਿਸ ਨੇ ਪ੍ਰਾਪਤ ਕੀਤਾ ਅਤੇ ਮੁਕੱਦਮੇ ਦੇ ਕਾਗ਼ਜ਼ਾਤ ਦਾ ਹਿੱਸਾ ਬਣ ਗਿਆ। ਇਸੇ ਕਰਕੇ ਇਹ ਅਹਿਮ ਖ਼ਤ ਸਾਡੇ ਤਕ ਪੁੱਜ ਸਕਿਆ।

ਪਿਆਰ ਤੇ ਕੁਰਬਾਨੀ ਜਿਹੇ ਸੂਖਮ ਮਸਲਿਆਂ ਨਵੇਂ ਕਾਰਕੁੰਨਾਂ ਨੂੰ ਪਾਰਟੀ ਵਿਚ ਲੈਣ ਲਈ ਭਰਮ ਸਹਿਤ ਤੇ ਭਵਿੱਖ ਬਾਰੇ ਸਾਫਗੋਈ ਆਦਿ ਕਈ ਵਿਸ਼ਿਆਂ 'ਤੇ ਭਗਤ ਸਿੰਘ ਦੇ ਵਿਚਾਰ ਇਸ ਖ਼ਤ ਤੋਂ ਪਤਾ ਲੱਗਦੇ ਹਨ। ਇਸ ਪੱਖੋਂ ਇਹ ਇਕ ਬਹੁਤ ਹੀ ਅਹਿਮ ਦਸਤਾਵੇਜ਼ ਹੈ।

-ਸੰਪਾਦਕ]

☆ ☆ ☆

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/248