ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸਮ ਦਾ ਫ਼ਿਕਰ ਨਾ ਕਰਨਾ। ਮੈਨੂੰ ਆਪ ਦਾ ਅਡਰੈਸ ਮਲੂਮ ਨਹੀਂ, ਇਸ ਲਈ ਇਸ ਪਤੇ 'ਤੇ ਲਿਖ ਰਿਹਾ ਹਾਂ।

ਆਪ ਦਾ ਤਾਬਿਆਦਾਰ,
ਭਗਤ ਸਿੰਘ,

☆ ☆ ☆

61. ਅਸੈਂਬਲੀ ਬੰਬ ਕੇਸ ਵਿਚ ਦਿੱਤੇ ਗਏ ਬਿਆਨ
[ਭਗਤ ਸਿੰਘ ਤੇ ਬੀ.ਕੇ. ਦੱਤ ਨੇ ਅਦਾਲਤ ਨੂੰ ਆਪਣੀ ਪਾਰਟੀ ਦੇ ਵਿਚਾਰਾਂ ਅਤੇ ਭਾਰਤ ਦੇ ਭਵਿੱਖ ਦੀ ਤਸਵੀਰ ਦੇ ਤਸੱਵਰ ਨੂੰ ਪ੍ਰਗਟਾਉਣ ਦਾ ਕੇਂਦਰ ਬਣਾਇਆ। ਅਸੈਂਬਲੀ ਬੰਬ ਕੇਸ ਵਿਚ ਸੈਸ਼ਨ ਅਦਾਲਤ ਵਿਚ ਦਿੱਤੇ ਗਏ ਇਹ ਬਿਆਨ ਉਨ੍ਹਾਂ ਦੀ ਵਿਚਾਰਧਾਰਾ ਦਾ ਇਕ ਬਹੁਤ ਹੀ ਅਹਿਮ ਦਸਤਾਵੇਜ਼ ਹੈ।

ਮਨੁੱਖਤਾ ਦਾ ਪਿਆਰ, ਲੋਕਾਂ ਦੇ ਦਰਿਦਰ ਤੇ ਦੁੱਖ ਹਮੇਸ਼ਾ ਲਈ ਹਰਣ ਦਾ ਇਰਾਦਾ ਅਤੇ ਮਜ਼ਦੂਰ ਜਮਾਤ ਦੇ ਜਮਹੂਰੀ ਹੱਕਾਂ ਦੀ ਰਾਖੀ ਦੀ ਆਵਾਜ਼ ਇਸ ਬਿਆਨ ਵਿਚ ਉਠਾਈ ਗਈ ਹੈ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਹਾਲਾਤਾਂ ਦਾ ਮੁਤਾਲਿਆ ਭਗਤ ਸਿੰਘ ਤੇ ਸਾਥੀਆਂ ਦੀ ਸੋਚਣੀ ਦਾ ਪੱਕਾ ਅੰਗ ਬਣ ਗਿਆ ਸੀ।

-ਸੰਪਾਦਕ]

ਸਾਡੇ ਤੇ ਕੁਝ ਸੰਗੀਨ ਇਲਜ਼ਾਮ ਲਗਾਏ ਹਨ ਅਤੇ ਇਸ ਮੌਕੇ 'ਤੇ ਇਹੀ ਠੀਕ ਹੈ ਕਿ ਅਸੀਂ ਆਪਣਾ ਰਵੱਈਆ ਸਪੱਸ਼ਟ ਕਰੀਏ।
ਇਸ ਮਾਮਲੇ ਵਿਚ ਹੇਠਲੇ ਸਵਾਲ ਉਠਦੇ ਹਨ:
1. ਕੀ ਭਵਨ ਦੇ ਅੰਦਰ ਬੰਬ ਸੁੱਟੇ ਗਏ, ਜੇ ਸੁੱਟੇ ਗਏ ਤਾਂ ਕਿਉਂ?
2. ਕੀ ਹੇਠਲੀ ਅਦਾਲਤ ਰਾਹੀਂ ਲਾਏ ਗਏ ਇਲਜ਼ਾਮ ਠੀਕ ਹਨ ਜਾਂ ਨਹੀਂ?
ਪਹਿਲੇ ਸਵਾਲ ਦੇ ਪਹਿਲੇ ਅੱਧ ਦਾ ਜਵਾਬ ਅਸੀਂ ਹਾਂ ਵਿਚ ਦਿੰਦੇ ਹਾਂ। ਪਰ ਕਿਉਂਕਿ ਕੁਝ ਅਖੌਤੀ ‘ਮੌਕੇ ਦੇ’ ਗਵਾਹਾਂ ਨੇ ਝੂਠੀਆਂ ਗਵਾਹੀਆਂ ਦਿੱਤੀਆਂ ਹਨ, ਤੇ ਕਿਉਂਕਿ ਉਸ ਹੱਦ ਤਕ ਅਸੀਂ ਆਪਣੇ ਕੰਮ ਤੋਂ ਇਨਕਾਰ ਵੀ ਨਹੀਂ ਕਰਦੇ, ਇਸ ਲਈ ਸਾਡੇ ਉਹਨਾਂ ਬਾਰੇ ਬਿਆਨ ਦਾ ਉਸ ਗਹੁ ਨਾਲ ਹੀ ਨਿਰਣਾ ਕੀਤਾ ਜਾਵੇ ਜਿਸਦੇ ਕਿ ਉਹ ਯੋਗ ਹੈ। ਮਿਸਾਲ ਦੇ ਤੌਰ 'ਤੇ ਅਸੀਂ ਦੱਸ ਸਕੀਏ ਕਿ ਸਾਰਜੰਟ ਟੈਰੀ ਦੀ ਇਹ ਗਵਾਹੀ ਕਿ ਉਸ ਨੇ ਸਾਡੇ ਵਿਚੋਂ ਇਕ ਕੋਲੋਂ ਪਸਤੌਲ ਬਰਾਮਦ ਕੀਤਾ ਸੀ, ਇਕ ਗਿਣਿਆ ਮਿਥਿਆ ਝੂਠ ਹੈ। ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਪੇਸ਼ ਕੀਤਾ ਤਾਂ ਸਾਡੇ ਵਿਚੋਂ ਕਿਸੇ ਕੋਲ ਪਸਤੌਲ ਨਹੀਂ ਸੀ। ਦੂਸਰੇ ਗੁਆਹ ਵੀ, ਜਿਨ੍ਹਾਂ ਨੇ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੇ ਸਾਨੂੰ ਬੰਬ ਸੁੱਟਦੇ ਦੇਖਿਆ ਹੈ, ਝੂਠ ਬੋਲਣ ਤੋਂ ਝਿਜਕੇ ਨਹੀਂ। ਇਹ ਤੱਥ ਉਨ੍ਹਾਂ ਲਈ ਇਕ ਸਬਕ ਹੈ ਜਿਨ੍ਹਾਂ ਦਾ ਉਦੇਸ਼ ਅਦਾਲਤੀ ਨਿਆਂ ਤੇ ਇਨਸਾਫ਼ ਹੈ।
ਨਾਲ ਹੀ ਅਸੀਂ ਸਵੀਕਾਰ ਕਰਦੇ ਹਾਂ ਕਿ ਹੁਣ ਤੱਕ ਸਰਕਾਰੀ ਵਕੀਲ ਅਤੇ ਅਦਾਲਤ ਦਾ ਅਮਲ ਸਾਫ ਰਿਹਾ ਹੈ।

ਵਾਇਸਰਾਏ ਦੇ ਵਿਚਾਰਾਂ ਦੀ ਪਰੋੜਤਾ

ਪਹਿਲੇ ਸਵਾਲ ਦੇ ਅਗਲੇ ਅੱਧ ਦੇ ਜਵਾਬ ਵਿਚ, ਇਹ ਜ਼ਰੂਰੀ ਹੈ ਕਿ ਅਸੀਂ ਹੋਰ ਵਿਸਥਾਰ ਵਿਚ ਜਾਈਏ ਤਾਂ ਕਿ ਮੰਤਵ ਦੇ ਤੇ ਉਨ੍ਹਾਂ ਹਾਲਤਾਂ ਦੀ ਸਹੀ ਤੇ ਪੂਰੀ ਵਿਆਖਿਆ ਕਰ ਸਕੀਏ ਜਿਸ ਕਰਕੇ ਉਹ ਘਟਨਾ ਵਾਪਰੀ ਜਿਹੜੀ ਕਿ ਹੁਣ ਇਕ ਇਤਿਹਾਸਕ ਘਟਨਾ ਬਣ ਚੁੱਕੀ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/253