ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/280

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦੇ ਕੇ ਇਸ ਦਾ ਸਪਸ਼ਟੀਕਰਣ ਕਰਨਾ ਚਾਹੁੰਦੇ ਹਾਂ। ਫ਼ਰਜ਼ ਕਰੋ ਅਸੀਂ ਕਹਿੰਦੇ ਹਾਂ ‘ਜ਼ਿੰਦਾਬਾਦ ਜੇਤੰਨ ਦਾਸ!' ਤਾਂ ਇਸ ਦਾ ਅਰਥ ਸਾਫ਼ ਅਤੇ ਸਪਸ਼ਟ ਇਹ ਹੁੰਦਾ ਹੈ ਕਿ ਉਹ ਨਾ ਫਤਿਹ ਹੋਣ ਵਾਲੀ ਸਪਿਰਟ ਅਤੇ ਕਾਬਲੇ ਇੱਜ਼ਤ ਆਦਰਸ਼, ਜਿਹੜਾ ਇਸ ਬਹਾਦਰ ਇਨਕਲਾਬੀ ਸ਼ਹੀਦ ਨੇ ਪੈਦਾ ਕੀਤਾ ਅਤੇ ਜਿਹਨਾਂ ਨੇ ਉਸ ਨੂੰ ਆਪਣੇ ਦੇਸ਼ ਤੇ ਕੌਮ ਦੀ ਖਾਤਰ ਅਤਿ ਦੀਆਂ ਤਕਲੀਫਾਂ ਸਹਿਣ ਅਤੇ ਕੁਰਬਾਨੀਆਂ ਕਰਨ ਦੇ ਯੋਗ ਬਣਾਇਆ। ਉਹ ਸਪਿਰਟ ਉਹ ਰੂਹ ਸਦਾ ਲਈ ਜ਼ਿੰਦਾ ਰਹੇ। ਸਾਡੀ ਚਾਹ ਇਹ ਹੁੰਦੀ ਹੈ ਕਿ ਅਸੀਂ ਇਹ ਨਾਹਰਾ ਬੁਲੰਦ ਕਰਨ ਸਮੇਂ ਆਪਣੇ ਆਦਰਸ਼ਾਂ ਦੀ ਲਾਜਵਾਬ ਸਪਿਰਟ ਨੂੰ ਜਿਉਂਦਾ ਰੱਖੀਏ ਅਤੇ ਇਹੀ ਉਹ ਹੈ ਜਿਸ ਦੀ ਅਸੀਂ ਇਸ ਨਾਹਰੇ ਰਾਹੀਂ ਤਾਰੀਫ ਅਤੇ ਸਤਿਕਾਰ ਕਰਦੇ ਹਾਂ।

ਹੁਣ ਲਵੋ ਇਸ ਨਾਹਰੇ ਦੇ ਲਫਜ਼ ‘ਇਨਕਲਾਬ’ ਨੂੰ। ਇਸ ਲਫਜ਼ ਦਾ ਇਕ ਸ਼ਬਦ-ਕੋਸ਼ ਵਾਲਾ ਮਤਲਬ ਵੀ ਹੈ ਪਰ ਇਸ ਦੇ ਸਿਰਫ ਸ਼ਬਦ-ਕੋਸ਼ ਵਾਲੇ ਅਰਥ ਨੂੰ ਹੀ ਲੈਣਾ ਕਾਫੀ ਨਹੀਂ, ਇਸ ਲਫਜ਼ ਨਾਲ ਉਹਨਾਂ ਲੋਕਾਂ ਦੀਆਂ, ਜਿਹੜੇ ਇਸ ਨੂੰ ਪੇਸ਼ ਕਰਦੇ ਹਨ, ਕੁਝ ਖਾਸ ਹਕੀਕਤਾਂ ਸੰਬੰਧਤ ਹੁੰਦੀਆਂ ਹਨ। ਸਾਡੀਆਂ ਇਨਕਲਾਬ ਪਸੰਦਾਂ ਦੀਆਂ ਨਜ਼ਰਾਂ ਵਿਚ ਇਹ ਇਕ ਪਾਕ ਅਤੇ ਇੱਜ਼ਤ ਕਰਨ ਯੋਗ ਲਫਜ਼ ਹੈ। ਅਸੀਂ ਅਦਾਲਤ ਦੇ ਸਾਹਮਣੇ ਜਿਹੜਾ ਬਿਆਨ ਦਿੱਤਾ ਸੀ, ਉਸ ਪਾਕ ਲਫਜ਼ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਸੀ।

ਤੁਸੀਂ ਉਸ ਬਿਆਨ ਨੂੰ ਪੜ੍ਹੋ ਤੇ ਫਿਰ ਦੇਖੋ ਕਿ ਅਸੀਂ ਕੀ ਕਿਹਾ ਸੀ? ਅਸੀਂ ਇਨਕਲਾਬ ਨੂੰ ਸਦਾ ਅਤੇ ਹਰ ਮੌਕੇ 'ਤੇ ਹਥਿਆਰਬੰਦ ਇਨਕਲਾਬ ਦੇ ਮਤਲਬ ਨਾਲ ਨਹੀਂ ਜੋੜਦੇ। ਇਨਕਲਾਬ ਸਿਰਫ ਬੰਬਾਂ ਪਿਸਤੌਲਾਂ ਨਾਲ ਹੀ ਅਕੀਦਤ ਨਹੀਂ ਰੱਖਦਾ ਬਲਕਿ ਇਹ ਬੰਬ ਤੇ ਪਿਸਤੌਲ ਤਾਂ ਕਦੀ ਕਦਾਈਂ ਇਸ ਇਨਕਲਾਬ ਦੇ ਵੱਖ-ਵੱਖ ਹਿੱਸਿਆਂ ਦੀ ਪੂਰਤੀ ਲਈ ਇਕ ਸਾਧਨ ਬਣ ਜਾਂਦੇ ਹਨ। ਪਰ ਮੁਕੰਮਲ ਇਨਕਲਾਬ ਨਹੀਂ ਕਹਿਲਾ ਸਕਦੇ।

ਸਾਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਵਾਰ ਕਈ ਲਹਿਰਾਂ ਵਿਚ ਇਨ੍ਹਾਂ ਹਥਿਆਰਾਂ ਦਾ ਇਕ ਅਹਿਮ ਰੋਲ ਹੁੰਦਾ ਹੈ ਪਰ ਸਿਰਫ ਏਹੀ ਕਾਫ਼ੀ ਨਹੀਂ ਹੁੰਦਾ, ਸਿਰਫ ਬਗਾਵਤ ਨੂੰ ਇਨਕਲਾਬ ਕਹਿਣਾ ਗ਼ਲਤੀ ਹੈ। ਹਾਂ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਆਖ਼ਰਕਾਰ ਬਗ਼ਾਵਤਾਂ ਦਾ ਨਤੀਜਾ ਇਨਕਲਾਬ ਦੀ ਸ਼ਕਲ ਵਿਚ ਤਬਦੀਲ ਹੋ ਜਾਇਆ ਕਰਦਾ ਹੈ।

ਅਸੀਂ ਦੇਸ਼ ਵਿਚ ਬੇਹਤਰ ਤਬਦੀਲੀ ਦੀ ਸਪਿਰਟ ਤੇ ਉੱਨਤੀ ਦੀ ਖਾਹਸ਼ ਲਈ ਇਸ ਲਫਜ਼ ਇਨਕਲਾਬ ਦੀ ਵਰਤੋਂ ਕਰ ਰਹੇ ਹਾਂ। ਹੁੰਦਾ ਇਹ ਹੈ ਕਿ ਆਮ ਤੌਰ 'ਤੇ ਇਕ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਕੰਜੇ ਵਿਚ ਕਸ ਲੈਂਦੀ ਹੈ ਅਤੇ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨ। ਬਸ ਇਸ ਜਮੂਦ ਦੇ ਬੇਹਰਕਤੀ ਨੂੰ ਤੋੜਨ ਦੀ ਖ਼ਾਤਰ ਵਿਚ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਨਹੀਂ ਤਾਂ ਇਕ ਗਿਰਾਵਟ, ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗ਼ੈਰ-ਤਰੱਕੀ ਪਸੰਦ ਤਾਕਤਾਂ ਉਨ੍ਹਾਂ ਨੂੰ ਗਲਤ ਰਾਹ ਲੈ ਜਾਣ ਵਿਚ ਕਾਮਯਾਬ ਹੋ ਜਾਂਦੀਆਂ ਹਨ, ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਤੇ ਉਸ ਵਿਚ ਖੜੋਤ ਆ ਜਾਂਦੀ ਹੈ।

ਇਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿਚ ਇਕ ਹਰਕਤ ਪੈਦਾ ਹੋ ਜਾਵੇ ਅਤੇ ਜੁਰੱਅਤ ਪਸੰਦ ਤਾਕਤਾਂ ਇਨਸਾਨੀ ਉੱਨਤੀ ਦੇ ਰਾਹ ਵਿਚ ਰੋੜਾ ਨਾ ਅਟਕਾ ਸਕਣ ਤੇ ਨਾ ਹੀ ਇਸ ਰਾਹ ਨੂੰ ਖ਼ਤਮ ਕਰਨ ਲਈ ਇਕੱਠੀਆਂ ਅਤੇ ਮਜ਼ਬੂਤ ਹੋ ਸਕਣ। ਇਨਸਾਨੀ ਉੱਨਤੀ ਦਾ ਲਾਜ਼ਮੀ ਅਸੂਲ ਇਹ ਹੈ ਕਿ ਪੁਰਾਣੀ ਚੀਜ਼ ਨਵੀਂ ਚੀਜ਼ ਲਈ ਥਾਂ ਖ਼ਾਲੀ ਕਰਦੀ ਚਲੀ ਜਾਵੇ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/264