ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/291

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਧਾਰ

ਸਾਨੂੰ ਸਮਝ ਨਹੀਂ ਆਉਂਦੀ ਕਿ ਗਾਂਧੀ, ਸਾਨੂੰ ਸਰਕਾਰ ਵਲੋਂ ਲਾਗੂ ਕੀਤੇ ਵਿਧਾਨਕ ਸੁਧਾਰਾਂ ਵਿਚ ਕਿਉਂ ਉਲਝਾਉਂਦੇ ਹਨ। ਅਸੀਂ ਤਾਂ ਕਦੇ ਵੀ ਮਿੰਟੋ ਮਾਰਲੇ ਸੁਧਾਰ (1907) ਮਾਂਟੇਗੂ ਸੁਧਾਰ (1919) ਵਾਸਤੇ ਪਰਵਾਹ ਨਹੀਂ ਕੀਤੀ ਤੇ ਨਾ ਹੀ ਕੰਮ ਕੀਤਾ ਹੈ। ਇਹ ਤਾਂ ਸਰਕਾਰ ਦੇ ਕਾਨੂੰਨੀ ਸੁਧਾਰ ਮੰਗਣ ਵਾਲਿਆਂ ਨੂੰ ਪੁਚਕਾਰਨ ਲਈ ਅਤੇ ਠੀਕ ਰਸਤਿਓਂ ਉਖੇੜਨ ਲਈ ਬਣਾਏ ਸਨ। ਇਹ ਤਾਂ ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਸਰਕਾਰ ਦੇ ਹਮਾਇਤੀ ਬਣਾਉਣ ਲਈ ਦਿੱਤੀ ਗਈ ਰਿਸ਼ਵਤ ਸੀ ਅਤੇ ਇਨਕਲਾਬੀਆਂ ਨੂੰ ਉਖਾੜ ਕੇ ਕੁਚਲਨ ਦੀ ਨੀਤੀ ਦਾ ਅੰਗ ਸੀ। ਇਹ ਛਨਕਣੇ (ਜਿਵੇਂ ਕਿ ਗਾਂਧੀ ਨੇ ਕਿਹਾ ਹੈ) ਉਨ੍ਹਾਂ ਲਈ ਹਨ, ਜਿਹੜੇ ਕਿ ਕਦੇ ਕਦਾਈਂ ‘ਹੋਮਰੂਲ’ ‘ਸਵੈ ਸਰਕਾਰ’, ‘ਜ਼ਿੰਮੇਵਾਰ’, ‘ਪੂਰੀ ਤਰ੍ਹਾਂ ਜ਼ਿੰਮੇਵਾਰ ਸਰਕਾਰ’ ਡੋਮੀਅਨਲ ਵਰਗੀਆਂ ਹੋਰ ਕਈ ਸੰਵਿਧਾਨਕ ਨਾਵਾਂ ਨਾਲ ਗੁਲਾਮੀ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਇਨਕਲਾਬੀਆਂ ਨੇ ਕਦੇ ਵੀ ਇਨ੍ਹਾਂ ਸੁਧਾਰਾਂ ਨੂੰ ਆਪਣੇ ਕੰਮ ਦਾ ਸਿੱਟਾ ਨਹੀਂ ਕਿਹਾ। ਉਨ੍ਹਾਂ ਨੇ ਤਾਂ ਪੂਰਨ ਆਜ਼ਾਦੀ ਦਾ ਝੰਡਾ ਕਿਤੇ ਪਹਿਲਾਂ ਚੁੱਕਿਆ ਸੀ ਅਤੇ ਉਹ ਇਸ ਲਈ ਜੀ ਰਹੇ ਹਨ ਅਤੇ ਇਸ ਖ਼ਾਤਰ ਆਪਣੀਆਂ ਜਾਨਾਂ ਦਿਲ ਖੋਲ੍ਹ ਕੇ ਵਾਰ ਰਹੇ ਹਨ। ਉਹ (ਇਨਕਲਾਬੀ) ਇਹ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਲੋਕਾਂ ਦੀ ਸੋਚ ਵਿਚ ਮਹਾਨ ਤਬਦੀਲੀ ਲਿਆਂਦੀ ਹੈ। ਉਨ੍ਹਾਂ ਦੇ ਉੱਦਮ ਨੇ ਦੇਸ਼ ਨੂੰ ਆਜ਼ਾਦੀ ਵੱਲ ਲਿਜਾਣ ਵਿਚ ਵੱਡੀਆਂ ਵਾਟਾਂ ਮੁਕਾਈਆਂ ਹਨ, ਜਿਹਾ ਕਿ ਉਨ੍ਹਾਂ ਨਾਲ ਰਾਜਨੀਤਕ ਮਤਭੇਦ ਰੱਖਣ ਵਾਲੇ ਵੀ ਮੰਨਦੇ ਹਨ।

ਤਰੱਕੀ ਦਾ ਰਸਤਾ

ਗਾਂਧੀ ਦਾ ਇਹ ਕਥਨ ਕਿ ਹਿੰਸਾ ਤਰੱਕੀ ਦੇ ਰਸਤੇ ਦੀ ਰੁਕਾਵਟ ਹੈ, ਅਤੇ ਇਸ ਤਰ੍ਹਾਂ ਨਾਲ ਸਿੱਧੇ ਤੌਰ 'ਤੇ ਆਜ਼ਾਦੀ ਦੀ ਘੜੀ ਨੂੰ ਅੱਗੇ ਪਾਉਂਦੀ ਹੈ। ਅਸੀਂ ਉਸ ਨੂੰ ਕਈ ਸਾਰੀਆਂ ਅਜੋਕੇ ਯੁਗ ਦੀਆਂ ਮਿਸਾਲਾਂ ਦੇ ਸਕਦੇ ਹਾਂ, ਜਿਥੇ ਹਥਿਆਰਾਂ ਰਾਹੀਂ ਸਮਾਜਿਕ ਤਰੱਕੀ ਹੋਈ ਹੈ ਅਤੇ ਲੋਕਾਂ ਨੇ ਇਸ ਰਾਹੀਂ ਰਾਜਨੀਤਕ ਆਜ਼ਾਦੀ ਹਾਸਲ ਕੀਤੀ ਹੈ। ਜਿਵੇਂ ਰੂਸ ਅਤੇ ਤੁਰਕੀ ਦੀ ਮਿਸਾਲ ਲਵੋ। ਇਨ੍ਹਾਂ ਦੋਹਾਂ ਦੇਸ਼ਾਂ ਵਿਚ ਅਗਾਂਹਵਧੂ ਜਥੇਬੰਦੀਆਂ ਨੇ ਹਥਿਆਰਬੰਦ ਇਨਕਲਾਬ ਰਾਹੀਂ ਰਾਜਸੱਤਾ ਸੰਭਾਲੀ। ਪਰ ਇਥੇ ਸਮਾਜੀ ਤੇ ਰਾਜਨੀਤਕ ਤਰੱਕੀ ਦੀ ਗਤੀ ਘਟੀ ਨਹੀਂ। ਇਕੱਲੇ ਅਫ਼ਗਾਨਿਸਤਾਨ ਦੀ ਮਿਸਾਲ (ਜੋ ਗਾਂਧੀ ਦੇਂਦਾ ਹੈ) ਹੀ ਇਕ ਸਿਆਸੀ ਮੰਤਰ ਨਹੀਂ ਬਣ ਜਾਂਦੀ ਬਲਕਿ ਉਹ ਤਾਂ ਇਕ ਨਿਵੇਕੇਲੀ ਜਿਹੀ ਮਿਸਾਲ ਹੈ।

ਅਹਿੰਸਾ ਦੀ ਅਸਫਲਤਾ

ਗਾਂਧੀ ਅਨੁਸਾਰ ਜਨਤਾ ਵਿਚ ਨਾ ਮਿਲਵਰਤਣ ਲਹਿਰ (1920) ਦੇ ਦੌਰਾਨ ਆਈ ਜਾਗ੍ਰਿਤੀ ਅਸਲ ਵਿਚ ਅਹਿੰਸਾ ਦੇ ਪ੍ਰਚਾਰ ਦਾ ਸਿੱਟਾ ਹੈ। ਜਨਤਾ ਵਿਚ ਵਿਸ਼ਾਲ ਜਾਗ੍ਰਿਤੀ, ਜੋ ਕਿ ਹਰ ਤਰ੍ਹਾਂ ਦੀ ਸਿੱਧੀ ਜਨਤਕ ਲਹਿਰ ਟੁੰਬਦੀ ਹੈ, ਨੂੰ ਅਹਿੰਸਾ ਦੇ ਪ੍ਰਚਾਰ ਦਾ ਪ੍ਰਭਾਵ ਕਹਿਣਾ ਗ਼ਲਤ ਹੈ। ਮਿਸਾਲ ਵਜੋਂ ਰੂਸ ਵਿਚ ਮਜ਼ਦੂਰਾਂ ਕਿਸਾਨਾਂ ਵਿਚ ਵਿਸ਼ਾਲ ਜਾਗ੍ਰਿਤੀ ਉਦੋਂ ਆਈ, ਜਦੋਂ ਕਿ ਕਮਿਊਨਿਸਟਾਂ ਨੇ ਪ੍ਰਚੰਡ ਜਨਤਕ ਲਹਿਰ ਛੇੜੀ, ਹਾਲਾਂਕਿ ਕਿਸੇ ਨੇ ਅਹਿੰਸਾ ਦਾ ਪ੍ਰਚਾਰ ਨਹੀਂ ਸੀ ਕੀਤਾ। ਅਸੀਂ ਤਾਂ ਬਲਕਿ ਇਥੋਂ ਤੀਕ ਕਹਿੰਦੇ ਹਾਂ ਕਿ ਇਹ ਅਹਿੰਸਾ ਅਤੇ ਗਾਂਧੀ ਦੀ ਸੋਦੇਬਾਜ਼ੀ ਨੀਤੀ ਸੀ, ਜਿਸਨੇ ਕਿ ਸਮੂਹ ਐਕਸ਼ਨ (Mass action) ਵੇਲੇ ਜੁੜੀਆਂ ਸਫਾਂ ਵਿਚ ਦੁਫੇੜ ਪਾਈ।

ਇਹ ਦਾਅਵਾ ਕੀਤਾ ਜਾਂਦਾ ਹੈ ਕ੍ਰਿ ਅਹਿੰਸਾ ਰਾਹੀਂ ਸਿਆਸੀ ਊਣਤਾਈਆਂ ਠੀਕ ਕੀਤੀਆਂ ਜਾ ਸਕਦੀਆਂ ਹਨ। ਜ਼ਿਆਦਾ ਨਾ ਕਹਿੰਦਾ ਹੋਏ, ਕਿਹਾ ਜਾ ਸਕਦਾ ਹੈ ਕਿ ਇਹ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/275