ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/304

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਤਰਾਉਣਾ ਚਾਹੁੰਦੇ ਹਨ। ਕੀ ਮੈਂ ਇਹ ਜਵਾਬ ਅੱਜ ਤੁਹਾਡੇ ਮੂੰਹ ਤੋਂ ਸੁਣਾਂਗਾ? ਕੁਝ ਮੁੱਠੀ ਭਰ ਇਨਕਲਾਬੀ ਵਰਕਰਾਂ ਦੀ ਸਾਡੀ ਪਾਰਟੀ ਆਪਣੇ ਮੰਤਵਾਂ ਤੇ ਆਦਰਸ਼ਾਂ ਦੇ ਮੁਕਾਬਲੇ ਵਿਚ ਕੀ ਕਰ ਸਕਦੀ ਸੀ? ਤਾਂ ਅਸੀਂ ਇਹ ਨਤੀਜਾ ਕੱਢੀਏ ਕਿ ਅਸੀਂ ਇਹ ਕੰਮ ਸ਼ੁਰੂ ਕਰਨ ਵਿਚ ਸਰਾਸਰ ਗ਼ਲਤੀ ਕੀਤੀ ਹੈ? ਨਹੀਂ, ਇਸ ਦਾ ਇਹ ਨਤੀਜਾ ਕੱਢਣਾ ਬੇਬੁਨਿਆਦ ਹੋਵੇਗਾ। ਸਗੋਂ ਇਸ ਨਾਲ ਤਾਂ ਉਸ ਆਦਮੀ ਦਾ ਅੰਦਰੂਨੀ ਕਮਜ਼ੋਰੀ ਦਾ ਰਾਜ਼ ਫਾਸ਼ ਹੁੰਦਾ ਹੈ, ਜਿਹੜਾ ਕਿ ਇਸ ਤਰੀਕੇ ਨਾਲ ਸੋਚਦਾ ਹੈ।

ਚੌਦਾਂ ਵਰ੍ਹੇ ਪਿੱਛੋਂ

ਅੱਗੇ ਚਲ ਕੇ ਤੁਸੀਂ ਲਿਖਦੇ ਹੋ ਕਿ ਚੌਦਾਂ ਵਰ੍ਹਿਆਂ ਤਕ ਜੇਲ੍ਹ ਦੀਆਂ ਸਖ਼ਤੀਆਂ ਨਾਲ ਭਰਪੂਰ ਜ਼ਿੰਦਗੀ ਬਸਰ ਕਰਨ ਪਿੱਛੋਂ ਕਿਸੇ ਆਦਮੀ ਤੋਂ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਉਸ ਵਕਤ ਵੀ ਉਸ ਦੇ ਖ਼ਿਆਲ ਉਹੀ ਹੋਣਗੇ, ਜਿਹੜੇ ਜੇਲ੍ਹ ਤੋਂ ਪਹਿਲਾਂ ਸਨ, ਕਿਉਂਕਿ ਜੇਲ੍ਹ ਦੇ ਕਾਇਦੇ ਉਸ ਦੇ ਸਾਰੇ ਖ਼ਿਆਲਾਂ ਨੂੰ ਰੋਂਦ ਕੇ ਕੁਚਲ ਦੇਣਗੇ। ਕੀ ਮੈਂ ਆਪ ਤੋਂ ਇਹ ਪੁੱਛ ਸਕਦਾ ਹਾਂ ਕਿ ਜੇਲ੍ਹ ਤੋਂ ਬਾਹਰ ਦੇ ਹਾਲਾਤ, ਕਿਸੇ ਹਾਲਤ ਵਿਚ ਵੀ ਸਾਡੇ ਖ਼ਿਆਲਾਂ ਦੇ ਕਿਵੇਂ ਅਨੁਸਾਰ ਹਨ? ਕੀ ਤੁਹਾਡਾ ਮਤਲਬ ਇਹ ਹੈ ਕਿ ਜੇ ਅਸੀਂ ਇਸ ਮੈਦਾਨ ਵਿਚ ਕਦਮ ਨਾ ਰੱਖਿਆ ਹੁੰਦਾ ਤਾਂ ਕੋਈ ਇਨਕਲਾਬੀ ਕੰਮ ਹਰਗਿਜ਼ ਨਾ ਹੁੰਦਾ। ਜੇ ਅਜਿਹਾ ਹੈ ਤਾਂ ਤੁਸੀਂ ਗ਼ਲਤੀ 'ਤੇ ਹੋ। ਅਸੀਂ ਤਾਂ ਸਿਰਫ਼ ਵਕਤ ਦੀ ਪੈਦਾਵਾਰ ਹਾਂ। ਅਥਵਾ ਇਹ ਸਹੀ ਹੈ ਕਿ ਅਸੀਂ ਵੀ ਹਾਲਾਤ ਨੂੰ ਬਦਲਣ ਵਿਚ ਬੜੀ ਹੱਦ ਤਕ ਮਦਦਗਾਰ ਸਾਬਤ ਹੁੰਦੇ ਹਾਂ।

ਮੈਂ ਤਾਂ ਇਹ ਵੀ ਕਹਾਂਗਾ ਕਿ ਕਮਿਊਨਿਜ਼ਮ ਦਾ ਜਨਮ ਦਾਤਾ ਮਾਰਕਸ ਇਸ ਖ਼ਿਆਲ ਨੂੰ ਪੈਦਾ ਕਰਨ ਵਾਲਾ ਨਹੀਂ ਸੀ, ਬਲਕਿ ਯੂਰਪ ਦੀਆਂ ਸਨਅਤੀ ਤਬਦੀਲੀਆਂ ਨੇ ਹੀ ਇਕ ਖ਼ਾਸ ਕਿਸਮ ਦੇ ਵਿਚਾਰਾਂ ਵਾਲੇ ਲੋਕ ਪੈਦਾ ਕੀਤੇ ਸਨ, ਜਿਨ੍ਹਾਂ ਵਿਚੋਂ ਮਾਰਕਸ ਦਰ ਹਕੀਕਤ ਵੀ ਬਿਲਾ ਸ਼ੁਭਾ ਕਿਸੇ ਹੱਦ ਤਕ ਜ਼ਮਾਨੇ ਦੇ ਚੱਕਰ ਨੂੰ ਇਕ ਖ਼ਾਸ ਆਵਾਜ਼ 'ਚ ਹਰਕਤ ਦੇਣ ਵਿਚ ਮਦਦਗਾਰ ਜ਼ਰੂਰ ਸਾਬਤ ਹੋਇਆ। ਮੈਂ ਤੇ ਤੁਸਾਂ ਨੇ ਇਸ ਦੇਸ਼ ਵਿਚ ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੇ ਖ਼ਿਆਲਾਂ ਨੂੰ ਜਨਮ ਨਹੀਂ ਦਿੱਤਾ ਹੈ, ਬਲਕਿ ਇਹ ਤਾਂ ਵਕਤ ਅਤੇ ਹਾਲਾਤ ਦੇ ਸਾਡੇ 'ਤੇ ਅਸਰ ਦਾ ਨਤੀਜਾ ਹੈ। ਬਿਲਾ ਸ਼ੁਭਾ ਅਸੀਂ ਇਨ੍ਹਾਂ ਖ਼ਿਆਲਾਂ ਦਾ ਪ੍ਰਚਾਰ ਕਰਨ ਲਈ ਕੁਝ ਨਾਚੀਜ਼ ਅਤੇ ਬੇਕੀਮਤ ਕੰਮ ਜ਼ਰੂਰ ਕੀਤਾ ਹੈ। ਇਸ ਲਈ ਮੈਂ ਇਹ ਕਹਿੰਦਾ ਹਾਂ ਕਿ ਜਦ ਅਸੀਂ ਇਸ ਕਿਸਮ ਦੇ ਮੁਸ਼ਕਲ ਕੰਮ ਨੂੰ ਹੱਥ ਵਿਚ ਲੈ ਲਿਆ ਹੈ ਤਾਂ ਸਾਨੂੰ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਤੇ ਅੱਗੇ ਵਧਾਉਣਾ ਚਾਹੀਦਾ ਹੈ। ਮੁਸੀਬਤਾਂ ਤੋਂ ਬਚਣ ਲਈ ਖ਼ੁਦਕਸ਼ੀ ਕਰ ਲੈਣਾ ਲੋਕਾਂ ਦੀ ਅਗਵਾਈ ਕਰਨਾ ਨਹੀਂ ਹੋਵੇਗਾ, ਸਗੋਂ ਇਹ ਤਾਂ ਇਕ ਪਿੱਛੇ ਖਿੱਚੂ ਕਦਮ ਹੋਵੇਗਾ।

ਜੱਦੋ-ਜਹਿਦ ਸ਼ੁਰੂ ਕਰੋ

ਜੇਲ੍ਹ ਦੇ ਕਾਇਦਿਆਂ ਅਨੁਸਾਰ ਅਸੀਂ ਅਤੀ ਔਕੜਾਂ ਦਾ ਟਾਕਰਾ ਕਰਦੇ ਹੋਏ ਕੰਮ ਕਰਦੇ ਰਹੇ। ਹਰ ਤਰ੍ਹਾਂ ਨਾਲ ਸਾਨੂੰ ਮੁਖ਼ਾਲਫ਼ਤ ਦਾ ਨਿਸ਼ਾਨਾ ਬਣਾਇਆ ਜਾਂਦਾ ਸੀ। ਜਿਹੜੇ ਲੋਕ ਆਪਣੇ ਆਪ ਨੂੰ ਬੜੇ ਇਨਕਲਾਬੀ ਸਮਝਦੇ ਸਨ, ਉਹ ਵੀ ਸਾਡਾ ਸਾਥ ਛੱਡ ਗਏ। ਕੀ ਉਹ ਹਾਲਾਤ ਅੱਤ ਕਿਸਮ ਦੇ ਅਜ਼ਮਾਇਸ਼ੀ ਨਹੀਂ ਸਨ? ਫੇਰ ਆਪਣੀ ਤਹਿਰੀਕ ਅਤੇ ਜੱਦੋ-ਜਹਿਦ ਨੂੰ ਜਾਰੀ ਰੱਖਣ ਲਈ ਸਾਡੇ ਪਾਸੇ ਕੀ ਕਾਰਨ ਸਨ? ਕੀ ਖ਼ੁਦ ਇਹੀ ਦਲੀਲ ਹੀ ਸਾਡੇ ਖ਼ਿਆਲਾਂ ਨੂੰ ਤਰਬੀਅਤ ਨਹੀਂ ਪਹੁੰਚਾਉਂਦੀ ਹੈ ਅਤੇ ਕੀ ਅਜਿਹੇ ਇਨਕਲਾਬੀ ਕਾਰਕੁੰਨਾਂ ਦੀਆਂ ਮਿਸਾਲਾਂ ਮੌਜੂਦ ਨਹੀਂ ਹਨ, ਜਿਹੜੇ ਜੇਲ੍ਹਾਂ ਤੋਂ ਸਜ਼ਾ ਕੱਟ ਕੇ ਆਏ ਅਤੇ ਹੁਣ ਵੀ ਕੰਮ ਕਰ ਰਹੇ ਹਨ?

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/288