ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/309

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੈਦ ਦੀਆਂ ਮਿਆਦਾਂ ਵਧਾ ਦਿੱਤੀਆਂ ਗਈਆਂ ਹਨ ਜਦਕਿ ਉਨ੍ਹਾਂ ਵਿਚੋਂ ਕੁਝ ਸਪੈਸ਼ਲ ਕਲਾਸ ਤੋਂ ਹਟਾ ਦਿੱਤੇ ਗਏ ਹਨ।

2. ਇਸੇ ਜੁਰਮ ਵਿਚ ਭਾਵ ਆਮ ਭੁੱਖ ਹੜਤਾਲ ਵਿਚ ਸ਼ਾਮਲ ਹੋਣ ਕਾਰਨ ਆਗਰਾ ਸੈਂਟਰਲ ਜੇਲ੍ਹ ਵਿਚ ਬੰਦ ਸਰਵ ਸ੍ਰੀ ਸਚੀਂਦਰ ਨਾਥ ਸਨਿਆਲ, ਰਾਮ ਕ੍ਰਿਸ਼ਨ ਖੱਤਰੀ ਅਤੇ ਸੁਰੇਸ਼ ਚੰਦਰ ਭੱਟਾਚਾਰੀਆ, ਰਾਜ ਕੁਮਾਰ ਸਿਨਹਾ, ਸਚੀਂਦਰ ਨਾਥ ਬਖਸ਼ੀ, ਮਨਮਥ ਨਾਥ ਗੁਪਤਾ ਅਤੇ ਹੋਰ ਬਹੁਤ ਸਾਰੇ ਕਾਕੋਰੀ ਕੇਸ ਕੈਦੀਆਂ ਨੂੰ ਸਖ਼ਤ ਸਜ਼ਾ ਦਿੱਤੀ ਗਈ। ਭਰੋਸੇਯੋਗ ਵਸੀਲੇ ਤੋਂ ਪਤਾ ਲੱਗਾ ਹੈ ਕਿ ਸ਼੍ਰੀ ਸਾਨਿਆਲ ਨੂੰ ਬੇੜੀਆਂ ਪਾਈਆਂ ਅਤੇ ਏਕਾਂਤ ਕੋਠੜੀਬੰਦ ਰੱਖਿਆ ਗਿਆ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਹੈ। ਉਨ੍ਹਾਂ ਦਾ ਭਾਰ ਅਠਾਰਾਂ ਪੌਂਡ ਘਟ ਗਿਆ ਹੈ। ਪਤਾ ਲੱਗਾ ਹੈ ਕਿ ਸ਼੍ਰੀ ਭੱਟਾਚਾਰੀਆ ਤਪਦਿਕ ਦੇ ਮਰੀਜ਼ ਹਨ। ਬਰੇਲੀ ਜੇਲ੍ਹ ਦੇ ਤਿੰਨ ਕੈਦੀਆਂ ਨੂੰ ਵੀ ਸਜ਼ਾ ਦਿੱਤੀ ਗਈ ਹੈ। ਉਨ੍ਹਾਂ ਦੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਗਈਆਂ ਹਨ। ਇਥੋਂ ਤਕ ਕਿ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ, ਚਿੱਠੀ ਪੱਤਰ ਕਰਨ ਦੇ ਆਮ ਹੱਕ ਵੀ ਖੋਹ ਲਏ ਗਏ ਹਨ। ਉਨ੍ਹਾਂ ਦੇ ਭਾਰ ਕਾਫੀ ਘਟ ਗਏ ਹਨ। ਇਸ ਸਬੰਧ ਵਿਚ ਪੰਡਤ ਜਵਾਹਰ ਲਾਲ ਨੇ ਸਤੰਬਰ 1929 ਅਤੇ ਜਨਵਰੀ 1930 ਵਿਚ ਦੋ ਪ੍ਰੈੱਸ ਬਿਆਨ ਦਿੱਤੇ।

3. ਭੁੱਖ ਹੜਤਾਲ ਬਾਰੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਮਤੇ ਦੇ ਪਾਸ ਹੋਣ ਪਿੱਛੋਂ ਤਾਰ ਰਾਹੀਂ ਵੱਖ-ਵੱਖ ਸਿਆਸੀ ਕੈਦੀਆਂ ਨੂੰ ਭੇਜੀਆਂ ਇਸਦੀਆਂ ਕਾਪੀਆਂ ਜੇਲ੍ਹ ਅਧਿਕਾਰੀਆਂ ਨੇ ਰੋਕ ਲਈਆਂ। ਫੇਰ ਸਰਕਾਰ ਨੇ ਇਸ ਸਬੰਧ ਵਿਚ ਕੈਦੀਆਂ ਨੂੰ ਮਿਲਣ ਵਾਲੇ ਕਾਂਗਰਸੀ ਵਫ਼ਦ ਨੂੰ ਨਾਂਹ ਕਰ ਦਿੱਤੀ।

4. ਉੱਪਰਲੇ ਪੁਲਸ ਅਫ਼ਸਰਾਂ ਦੇ ਹੁਕਮ ਅਧੀਨ 23 ਅਤੇ 24 ਅਕਤੂਬਰ, 1929 ਨੂੰ ਸਾਜ਼ਿਸ਼ ਕੇਸ ਦੇ ਜ਼ੇਰ ਸਮਾਇਤ ਕੈਦੀਆਂ 'ਤੇ ਵਹਿਸ਼ੀਆਨਾ ਹਮਲਾ ਕੀਤਾ ਗਿਆ। ਪੂਰੇ ਵੇਰਵੇ ਪ੍ਰੈੱਸ ਵਿਚ ਛਪੇ ਹਨ। ਸਪੈਸ਼ਲ ਮੈਜਿਸਟਰੇਟ ਪੰਡਤ ਸ਼੍ਰੀ ਕ੍ਰਿਸ਼ਨ ਨੇ ਸਾਡੇ ਵਿਚੋਂ ਇਕ ਜਣੇ ਦਾ ਬਿਆਨ ਦਰਜ ਕੀਤਾ ਸੀ, ਇਸ ਬਿਆਨ ਦੀ ਕਾਪੀ 16 ਦਸੰਬਰ, 1929 ਨੂੰ ਤੁਹਾਨੂੰ ਭੇਜੀ ਜਾ ਚੁੱਕੀ ਹੈ। ਨਾ ਪੰਜਾਬ ਸਰਕਾਰ ਅਤੇ ਨਾ ਹੀ ਭਾਰਤ ਸਰਕਾਰ ਨੇ ਜਵਾਬ ਦੇਣਾ ਜਾਂ ਸਾਡੇ ਵਲੋਂ ਪੜਤਾਲ ਕਰਵਾਉਣ ਬਾਰੇ ਬੇਨਤੀ ਦੀ ਪਹੁੰਚ ਬਾਰੇ ਦੱਸਣਾ ਜ਼ਰੂਰੀ ਸਮਝਿਆ, ਜਦਕਿ ਦੂਜੇ ਪਾਸੇ ਇਸੇ ਘਟਨਾ ਦੇ ਸਬੰਧ ਵਿਚ ‘ਹਿੰਸਾਤਮਕ ਪ੍ਰਤੀਰੋਧ' ਕਰਨ ਖ਼ਾਤਰ ਸਾਡੇ 'ਤੇ ਮੁਕੱਦਮਾ ਚਲਾਉਣ ਦੀ ਸਥਾਨਕ ਸਰਕਾਰ ਨੇ ਬਹੁਤ ਲੋੜ ਮਹਿਸੂਸ ਕੀਤੀ ਹੈ।

5. ਦਸੰਬਰ, 1929 ਦੇ ਆਖ਼ਰੀ ਹਫ਼ਤੇ, ਲਾਹੌਰ ਬੋਰਸਟਲ ਜੇਲ੍ਹ ਵਿਚ ਬੰਦ ਸ਼੍ਰੀ ਕਿਰਨ ਚੰਦਰ ਦਾਸ ਅਤੇ ਅੱਠ ਹੋਰਾਂ ਨੂੰ ਜਦ ਮੈਜਿਸਟਰੇਟ ਦੀ ਅਦਾਲਤ ਵਿਚ ਲਿਆਂਦਾ ਅਤੇ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਦੇ ਹੱਥਕੜੀਆਂ ਲਾਈਆਂ ਹੋਈਆਂ ਸਨ ਅਤੇ ਜ਼ੰਜੀਰਾਂ ਪਾਈਆਂ ਗਈਆਂ ਸਨ। ਇਹ ਪੰਜਾਬ ਜੇਲ੍ਹ ਪੜਤਾਲ ਕਮੇਟੀ ਅਤੇ ਪੰਜਾਬ ਦੀਆਂ ਜੇਲ੍ਹਾਂ ਦੇ ਇੰਸਪੈਕਟਰ ਜਨਰਲ ਦੀਆਂ ਇਕਰਾਏ ਸਿਫ਼ਾਰਸ਼ਾਂ ਦੀ ਘੋਰ ਉਲੰਘਣਾ ਸੀ। ਅੱਗੇ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਕੈਦੀ ਜ਼ਮਾਨਤਯੋਗ ਜੁਰਮ ਹੇਠ ਜ਼ੇਰ ਸਮਾਇਤ ਕੈਦੀ ਸਨ। ਇਸ ਸਬੰਧ ਵਿਚ ਡਾ. ਮੁਹੰਮਦ ਆਲਮ, ਲਾਲਾ ਦੂਨੀ ਚੰਦ ਲਾਹੌਰ ਵਾਲੇ ਅਤੇ ਲਾਲਾ ਦੂਨੀ ਚੰਦ ਅੰਬਾਲੇ ਵਾਲੇ ਦਾ ਲੰਮਾ ਬਿਆਨ ‘ਟ੍ਰਿਬਿਊਨ’ ਵਿਚ ਛਪਿਆ ਸੀ।

ਜਦ ਕਿ ਸਾਨੂੰ ਸਿਆਸੀ ਕੈਦੀਆਂ ਦੀਆਂ ਇਨ੍ਹਾਂ ਅਤੇ ਹੋਰ ਤਕਲੀਫ਼ਾਂ ਦਾ ਪਤਾ ਲੱਗਾ, ਅਸੀਂ ਭੁੱਖ ਹੜਤਾਲ ਫੇਰ ਸ਼ੁਰੂ ਕਰਨੋਂ ਗੁਰੇਜ਼ ਕੀਤਾ, ਭਾਵੇਂ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਸੀ। ਅਸੀਂ ਸੋਚਿਆ ਕਿ ਮਾਮਲਾ ਛੇਤੀ ਹੀ ਤੈਅ ਹੋ ਜਾਏਗਾ, ਪਰ ਉੱਪਰਲੀਆਂ ਮਿਸਾਲਾਂ ਦੀ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/293