ਆਪਣੇ ਲਾਹੌਰ ਸਾਜ਼ਿਸ਼ ਕੇਸ ਬਾਰੇ ਜਾਰੀ ਕੀਤੇ ਗਏ ਆਰਡੀਨੈਂਸ ਵਿਚ, ਸਾਡੀ ਭੁੱਖ ਹੜਤਾਲ ਬਾਰੇ, ਤੁਸੀਂ ਆਪਣਾ ਬਿਆਨ ਦਰਜ ਕੀਤਾ ਹੈ। ਤੁਸੀਂ ਖ਼ੁਦ ਸਵੀਕਾਰ ਕੀਤਾ ਕਿ ਸਾਡੇ ਵਿਚੋਂ ਦੋ ਨੇ ਇਸ ਮਾਮਲੇ ਦੇ ਸਬੰਧ ਵਿਚ ਸਪੈਸ਼ਲ ਮੈਜਿਸਟਰੇਟ ਪੰਡਿਤ ਸ਼੍ਰੀ ਕ੍ਰਿਸ਼ਨ ਦੀ ਅਦਾਲਤ ਵਿਚ ਹੋਣ ਵਾਲੇ ਖੋਜਬੀਨ ਦੇ ਸ਼ੁਰੂ ਹੋਣ ਤੋਂ ਕਈ ਹਫ਼ਤੇ ਪਹਿਲਾਂ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਮਾਮੂਲੀ ਸੂਝਬੂਝ ਰੱਖਣ ਵਾਲੇ ਆਮ ਆਦਮੀ ਦੀ ਸਮਝ ਵਿਚ ਵੀ ਇਹ ਗੱਲਬਾਤ ਆ ਸਕਦੀ ਹੈ ਕਿ ਇਸ ਮੁਕੱਦਮੇ ਦਾ ਉਸ ਭੁੱਖ ਹੜਤਾਲ ਨਾਲ ਬਿਲਕੁਲ ਵੀ ਕੋਈ ਵਾਸਤਾ ਨਹੀਂ ਹੈ। ਭੁੱਖ ਹੜਤਾਲ ਸ਼ੁਰੂ ਕਰਨ ਦੇ ਕੁਝ ਖਾਸ ਕਾਰਨ ਸਨ। ਇਸ ਹਾਲਤ ਵਿਚ ਸਰਕਾਰ ਨੂੰ ਉਨ੍ਹਾਂ ਕਾਰਨਾਂ ਦੇ ਬਾਰੇ ਵਿਚ ਸਪਸ਼ਟੀਕਰਨ ਦੇਣਾ ਸੀ, ਜਿਸ ਦੇ ਆਧਾਰ 'ਤੇ ਭੁੱਖ ਹੜਤਾਲ ਕੀਤੀ ਗਈ ਸੀ ਅਤੇ ਜਦ ਸਰਕਾਰ ਨੇ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਕੁਝ ਪ੍ਰਬੰਧ ਕਰਨ ਦੀ ਹਾਮੀ ਭਰੀ ਅਤੇ ਜੇਲ੍ਹ ਇਨਕੁਆਰੀ ਕਮੇਟੀ ਕਾਇਮ ਕੀਤੀ ਤਾਂ ਅਸਾਂ ਨੇ ਭੁੱਖ ਹੜਤਾਲ ਖ਼ਤਮ ਕੀਤੀ ਸੀ। ਲੇਕਿਨ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਆ ਗਿਆ ਸੀ ਕਿ ਇਹ ਮਾਮਲਾ ਨਵੰਬਰ ਤਕ ਸੁਲਝਾ ਦਿੱਤਾ ਜਾਵੇਗਾ। ਫਿਰ ਉਸ ਵਿਚ ਦਸੰਬਰ ਤਕ ਦੇਰੀ ਕੀਤੀ ਗਈ। ਜਨਵਰੀ ਦਾ ਮਹੀਨਾ ਵੀ ਬੀਤ ਗਿਆ ਪਰ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ ਸੀ ਕਿ ਸਰਕਾਰ ਅਸਲ ਵਿਚ ਬਾਰੇ ਕੁਝ ਕਰੇਗੀ ਵੀ ਜਾਂ ਨਹੀਂ। ਸਾਨੂੰ ਲੱਗਿਆ ਕਿ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ ਗਿਆ ਹੈ। ਇਸ ਹਾਲਾਤ ਵਿਚ ਅਸਾਂ ਨੇ ਪੂਰੇ ਇਕ ਹਫ਼ਤੇ ਦਾ ਨੋਟਿਸ ਦੇ ਕੇ 4 ਫਰਵਰੀ, 1930 ਨੂੰ ਫਿਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਸਿਰਫ਼ ਇਸਦੇ ਬਾਅਦ ਹੀ ਸਰਕਾਰ ਨੇ ਮਾਮਲੇ ਨੂੰ ਆਖ਼ਰੀ ਰੂਪ ਵਿਚ ਸ਼ਾਂਤ ਕਰਨ ਲਈ ਕੁਝ ਕਦਮ ਉਠਾਏ।
ਇਸ ਆਸ਼ੇ ਬਾਰੇ ਸਰਕਾਰ ਨੇ ਫਿਰ ਇਕ ਇਸ਼ਤਿਹਾਰ ਅਖ਼ਬਾਰਾਂ ਵਿਚ ਜਾਰੀ ਕੀਤਾ ਤਾਂ ਫਿਰ ਅਸੀਂ ਭੁੱਖ ਹੜਤਾਲ ਖ਼ਤਮ ਕਰ ਦਿੱਤੀ। ਇਥੋਂ ਤਕ ਕਿ ਅਸੀਂ ਇਸ ਗੱਲ ਦੀ ਇੰਤਜ਼ਾਰ ਵੀ ਨਹੀਂ ਕੀਤੀ ਕਿ ਸਰਕਾਰ ਆਪਣੇ ਆਖ਼ਰੀ ਫ਼ੈਸਲੇ ਲਾਗੂ ਵੀ ਕਰਦੀ ਹੈ ਜਾਂ ਨਹੀਂ। ਪਰ ਇਹ ਅੱਜ ਹੀ ਅਸਾਂ ਮਹਿਸੂਸ ਕੀਤਾ ਹੈ ਕਿ ਅੰਗਰੇਜ਼ ਸਰਕਾਰ ਇਹੋ ਜਿਹੇ ਸਾਧਾਰਨ ਮਾਮਲਿਆਂ ਵਿਚ ਵੀ ਝੂਠ ਅਤੇ ਫਰੇਬ ਦਾ ਸਹਾਰਾ ਲੈਣ ਤੋਂ ਬਾਜ਼ ਨਹੀਂ ਆਈ। ਉਹ ਇਸ਼ਤਿਹਾਰ ਖਾਸ ਨਿਸ਼ਚਿਤ ਤੇ ਨਿਰਣਾ ਕੱਢਣ ਵਾਲੇ ਆਧਾਰਾਂ 'ਤੇ ਨਿਰਧਾਰਤ ਸੀ, ਪਰ ਅਸਾਂ ਦੇਖਿਆ ਹੈ ਕਿ ਉਸ 'ਤੇ ਵੀ ਉਲਟਾ ਹੀ ਅਮਲ ਕੀਤਾ ਗਿਆ ਹੈ। ਜੋ ਵੀ ਹੋਵੇ, ਇਸ ਮਾਮਲੇ 'ਤੇ ਬਹਿਸ ਕਰਨ ਦਾ ਇਹ ਮੌਕਾ ਨਹੀਂ ਹੈ। ਅਗਰ ਇਹ ਮਾਮਲਾ ਫਿਰ ਉੱਠਿਆ ਤਾਂ ਅਸੀਂ ਇਸ ਨਾਲ ਵੀ ਕਦੀ ਜ਼ਰੂਰ ਨਬੇੜਾ ਕਰਾਂਗੇ ਪਰ ਅਸੀਂ ਇਹ ਪੂਰੇ ਜ਼ੋਰ ਨਾਲ ਕਹਿਣਾ ਚਾਹੁੰਦੇ ਹਾਂ ਕਿ ਭੁੱਖ ਹੜਤਾਲ ਦਾ ਉਦੇਸ਼ ਇਸਤਗਾਸੋ ਦੀ ਕਾਰਵਾਈ ਦੇ ਖ਼ਿਲਾਫ਼ ਕੋਈ ਕਦਮ ਨਹੀਂ ਸੀ। ਅਜਿਹੇ ਮਾਮੂਲੀ ਕਾਰਨਾਂ ਕਰਕੇ ਅਸਾਂ ਆਪਣੇ ਉੱਪਰ ਏਨੇ ਜ਼ੁਲਮ ਨਹੀਂ ਸਹਾਰੇ ਸਨ। ਜਤਿੰਦਰ ਨਾਥ ਦਾਸ ਨੇ ਏਨੀ ਸਾਧਾਰਨ ਗੱਲ ਲਈ ਆਪਣੇ ਜੀਵਨ ਦਾ ਬਲੀਦਾਨ ਨਹੀਂ ਦਿੱਤਾ। ਰਾਜਗੁਰੂ ਅਤੇ ਸੁਖਦੇਵ ਨੇ ਵੀ ਇਸ ਬਚਾਓ ਲਈ ਹੀ ਆਪਣੀਆਂ ਜਾਨਾਂ ਖ਼ਤਰੇ ਵਿਚ ਨਹੀਂ ਪਾਈਆਂ ਸਨ।
ਤੁਸੀਂ ਖ਼ੁਦ ਅਤੇ ਸਾਡੇ ਮੁਕੱਦਮੇ ਨਾਲ ਸਬੰਧਤ ਸਾਰੇ ਇਹ ਗੱਲ ਪੂਰੀ ਤਰ੍ਹਾਂ ਜਾਣਦੇ ਹੋ ਕਿ ਆਰਡੀਨੈਂਸ ਜਾਰੀ ਕਰਨ ਦੀ ਵਜ੍ਹਾ ਭੁੱਖ ਹੜਤਾਲ ਨਹੀਂ ਸੀ। ਪਰ ਗੱਲ ਤਾਂ ਕੁਝ ਹੋਰ ਹੈ, ਜਿਸ ਨੂੰ ਸੋਚ ਕੇ ਤੁਹਾਡੀ ਸਰਕਾਰ ਦੇ ਹੋਸ਼ ਹਵਾਸ ਗੁੰਮ ਹੋ ਗਏ। ਨਾ ਤਾਂ ਉਹ ਇਸ ਮੁਕੱਦਮੇ ਵਿਚ ਦੇਰੀ ਦੇ ਕਾਰਨ ਹੋਇਆ ਅਤੇ ਨਾ ਹੀ ਅਜਿਹੀ ਕੋਈ ਸੰਕਟ ਦੀ ਹਾਲਤ ਹੀ ਪੈਦਾ ਹੋਈ, ਜਿਸਦੇ ਕਾਰਨ ਆਪ ਨੇ ਇਸ ਬੇ-ਕਾਨੂੰਨ 'ਤੇ ਦਸਤਖ਼ਤ ਕੀਤੇ। ਜ਼ਰੂਰ ਹੀ ਇਸਦੇ ਪਿੱਛੇ ਕੁਝ ਹੋਰ ਹੈ।
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/303