ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/327

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਨਾਲ ਮਸ਼ਵਰਾ ਕੀਤੇ ਬਿਨਾਂ ਹੀ ਅਖ਼ਤਿਆਰ ਕਰੋ। ਮੇਰੀ ਜ਼ਿੰਦਗੀ ਏਨੀ ਕੀਮਤੀ ਨਹੀਂ, ਜਿੰਨੀ ਕਿ ਤੁਸੀਂ ਖ਼ਿਆਲ ਕਰਦੇ ਹੋ। ਘੱਟ ਤੋਂ ਘੱਟ ਮੇਰੇ ਲਈ ਏਨੀ ਕੀਮਤੀ ਨਹੀਂ ਕਿ ਇਸ ਨੂੰ ਅਸੂਲਾਂ ਦੀ ਕੁਰਬਾਨੀ ਕਰਨ ਦੀ ਕੀਮਤ 'ਤੇ ਬਚਾਇਆ ਜਾਵੇ। ਮੇਰੇ ਹੋਰ ਸਾਥੀ ਵੀ ਹਨ, ਜਿਨ੍ਹਾਂ ਦੇ ਮੁਕੱਦਮੇ ਇੰਨੇ ਸੰਗੀਨ ਹਨ ਜਿੰਨਾ ਕਿ ਮੇਰਾ ਮੁਕੱਦਮਾ। ਅਸੀਂ ਇਕ ਸਾਂਝੀ ਪਾਲਿਸੀ ਅਪਣਾਈ ਹੈ ਅਤੇ ਇਸ ਪਾਲਸੀ 'ਤੇ ਅਸੀਂ ਆਖ਼ਰੀ ਸਮੇਂ ਤਕ ਡਟੇ ਰਹਾਂਗੇ। ਸਾਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਸਾਨੂੰ ਵਿਅਕਤੀਗਤ ਤੌਰ 'ਤੇ ਕਿੰਨੀ ਕੀਮਤ ਇਸ ਗੱਲ ਦੀ ਅਦਾ ਕਰਨੀ ਪਵੇ।

ਪਿਤਾ ਜੀ, ਮੈਂ ਬਹੁਤ ਦੁੱਖ ਮਹਿਸੂਸ ਕਰ ਰਿਹਾ ਹਾਂ! ਮੈਨੂੰ ਡਰ ਹੈ ਕਿ ਕਿਤੇ ਤੁਹਾਡੇ 'ਤੇ ਇਹ ਨੁਕਤਾਚੀਨੀ ਕਰਦੇ ਜਾਂ ਇਸ ਤੋਂ ਵਧ ਕੇ ਤੁਹਾਡੇ ਇਸ ਕਦਮ ਦੀ ਨਿਖੇਧੀ ਕਰਦੇ ਹੋਏ ਮੈਂ ਤਹਿਜ਼ੀਬ ਦੇ ਦਾਇਰੇ ਤੋਂ ਬਾਹਰ ਨਾ ਨਿਕਲ ਜਾਵਾਂ ਅਤੇ ਮੇਰੇ ਲਫਜ਼ ਜ਼ਿਆਦਾ ਸਖ਼ਤ ਹੋ ਜਾਣ। ਪਰ ਮੈਂ ਸਾਫ ਲਫ਼ਜ਼ਾਂ ਵਿਚ ਆਪਣੀ ਗੱਲ ਕਹਾਂਗਾ। ਜੇ ਕੋਈ ਹੋਰ ਸ਼ਖ਼ਸ ਮੇਰੇ ਨਾਲ ਅਜਿਹਾ ਸਲੂਕ ਕਰਦਾ ਤਾਂ ਮੈਂ ਇਸ ਨੂੰ ਗ਼ੱਦਾਰੀ ਤੋਂ ਘੱਟ ਖ਼ਿਆਲ ਨਾ ਕਰਦਾ। ਪਰ ਤੁਹਾਡੀ ਹਾਲਤ ਵਿਚ ਏਨਾ ਹੀ ਕਹਾਂਗਾ ਕਿ ਇਹ ਇਕ ਕਮਜ਼ੋਰੀ ਹੈ, ਬਦਤਰੀਨ ਕਿਸਮ ਦੀ ਕਮਜ਼ੋਰੀ।

ਇਹ ਇਕ ਅਜਿਹਾ ਸਮਾਂ ਸੀ, ਜਦੋਂ ਸਾਡੇ ਸਾਰਿਆਂ ਦਾ ਇਮਤਿਹਾਨ ਹੋ ਰਿਹਾ ਸੀ ਅਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਇਮਤਿਹਾਨ ਵਿਚ ਨਾਕਾਮ ਰਹੇ ਹੋ। ਮੈਂ ਜਾਣਦਾ ਹਾਂ ਕਿ ਤੁਸੀਂ ਵੀ ਏਨੇ ਹੀ ਵਤਨ ਦੇ ਆਸ਼ਕ ਹੋ, ਜਿੰਨਾ ਕਿ ਕੋਈ ਸ਼ਖ਼ਸ ਹੋ ਸਕਦਾ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਆਪਣੀ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਲਈ ਲਾ ਦਿੱਤੀ ਹੈ। ਪਰ ਇਸ ਅਹਿਮ ਮੋੜ 'ਤੇ ਤੁਸਾਂ ਇੰਨੀ ਕਮਜ਼ੋਰੀ ਵਿਖਾਈ, ਮੈਂ ਇਹ ਗੱਲ ਸਮਝ ਨਹੀਂ ਸਕਦਾ।

ਅਖ਼ੀਰ ਵਿਚ ਮੈਂ ਤੁਹਾਨੂੰ, ਤੁਹਾਡੇ ਹੋਰ ਦੋਸਤਾਂ ਅਤੇ ਮੇਰੇ ਮੁਕੱਦਮੇ ਵਿਚ ਦਿਲਚਸਪੀ ਲੈਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਇਸ ਕਦਮ ਨੂੰ ਪਸੰਦ ਨਹੀਂ ਕਰਦਾ। ਮੈਂ ਅੱਜ ਵੀ ਬਿਲਕੁਲ ਸਫ਼ਾਈ ਪੇਸ਼ ਕਰਨ ਦੇ ਹੱਕ ਵਿਚ ਨਹੀਂ ਹਾਂ। ਜੇ ਅਦਾਲਤ ਸਾਡੇ ਕੁਝ ਸਾਥੀਆਂ ਵਲੋਂ ਸਫ਼ਾਈ ਆਦਿ ਲਈ ਪੇਸ਼ ਕੀਤੀ ਗਈ ਦਰਖਾਸਤ ਮਨਜ਼ੂਰ ਕਰ ਲੈਂਦੀ ਤਾਂ ਵੀ ਮੈਂ ਕੋਈ ਸਫ਼ਾਈ ਪੇਸ਼ ਨਾ ਕਰਦਾ।

ਭੁੱਖ ਹੜਤਾਲ ਦੇ ਦਿਨਾਂ ਵਿਚ ਮੈਂ ਟ੍ਰਿਬਿਊਨਲ ਨੂੰ ਜਿਹੜੀ ਦਰਖਾਸਤ ਦਿੱਤੀ ਸੀ ਅਤੇ ਇਨ੍ਹਾਂ ਦਿਨਾਂ ਵਿਚ ਮੈਂ ਜਿਹੜਾ ਇੰਟਰਵਿਊ ਦਿੱਤਾ ਸੀ, ਉਸ ਦੇ ਗ਼ਲਤ ਅਰਥ ਕੱਢੇ ਗਏ ਹਨ ਅਤੇ ਅਖ਼ਬਾਰਾਂ ਵਿਚ ਇਹ ਪ੍ਰਕਾਸ਼ਤ ਕਰ ਦਿੱਤਾ ਗਿਆ ਕਿ ਮੈਂ ਆਪਣੀ ਸਫ਼ਾਈ ਪੇਸ਼ ਕਰਨੀ ਚਾਹੁੰਦਾ ਹਾਂ। ਹਾਲਾਂਕਿ ਮੈਂ ਕਿਸੇ ਵੀ ਸਮੇਂ ਸਫ਼ਾਈ ਪੇਸ਼ ਕਰਨ ਲਈ ਰਾਜ਼ੀ ਨਹੀਂ ਹੋਇਆ ਸੀ। ਅੱਜ ਵੀ ਮੇਰੇ ਖ਼ਿਆਲ ਉਹੀ ਹਨ, ਜੋ ਉਸ ਵੇਲੇ ਸਨ।

ਬੋਸਟਲ ਜੇਲ੍ਹ ਵਿਚ ਕੈਦ ਮੇਰੇ ਸਾਥੀ ਇਸ ਗੱਲ ਨੂੰ ਮੇਰੇ ਵਲੋਂ ਗ਼ਦਾਰੀ ਅਤੇ ਧੋਖਾਦੇਹੀ ਖ਼ਿਆਲ ਕਰ ਰਹੇ ਹੋਣਗੇ। ਮੈਨੂੰ ਉਨ੍ਹਾਂ ਸਾਹਮਣੇ ਆਪਣੀ ਪੁਜ਼ੀਸ਼ਨ ਸਾਫ਼ ਕਰਨ ਦਾ ਮੌਕਾ ਵੀ ਨਹੀਂ ਮਿਲੇਗਾ।

ਮੈਂ ਚਾਹੁੰਦਾ ਹਾਂ ਕਿ ਇਸ ਸਿਲਸਿਲੇ ਵਿਚ ਜਿਹੜੀਆਂ ਪੇਚੀਦਗੀਆਂ ਪੈਦਾ ਹੋ ਗਈਆਂ ਹਨ, ਉਨ੍ਹਾਂ ਸਬੰਧੀ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਜਾਵੇ। ਇਸ ਲਈ ਮੈਂ ਤੁਹਾਨੂੰ ਦਰਖਾਸਤ ਕਰਦਾ ਹਾਂ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਚਿੱਠੀ ਪ੍ਰਕਾਸ਼ਤ ਕਰ ਦਿਓ।”

ਤੁਹਾਡਾ ਪੁੱਤਰ
ਭਗਤ ਸਿੰਘ

4.10.1930

☆ ☆ ☆

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/311