88. ਕੁਲਬੀਰ ਸਿੰਘ, ਸੈਂਟਰਲ ਜੇਲ੍ਹ, ਲਾਹੌਰ
-16 ਸਤੰਬਰ, 1930
ਵੀਰ ਅਜ਼ੀਜ਼ ਕੁਲਬੀਰ ਜੀ, ਸਤਿ ਸ੍ਰੀ ਅਕਾਲ!
ਤੁਹਾਨੂੰ ਪਤਾ ਹੀ ਹੋਏਗਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਮੇਰੀਆਂ ਮੁਲਾਕਾਤਾਂ ਬੰਦ ਕਰ ਦਿੱਤੀਆਂ ਹਨ। ਇਹਨਾਂ ਹਾਲਤਾਂ ਵਿਚ ਫ਼ਿਲਹਾਲ ਮੁਲਾਕਾਤ ਨਹੀਂ ਹੋ ਸਕੇਗੀ ਅਤੇ ਮੇਰਾ ਖ਼ਿਆਲ ਹੈ ਕਿ ਛੇਤੀ ਹੀ ਫੈਸਲਾ ਸੁਣਾ ਦਿੱਤਾ ਜਾਵੇਗਾ। ਇਸ ਤੋਂ ਕੁਝ ਦਿਨਾਂ ਮਗਰੋਂ ਕਿਸੇ ਦੂਸਰੇ ਜੇਲ੍ਹ ਦਾ ਚਾਲਾਨ ਹੋ ਜਾਏਗਾ। ਇਸ ਲਈ ਕਿਸੇ ਦਿਨ ਜੇਲ੍ਹ ਵਿਚ ਆ ਕੇ ਮੇਰੀਆਂ ਕਿਤਾਬਾਂ ਅਤੇ ਪਰਚੇ ਵਗੈਰਾ ਚੀਜ਼ਾਂ ਲੈ ਜਾਣੀਆਂ! ਮੈਂ ਭਾਂਡੇ, ਕੱਪੜੇ, ਕਿਤਾਬਾਂ ਅਤੇ ਹੋਰ ਕਾਗ਼ਜ਼ ਜੇਲ੍ਹ ਦੇ ਡਿਪਟੀ ਸੁਪਰਿੰਟੈਂਡੈਂਟ ਦੇ ਦਫਤਰ ਭੇਜ ਦੇਵਾਂਗਾ, ਆ ਕੇ ਲੈ ਜਾਈਓ। ਪਤਾ ਨਹੀਂ, ਮੈਨੂੰ ਵਾਰ ਵਾਰ ਇਹ ਖਿਆਲ ਕਿਉਂ ਆ ਰਿਹਾ ਹੈ ਕਿ ਇਸੇ ਹਫ਼ਤੇ ਦੇ ਵਿਚ ਵਿਚ ਜਾਂ ਜ਼ਿਆਦਾ ਤੋਂ ਜ਼ਿਆਦਾ ਇਸ ਮਹੀਨੇ ਫੈਸਲਾ ਅਤੇ ਚਾਲਾਨ ਹੋ ਜਾਏਗਾ। ਇਹਨਾਂ ਹਾਲਤਾਂ ਵਿਚ ਹੁਣ ਤਾਂ ਕਿਸੇ ਦੂਸਰੀ ਜੇਲ੍ਹ ਵਿਚ ਮੁਲਾਕਾਤ ਹੋਏ ਤਾਂ ਹੋਏ, ਇਥੇ ਤਾਂ ਆਸ ਨਹੀਂ ਹੈ।
ਵਕੀਲ ਨੂੰ ਭੇਜ ਸਕੋ ਤਾਂ ਭੇਜਣਾ। ਮੈਂ ਪ੍ਰਿਵੀ ਕੌਂਸਲ ਦੇ ਸਿਲਸਿਲੇ ਵਿਚ ਇਕ ਜ਼ਰੂਰੀ ਗੱਲ ਦਰਿਆਫ਼ਤ ਕਰਨੀ ਚਾਹੁੰਦਾ ਹਾਂ। ਮਾਂ ਜੀ ਨੂੰ ਤਸੱਲੀ ਦੇਣੀ, ਘਬਰਾਉਣ ਨਾ।
ਤੁਹਾਡਾ ਵੀਰ,
ਭਗਤ ਸਿੰਘ
(ਉਰਦੂ ਤੋਂ)
☆ ☆ ☆
89. ਸੈਂਟਰਲ ਜੇਲ੍ਹ, ਲਾਹੌਰ 25 ਸਤੰਬਰ, 1930
ਵੀਰ ਅਜ਼ੀਜ਼ ਕੁਲਬੀਰ ਸਿੰਘ ਜੀ, ਸਤਿ ਸ੍ਰੀ ਅਕਾਲ!
ਮੈਨੂੰ ਇਹ ਜਾਣ ਕੇ ਕਿ ਇਕ ਦਿਨ ਤੁਸੀਂ ਮਾਂ ਜੀ ਨੂੰ ਨਾਲ ਲੈ ਕੇ ਆਏ ਅਤੇ ਮੁਲਾਕਾਤ ਦੀ ਇਜਾਜ਼ਤ ਨਾ ਮਿਲਣ 'ਤੇ ਨਿਰਾਸ਼ ਵਾਪਸ ਚਲੇ ਗਏ, ਬਹੁਤ ਦੁੱਖ ਹੋਇਆ। ਆਖ਼ਰ ਤੈਨੂੰ ਤਾਂ ਪਤਾ ਲੱਗ ਹੀ ਚੁੱਕਾ ਸੀ ਕਿ ਜੇਲ੍ਹ ਵਾਲੇ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੰਦੇ, ਫੇਰ ਮਾਂ ਜੀ ਨੂੰ ਨਾਲ ਕਿਉਂ ਲਿਆਇਆ। ਮੈਂ ਜਾਣਦਾ ਹਾਂ ਉਹ ਇਸ ਵੇਲੇ ਬਹੁਤ ਘਬਰਾਏ ਹੋਏ ਹਨ, ਪਰ ਇਸ ਘਬਰਾਹਟ ਅਤੇ ਪ੍ਰੇਸ਼ਾਨੀ ਦਾ ਕੀ ਫ਼ਾਇਦਾ। ਨੁਕਸਾਨ ਜ਼ਰੂਰੀ ਹੈ, ਕਿਉਂਕਿ ਜਦ ਤੋਂ ਮੈਨੂੰ ਪਤਾ ਲੱਗਾ ਕਿ ਉਹ ਬਹੁਤ ਰੋ ਰਹੇ ਹਨ, ਮੈਨੂੰ ਆਪ ਵੀ ਬੇਚੈਨੀ ਹੋ ਰਹੀ ਹੈ। ਘਬਰਾਉਣ ਦੀ ਕੋਈ ਗੱਲ ਨਹੀਂ ਅਤੇ ਇਸ ਤੋਂ ਕੁਝ ਮਿਲਦਾ ਵੀ ਨਹੀਂ। ਸਭ ਹੌਸਲੇ ਨਾਲ ਹਾਲਾਤ ਦਾ ਮੁਕਾਬਲਾ ਕਰਨ। ਆਖ਼ਰ ਦੁਨੀਆ ਵਿਚ ਦੂਜੇ ਲੋਕ ਵੀ ਤਾਂ ਹਜ਼ਾਰਾਂ ਮੁਸੀਬਤਾਂ ਵਿਚ ਫਸੇ ਹੋਏ ਹਨ ਅਤੇ ਫੇਰ ਜੇ ਲਗਾਤਾਰ ਇਕ ਸਾਲ ਮੁਲਾਕਾਤਾਂ ਕਰਕੇ ਤਬੀਅਤ ਤ੍ਰਿਪਤ ਨਹੀਂ ਹੋਈ, ਤਾਂ ਦੋ ਚਾਰ ਹੋਰ ਮੁਲਾਕਾਤਾਂ ਨਾਲ ਵੀ ਤਸੱਲੀ ਨਹੀਂ ਹੋਣ ਲੱਗੀ। ਮੇਰਾ ਖ਼ਿਆਲ ਹੈ ਕਿ ਫੈਸਲੇ ਅਤੇ ਚਾਲਾਨ ਮਗਰੋਂ ਮੁਲਾਕਾਤਾਂ ਖੁੱਲ੍ਹ ਜਾਣਗੀਆਂ, ਪਰ ਜੇ ਫਰਜ਼ ਕੀਤਾ ਜਾਏ ਕਿ ਫੇਰ ਵੀ ਮੁਲਾਕਾਤ ਦੀ ਇਜਾਜ਼ਤ ਨਾ ਮਿਲੇ, ਤਾਂ ਘਬਰਾਉਣ ਦਾ ਕੀ ਫ਼ਾਇਦਾ?
ਤੇਰਾ,
ਭਗਤ ਸਿੰਘ
(ਉਰਦੂ ਤੋਂ)
☆ ☆ ☆
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/318