ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/34

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਵਿਸ਼ਵਾਸਾਂ ਅਤੇ ਛੂਤ-ਛਾਤ ਤੋਂ ਮੁਕਤ ਹੋ ਗਏ ਸਨ ਅਤੇ ਪੇਂਡੂ ਦੱਬੇ ਕੁਚਲੇ ਵਰਗ ਦੇ ਬਹੁਤ ਨੇੜੇ ਆ ਕੇ ਸਹਾਰਾ ਬਣ ਗਏ ਸੀ। ਉਨ੍ਹਾਂ ਨੇ ਅੰਗਰੇਜ਼ ਵਿਰੁੱਧ ਪਹਿਲੀ ਲੜਾਈ ਉਸ ਦਿਨ ਲੜੀ ਸੀ ਜਦ ਖਟਕੜ ਕਲਾਂ (ਜ਼ਿਲ੍ਹਾ ਜਲੰਧਰ ਜੱਦੀ ਪਿੰਡ) ਵਿਚ ਪਲੇਗ ਫ਼ੈਲੀ ਸੀ। ਅੰਗਰੇਜ਼ ਨੇ ਫ਼ੌਜਾਂ ਨਾਲ ਪਿੰਡ ਘੇਰ ਲਿਆ ਅਤੇ ਫ਼ੈਸਲਾ ਕੀਤਾ ਕਿ ਗ਼ਰੀਬ ਕਿਸਾਨਾਂ ਤੇ ਕਾਮਿਆਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਜਾਵੇ ਤਾਂ ਕਿ ਪਲੇਗ ਦੇ ਜਰਮ ਮਰ ਜਾਣ। ਸਾਰੇ ਪਿੰਡ ਵਿਚ ਬਾਬਾ ਅਰਜਨ ਸਿੰਘ ਇਕੱਲੇ ਸਨ ਜਿਨ੍ਹਾਂ ਨੇ ਇਸ ਗੱਲ ਦੀ ਮੁਖ਼ਾਲਫ਼ਤ ਕੀਤੀ। ਉਨ੍ਹਾਂ ਦੀ ਦਲੀਲ ਸੀ ਕਿ ਸਰਕਾਰ ਜਦ ਤਕ ਉਨ੍ਹਾਂ ਨੂੰ ਨਵੇਂ ਮਕਾਨ ਨਹੀਂ ਬਣਾ ਕੇ ਦੇਂਦੀ ਤੇ ਦੂਸਰਾ ਜ਼ਰੂਰੀ ਸਾਮਾਨ ਨਹੀਂ ਦਿੰਦੀ ਤਦ ਤਕ ਅੱਗ ਲਗਾਉਣ ਦਾ ਹੱਕ ਨਹੀਂ। ਲੋਕਾਂ ਤੇ ਬਾਬਾ ਜੀ ਨੇ ਰਲ ਕੇ ਅੰਗਰੇਜ਼ ਸਰਕਾਰ ਨੂੰ ਹਾਰ ਦਿੱਤੀ। ਉਨ੍ਹਾਂ ਦਾ ਭਰਾ, ਜੋ ਲੋਕਾਂ ਦਾ ਪੱਖ ਛੱਡ ਕੇ ਅੰਗਰੇਜ਼ਾਂ ਦੀ ਸੇਵਾ ਕਰ ਰਿਹਾ ਸੀ, ਉਸਦਾ ਪਰਿਵਾਰ ਅੰਗਰੇਜ਼-ਪ੍ਰਸਤ ਹੋ ਗਿਆ ਤੇ ਲੋਕ ਵਿਰੋਧੀ ਵੀ ਤੇ ਬਾਬਾ ਅਰਜਨ ਸਿੰਘ ਲੋਕ-ਪੱਖੀ ਰਿਹਾ ਤੇ ਦੇਸ਼-ਭਗਤ ਪੈਦਾ ਕੀਤੇ। ਸਦਾ ਹੀ, ਲੋਕਾਂ 'ਤੇ ਜ਼ੁਲਮ, ਚਾਹੇ ਉਹ ਪੁਲਸ ਦਾ ਹੋਵੇ, ਚਾਹੇ ਆਪਣੇ ਭਤੀਜਿਆਂ ਵੱਲੋਂ ਜਗੀਰੂ ਲੁੱਟ ਕਰਕੇ, ਬਾਬਾ ਜੀ ਡਾਂਗ ਲੈ ਕੇ ਲੋਕਾਂ ਦੇ ਹੱਕ ਵਿਚ ਡਟਦੇ ਸਨ। ਇਸ ਬਾਰੇ ਉਨ੍ਹਾਂ ਦੀਆਂ ਬੜੀਆਂ ਕਹਾਣੀਆਂ ਹਨ। ਇਸਦੇ ਨਾਲ-ਨਾਲ ਉਹ ਲੋਕਾਂ ਵਿਚ ਫੈਲ ਰਹੇ ਅੰਧ-ਵਿਸ਼ਵਾਸ ਨੂੰ ਤੋੜਦੇ, ਗ਼ੁਲਾਮੀ ਨੂੰ ਕੱਟਦੇ ਅਤੇ ਆਤਮ-ਵਿਸ਼ਵਾਸ ਵੱਲ ਤੋਰਦੇ। ਪਾਖੰਡੀ ਸਾਧਾਂ ਨਾਲ ਤਰਕ ਤੇ ਬਹਿਸ ਕਰਕੇ ਸਾਹਮਣੇ ਉਨ੍ਹਾਂ ਦਾ ਪਾਜ ਉਘਾੜਦੇ ਤੇ ਇਸ ਤਰ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਚੁੰਗਲ ਤੋਂ ਮੁਕਤ ਹੋਣ ਵਿਚ ਮਦਦ ਕਰਦੇ। ਘਰ ਦੇ ਇਸ ਮਾਹੌਲ ਨੇ ਸ. ਕਿਸ਼ਨ ਸਿੰਘ, ਸ. ਅਜੀਤ ਸਿੰਘ ਤੇ ਸਵਰਨ ਸਿੰਘ ਜਿਹੇ ਦੇਸ਼-ਭਗਤ ਪੈਦਾ ਕੀਤੇ ਅਤੇ ਅੱਗੇ ਚੱਲ ਕੇ ਭਗਤ ਸਿੰਘ ਜਿਹਾ ਇਨਕਲਾਬੀ। ਬਾਬਾ ਜੀ ਨੇ ਯਗੋਪਵੀਤ ਵੇਲੇ ਭਗਤ ਸਿੰਘ ਤੇ ਜਗਤ ਸਿੰਘ ਪੋਤਿਆਂ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ ਕਿ ਇਹ ਅੱਜ ਇਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਲਈ ਅਰਪਿਤ ਕਰਦਾ ਹਾਂ। ਬਾਬਾ ਜੀ ਨੇ ਭਗਤ ਸਿੰਘ ਤੇ ਜਗਤ ਸਿੰਘ ਨੂੰ ਪੰਜਾਬ ਦੇ ਤੇ ਭਾਰਤ ਦੇ ਲੋਕਾਂ ਪ੍ਰਤੀ ਕੁਰਬਾਨੀ ਦੇ ਵਿਰਸੇ ਤੋਂ ਕਹਾਣੀ ਰਾਹੀਂ ਜਾਣੂ ਕਰਵਾਇਆ ਸੀ। ਜਗਤ ਸਿੰਘ, ਭਗਤ ਸਿੰਘ ਤੋਂ ਵੱਡੇ ਉਨ੍ਹਾਂ ਦੇ ਭਰਾ ਸਨ, ਜੋ 11 ਸਾਲ ਦੀ ਉਮਰ ਵਿਚ ਬਿਮਾਰੀ ਨਾਲ ਮਰ ਗਏ ਸਨ।

ਬਚਪਨ ਵਿਚ ਭਗਤ ਸਿੰਘ ਨੂੰ ਕਾਮੇ, ਕਿਰਤੀ ਤੇ ਕਿਸਾਨਾਂ ਲਈ ਪਿਆਰ, ਅੰਧ-ਵਿਸ਼ਵਾਸੀ ਤੋਂ ਮੁਕਤੀ ਅਤੇ ਹਰ ਚੀਜ਼ ਨੂੰ ਤਰਕਸ਼ੀਲਤਾ ਨਾਲ ਘੋਖਣਾ ਬਾਬਾ ਜੀ ਤੋਂ ਮਿਲਿਆ ਸੀ। ਪ੍ਰਾਇਮਰੀ ਤਕ ਪੜ੍ਹਾਈ, ਪਿੰਡ ਬੰਗੇ ਪੂਰੀ ਕਰਕੇ, 1916 ਵਿਚ ਲਾਹੌਰ ਡੀ.ਏ.ਵੀ. ਸਕੂਲ ਬੋਰਡਿੰਗ ਵਿਚ ਦਾਖ਼ਲ ਕਰਵਾ ਦਿੱਤਾ। 1914-15 ਵਿਚ ਗ਼ਦਰ ਪਾਰਟੀ ਦੇ ਗ਼ਦਰੀਆਂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਘਰ ਆਉਣ ਜਾਣ ਬਣਿਆ ਹੋਇਆ ਸੀ। ਤੇ ਉਸ ਤੋਂ ਬਾਅਦ ਵੀ ਘਰ ਵਿਚ ਗ਼ਦਰ ਪਾਰਟੀ ਦੀਆਂ ਗੱਲਾਂ ਚਲਦੀਆਂ ਸਨ। ਇਸ ਤਰ੍ਹਾਂ ਅੱਠ-ਨੌਂ ਸਾਲ ਦੇ ਭਗਤ ਸਿੰਘ ਨੂੰ ਗ਼ਦਰ ਲਹਿਰ ਦਾ ਸਿੱਧਾ ਸੰਪਰਕ ਵੀ ਪ੍ਰਾਪਤ ਹੋਇਆ। ਸ਼ਹੀਦ ਭਗਤ ਨੇ ਸ਼ਹੀਦ ਕਰਤਾਰ ਸਿੰਘ ਨੂੰ ਆਪਣਾ ਰਾਜਨੀਤਕ ਗੁਰੂ, ਆਗੂ ਤਸੱਵਰ ਕੀਤਾ ਸੀ।

1917 ਵਿਚ ਸ. ਕਿਸ਼ਨ ਸਿੰਘ ਨੇ ਆਪਣਾ ਨਿਵਾਸ ਲਾਹੌਰ ਲੈ ਆਂਦਾ ਅਤੇ ਭਗਤ ਸਿੰਘ ਦੀ ਦਲੇਰੀ, ਸਰੀਰਕ ਕਸਰਤ ਅਤੇ ਦੇਸ਼-ਭਗਤੀ ਦੀ ਸਿਖਲਾਈ ਉਨ੍ਹਾਂ ਨੇ ਆਪਣੀ ਦੇਖ-ਰੇਖ ਵਿਚ ਕੀਤੀ। ਸ. ਭਗਤ ਸਿੰਘ ਸਰੀਰਕ ਤੌਰ 'ਤੇ ਸੁਡੌਲ, ਰਿਸ਼ਟ-ਪੁਸ਼ਟ ਸਨ ਅਤੇ ਗੱਤਕੇ ਦੇ ਬੜੇ ਮਾਹਰ ਵੀ ਬਣ ਗਏ। ਇਥੇ ਮਕਾਨ ਦੇ ਕੋਲ ਇਕ ਵੱਡੀ ਹਵੇਲੀ ਸੀ ਜਿਸ ਵਿਚ ਨਾਮਧਾਰੀ ਗੁਰੂ ਆ ਕੇ ਠਹਿਰਦੇ ਹੁੰਦੇ ਸਨ। ਇਸ ਤਰ੍ਹਾਂ ਬੜਾ ਨਜ਼ਦੀਕ ਹੋ ਕੇ ਇਸ ਲਹਿਰ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/18