ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/342

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ, ਨਾ ਕਿ ਮਲੰਗੀ (ਇਕ ਲੁਟੇਰਾ) ਦੇ ਸਾਥੀ। ਇਸ ਲਈ ਉਸ ਤੋਂ ਬਾਅਦ ਅਸੀਂ ਇਸ਼ਤਿਹਾਰ ਲਾਏ ਅਤੇ ਕੁਝ ਇਸ਼ਤਿਹਾਰ ਅਖ਼ਬਾਰ ਵਾਲਿਆਂ ਨੂੰ ਛਾਪਣ ਲਈ ਭੇਜੇ। ਅਫਸੋਸ ਸਾਡੇ ਨੇਤਾਵਾਂ ਅਤੇ ਅਖਬਾਰ ਵਾਲਿਆਂ ਨੇ ਸਾਡੀ ਇਸ ਸੰਬੰਧ ਵਿਚ ਕੋਈ ਸਹਾਇਤਾ ਨਹੀਂ ਕੀਤੀ ਅਤੇ ਸਰਕਾਰ ਨੂੰ ਧੋਖੇ ਵਿਚ ਰੱਖਣ ਦੇ ਵਿਚਾਰ ਨਾਲ ਦੇਸ਼ ਵਾਸੀਆਂ ਨੂੰ ਧੋਖਾ ਦਿੱਤਾ। ਅਸੀਂ ਤਾਂ ਸਿਰਫ ਇੰਨਾ ਹੀ ਚਾਹੁੰਦੇ ਸਾਂ ਕਿ ਉਹ ਇਸ ਬਾਰੇ ਗੋਲਮੋਲ ਕਰਕੇ ਲਿਖ ਦੇਣ ਕਿ ਇਹ ਸਿਆਸੀ ਕਤਲ ਹੈ ਤੇ ਸਰਕਾਰ ਦੀ ਨੀਤੀ ਦਾ ਹੀ ਸਿੱਟਾ ਹੈ, ਅਜਿਹੇ ਐਕਸ਼ਨਾਂ ਲਈ ਉਹ ਜ਼ਿੰਮੇਵਾਰ ਹੈ। ਪਰ ਉਨ੍ਹਾਂ ਨੇ ਜਾਣ ਬੁਝ ਕੇ, ਮੇਰੇ ਬਾਰ-ਬਾਰ ਕਹਿਣ ਦੇ ਬਾਵਜੂਦ, ਇੰਜ ਕਰਨ ਦੀ, ਹਿੰਮਤ ਨਹੀਂ ਕੀਤੀ। ਚੰਗਾ ਹੋਇਆ ਅਸੀਂ ਫੜੇ ਗਏ ਅਤੇ ਦੇਸ਼ ਸਾਹਮਣੇ ਸਭ ਕੁਝ ਪ੍ਰਗਟ ਹੋ ਗਿਆ। ਮੈਂ ਤਾਂ ਭਰਾਵਾ ਆਪਣੇ ਫੜੇ ਜਾਣ ਨੂੰ ਖ਼ੁਸ਼ਕਿਸਮਤੀ ਸਮਝਦਾ ਹਾਂ।

ਸਿਰਫ ਇਸੇ ਲਈ ਇਸ ਐਕਸ਼ਨ ਦੀ ਖ਼ਾਸੀਅਤ ਨੂੰ ਸਾਫ ਕਰਨ ਮਗਰੋਂ ਹੁਣ ਮੈਂ ਇਸ ਨੀਤੀ ਨੂੰ (ਨੋਟ: ਹੁਣੇ ਹੀ ਪਤਾ ਲੱਗਾ ਹੈ ਕਿ ਅੱਜ ਫ਼ੈਸਲਾ ਹੋਵੇਗਾ। ਚਲਣਾ ਹੈ ਜਾਂ ਨਹੀਂ, ਇਹ ਪੁੱਛਣ ਲਈ ਖ਼ਾਂ ਸਾਹਿਬ ਅਤੇ ਬਖ਼ਸ਼ੀ ਜੀ ਆਏ ਹਨ। ਅਸੀਂ ਸਾਰਿਆਂ ਨੇ ਇਨਕਾਰ ਕਰ ਦਿੱਤਾ ਹੈ) ਰੱਖਣਾ ਚਾਹੁੰਦਾ ਹਾਂ। ਸਾਡਾ ਵਿਚਾਰ ਸੀ ਕਿ ਸਾਡੇ ਐਕਸ਼ਨ ਜਨਤਾ ਦੀ ਇੱਛਾਵਾਂ ਅਤੇ ਸਰਕਾਰੀ ਜਬਰ ਦੇ ਜਵਾਬ ਵਿਚ ਹੋਣੇ ਚਾਹੀਦੇ ਹਨ, ਤਾਂਕਿ ਅਸੀਂ ਜਨਤਾ ਨੂੰ ਆਪਣੇ ਨਾਲ ਲੈ ਸਕੀਏ ਅਤੇ ਜਨਤਾ ਸਾਡੇ ਨਾਲ ਹਮਦਰਦੀ ਅਤੇ ਸਹਾਇਤਾ ਦਿਖਾਉਣ ਲਈ ਤਿਆਰ ਹੋ ਜਾਏ। ਇਹਦੇ ਨਾਲ-ਨਾਲ ਸਾਡੇ ਇਹ ਵਿਚਾਰ ਸੀ ਕਿ ਇਨਕਲਾਬੀ ਆਦਰਸ਼ ਅਤੇ ਦਾਅਪੇਚਾਂ ਨੂੰ ਲੋਕਾਂ ਵਿਚ ਫੈਲਾਇਆ ਜਾਵੇ ਅਤੇ ਇਹ ਉਹਦੇ ਮੂੰਹੋਂ ਜ਼ਿਆਦਾ ਚੰਗੀਆਂ ਲਗਦੀਆਂ ਹਨ, ਜੋ ਇਹਦੀ ਖ਼ਾਤਰ ਫ਼ਾਂਸੀ ਦੇ ਤਖ਼ਤੇ ਉੱਤੇ ਖੜ੍ਹਾ ਹੋਵੇ। ਤੀਜਾ ਉਦੇਸ਼ ਇਹ ਸੀ ਕਿ ਸਰਕਾਰ ਨਾਲ ਸਿੱਧੀ ਟੱਕਰ ਲੈਣ ਨਾਲ ਸਾਡੀ ਜਥੇਬੰਦੀ ਇਕ ਨਿਸ਼ਚਿਤ ਪ੍ਰੋਗਰਾਮ ਆਪਣੇ ਲਈ ਬਣਾ ਸਕੇਗੀ।

* * *

ਬਾਕੀ ਦੋ ਤਰ੍ਹਾਂ ਦੇ ਐਕਸ਼ਨਾਂ ਦੇ ਸੰਬੰਧ ਵਿਚ ਮੈਂ ਕੁਝ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ। ਮਨੀ ਐਕਸ਼ਨ ਲਈ ਏਨਾ ਜ਼ਰੂਰੀ ਹੋਣਾ ਚਾਹੀਦਾ ਹੈ, ਪਰ ਬੰਗਾਲ ਵਾਲਿਆਂ ਦੀ ਤਰ੍ਹਾਂ ਡਕੈਤੀਆਂ ਵਿਚ ਜ਼ਿਆਦਾ ਤਾਕਤ ਅਤੇ ਧਿਆਨ ਦੇਣਾ ਠੀਕ ਨਹੀਂ ਹੈ।ਨਾਲ ਹੀ ਛੋਟੀਆਂਛੋਟੀਆਂ ਡਕੈਤੀਆਂ ਫਾਇਦੇਮੰਦ ਸਿੱਧ ਨਹੀਂ ਹੋਈਆਂ। ਇਸ ਲਈ ਅਸੀਂ ਸਭ ਕੁਝ ਦੇ ਕੇ ਵੀ ਜੂਆ ਖੇਡਣ ਲਈ ਤਿਆਰ ਹੋ ਗਏ ਸੀ ਤਾਂ ਕਿ ਜੋ ਬਚ ਗਏ ਤਾਂ ਚੰਗੀ ਤਰ੍ਹਾਂ ਨਿਸ਼ਚਿੰਤ ਹੋ ਕੇ ਆਪਣਾ ਕੰਮ ਕਰਦੇ ਜਾਵਾਂਗੇ ਤੇ ਪੈਸੇ ਦੀ ਸਮੱਸਿਆ ਨੂੰ ਅਸੀਂ ਇਕ ਵਾਰ ਖਤਰਾ (Risk) ਲੈ ਕੇ ਹੱਲ ਕਰਾਂਗੇ। ਸਾਂਡਰਸ ਦੇ ਕਤਲ ਮਗਰੋਂ ਤਾਂ ਸਾਨੂੰ ਪੈਸੇ ਲਈ ਜ਼ਿਆਦਾ ਚਿੰਤਾ ਵੀ ਨਹੀਂ ਕਰਨੀ ਪਈ। ਆਮ ਡਕੈਤੀਆਂ ਵਿਚ ਜਿੰਨਾ ਪੈਸਾ ਸਾਨੂੰ ਨਹੀਂ ਮਿਲਦਾ, ਓਨਾ ਅਸੀਂ ਚੁੱਪਚਾਪ ਇਕੱਠਾ ਕਰ ਲੈਂਦੇ ਹੁੰਦੇ ਸਾਂ। ਅੱਜ ਤਾਂ ਉਸ ਨਾਲੋਂ ਕਿਤੇ ਆਸਾਨੀ ਹੈ। ਖਾਸ ਐਕਸ਼ਨ ਜ਼ਰੂਰੀ ਹੁੰਦੇ ਹਨ, ਪਰ ਓਸੇ ਹਾਲਾਤ ਵਿਚ ਜਦ ਬਹੁਤ ਹੀ ਜ਼ਿਆਦਾ ਜ਼ਰੂਰੀ ਹੋਣ। ਹਾਂ, ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੋਣੀ ਚਾਹੀਦੀ ਹੈ।

... ... ...

ਹੁਣ ਮੈਂ ਉਨ੍ਹਾਂ ਐਕਸ਼ਨਾਂ ਸੰਬੰਧੀ ਕੁਝ ਕਹਿਣਾ ਚਾਹੁੰਦੇ ਹਾਂ, ਜੋ ਸਾਡੇ ਮਗਰੋਂ ਕੀਤੇ ਗਏ ਵਾਇਸਰਾਏ ਦੀ ਗੱਡੀ ਨੂੰ ਉਡਾਉਣ ਦੀ ਕੋਸ਼ਿਸ਼ ਤੋਂ ਬਿਨਾਂ ਬੰਬ ਰਾਹੀਂ ਕਈ ਐਕਸ਼ਨ ਹੋਏ ਹਨ। ਇਨ੍ਹਾਂ ਵਿਚ ਇਕ ਖਾਸ ਤਰ੍ਹਾਂ ਦੋ ਐਕਸ਼ਨ ਹੋਏ ਹਨ। ਅਰਥਾਤ ਬੰਬ ਰਸਤੇ ਵਿਚ ਰੱਖ ਆਏ ਜਾਂ ਜੋ ਐਕਸ਼ਨ ਪੰਜਾਬ ਦੇ ਚਾਰ ਪੰਜ ਸ਼ਹਿਰਾਂ ਵਿਚ ਇਕੋ ਵੇਲੋ ਹੋਏ ਹਨ। ਮੈਨੂੰ ਸਮਝ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/326