ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/344

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜ ਦੇ ਕੁਰਸੀਆਂ 'ਤੇ ਬੈਠਣ ਵਾਲੇ ਰਾਜਨੀਤਿਕ ਨੇਤਾ ਅਤੇ ਜਜ਼ਬਾਤੀ ਤਕਰੀਰਾਂ ਨਾਲ ਇਨਕਲਾਬ ਦਾ ਕੰਮ ਨਹੀਂ ਚਲਾਇਆ ਜਾਣਾ ਚਾਹੀਦਾ। ਸਗੋਂ ਅਜਿਹੇ ਆਦਮੀਆਂ ਨੂੰ ਆਪਣੀ ਜਥੇਬੰਦੀ ਵਿਚ ਹੀ ਨਹੀਂ ਲੈਣਾ ਚਾਹੀਦਾ। ਕਰਾਂਤੀ ਕਰਨ ਦੇ ਲਈ ਵੀ ਉਹ ਆਦਮੀ ਹੀ ਲਾਭਦਾਇਕ ਹੋ ਸਕਦਾ ਹੈ ਜਿਹੜਾ ਆਪਾਵਾਰੂ ਲਗਨ ਦਾ ਹੋਵੇ, ਜਿਨ੍ਹਾਂ ਨੇ ਇਨਕਲਾਬੀ ਗਿਆਨ ਨੂੰ ਸਮਝਿਆ ਹੋਵੇ ਅਤੇ ਜ਼ਿੰਦਗੀ ਵਿਚ ਕਰਾਂਤੀ ਨੂੰ ਕਿੱਤੇ ਦੇ ਤੌਰ 'ਤੇ ਅਪਨਾਇਆ ਹੋਵੇ। ਜਿਹੜੇ ਵਿਅਕਤੀ ਇਨਕਲਾਬੀ ਕੰਮ ਨੂੰ ਆਪਣਾ ਕਿੱਤਾ ਨਹੀਂ ਬਣਾ ਸਕਦੇ ਉਹ ਇਕ ਹਮਦਰਦ ਦੇ ਸਿਵਾ ਹੋਰ ਕੁਝ ਨਹੀਂ ਹਨ।

ਮੈਂ ਆਸ ਕਰਦਾ ਹਾਂ ਕਿ ਵਕਤ ਦੀ ਲੋੜ ਨੂੰ ਮਹਿਸੂਸ ਕਰਕੇ ਤੁਸੀਂ ਮੇਰੀਆਂ ਇਨ੍ਹਾਂ ਗੱਲਾਂ ਉੱਤੇ ਧਿਆਨ ਦੇਵੋਗੇ ਅਤੇ ਜਿੰਨੀ ਜਲਦੀ ਹੋ ਸਕਿਆ, ਲੋਕ ਮੰਗ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰੋਗੇ।

(ਇਥੇ ਮੂਲ ਖ਼ਤ ਖ਼ਤਮ ਹੁੰਦਾ ਹੈ ਅਤੇ ਆਖਰੀ ਸ਼ਬਦ ਸਾਫ਼ ਨਹੀਂ ਹਨ। ਸੰਪਾਦਕ)

☆ ☆ ☆

96. ਸ਼ਹੀਦ ਸੁਖਦੇਵ ਦਾ ਆਪਣੇ ਇਨਕਲਾਬੀ ਸਾਥੀ ਦੇ ਨਾਮ ਖ਼ਤ

-ਮਾਰਚ, 1931

[ਸੁਖਦੇਵ ਦਾ ਇਕ ਹੋਰ ਖ਼ਤ, ਜੋ ਫ਼ਾਂਸੀ ਕੋਠੜੀ ਤੋਂ ਲਿਖਿਆ ਗਿਆ ਸੀ, 2 ਫਰਵਰੀ, 1931 ਦੇ ਭਗਤ ਸਿੰਘ ਦੇ ‘ਭਾਰਤੀ ਇਨਕਲਾਬ ਦੇ ਪ੍ਰੋਗਰਾਮ' ਦਾ ਅਖ਼ਬਾਰਾਂ ਵੱਲੋਂ ਨਾ ਛਾਪੇ ਜਾਣ ਵੱਲ ਇਸ਼ਾਰਾ ਹੈ। ਇਸ ਖ਼ਤ ਵਿਚ ਉਸ ਵੇਲੇ ਦੇ ਕੌਮੀ ਨੇਤਾਵਾਂ ਬਾਰੇ ਰਾਏ ਵਿਅਕਤ ਕੀਤੀ ਗਈ ਹੈ। ਜਥੇਬੰਦਕ ਸੂਝ ਦਾ ਇਜ਼ਹਾਰ ਵੀ ਇਥੇ ਕੀਤਾ ਗਿਆ ਹੈ। ਖ਼ਤ ਦੀ ਠੀਕ-ਠੀਕ ਤਰੀਕ ਦੀ ਕੋਈ ਜਾਣਕਾਰੀ ਨਹੀਂ ਹੈ। ਪਰ ਸਮਝੌਤੇ ਤੋਂ ਇਸ਼ਾਰਾ ਗਾਂਧੀ ਇਰਵਨ ਪੈਕਟ ਦਾ ਹੈ, ਜੋ 5 ਮਾਰਚ, 1831 ਨੂੰ ਅੰਗਰੇਜ਼ ਸਰਕਾਰ ਤੇ ਕਾਂਗਰਸ ਨੇ ਕੀਤਾ। ਸ਼ਾਇਦ 3 ਤਾਰੀਖ, 3 ਮਾਰਚ ਵਲ ਇਸ਼ਾਰਾ ਹੈ। ਇਸ ਪੈਕਟ ਮੂਲ ਦੀ ਦਸਤਾਵੇਜ਼ ਅੰਤਿਕਾ ਵਿਚ ਪੜ੍ਹੋ।

-ਸੰਪਾਦਕ]

ਪਿਆਰੇ ਸਾਥੀ,
ਹੁਣੇ-ਹੁਣੇ ਪਤਾ ਮਿਲਿਆ ਹੈ ਕਿ ਸਾਡਾ ਉਹ ਬਿਆਨ ਜੋ ਅਸਾਂ 3 ਤਾਰੀਖ ਨੂੰ ਦਿੱਤਾ ਸੀ, ਅਖ਼ਬਾਰਾਂ ਵਾਲਿਆਂ ਨੇ ਨਹੀਂ ਛਾਪਿਆ ਹੈ। ਕਾਰਨ ਇਹ ਕਿਹਾ ਜਾਂਦਾ ਹੈ ਕਿ ਉਸ ਵਿਚ ਲੀਡਰਾਂ ਦੀ ਨੁਕਤਾਚੀਨੀ ਕੀਤੀ ਗਈ ਹੈ ਅਤੇ ਉਹਨਾਂ ਦੇ ਇਸ ਸਮਝੌਤੇ ਨੂੰ ਬੁਰਾ ਕਿਹਾ ਗਿਆ ਹੈ। ਉਫ! ਕੇਹੀ ਸ਼ਰਮ ਦੀ ਗੱਲ ਹੈ! ਭਰਾਵਾ ਸੱਚ ਪੁੱਛੇ ਤਾਂ ਸਾਨੂੰ ਸਰਕਾਰ ਫ਼ਾਂਸੀ ਨਹੀਂ ਲਗਾ ਰਹੀ। ਸਾਡਾ ਗਲਾ ਤਾਂ ਸਾਡੇ ਆਪਣੇ ਆਪ ਨੂੰ ਨੇਤਾ ਕਹਿਣ ਵਾਲੇ ਦਬਾ ਰਹੇ ਹਨ, ਜੋ ਸਾਡੀ ਆਵਾਜ਼ ਨਿਕਲਣ ਹੀ ਨਹੀਂ ਦਿੰਦੇ। ਪਰ ਸਰਕਾਰ ਦਵਾਰਾ ਗਲਾ ਦਬਾਉਣਾ ਸਾਡੇ ਲਈ ਬੁਰਾ ਸਾਬਤ ਨਹੀਂ ਹੋ ਸਕਦਾ। ਉਸਨੂੰ ਅਸੀਂ ਸਹਿ ਸਕਦੇ ਹਾਂ ਪਰ ਇਹ ਗੱਲ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਸਕਦੀ ਕਿ ਸਾਡਾ ਗਲ ਸਾਡੇ ਇਹ ਸਵਾਰਥੀ ‘ਉੱਚ ਦਰਜੇ ਦੇ ਨੇਤਾ' (High Class Leader) ਦਬਾਉਣ ਇਸਦੇ ਵਿਰੁੱਧ ਸਾਨੂੰ ਲੜਣਾ ਪਵੇਗਾ। ਆਪਣੀ ਲੜਾਈ ਸਾਨੂੰ ਉਨ੍ਹਾਂ ਤੋਂ ਵੱਖਰੇ ਹੋ ਕੇ ਆਜ਼ਾਦ ਰੂਪ ਵਿਚ ਚਲਾਉਣੀ ਹੋਵੇਗੀ ਅਤੇ ਸਰਕਾਰ ਦਾ ਵਿਰੋਧ ਕਰਦੇ-ਕਰਦੇ ਇਨ੍ਹਾਂ ਉੱਚ ਜਾਤੀ ਨੇਤਾਵਾਂ ਦੇ ਪੋਲ ਵੀ ਸਾਨੂੰ ਖੋਲ੍ਹਣੇ ਪੈਣਗੇ।

ਪਰ ਦੋਸਤੋ, ਇਹ ਕੰਮ ਜ਼ਿਆਦਾ ਦੇਰ ਤਕ ਅੱਖੋਂ ਓਹਲੇ ਹੋ ਕੇ ਨਹੀਂ ਕੀਤਾ ਜਾ ਸਕਦਾ। ਇਸ 'ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਤੇ ਉਸ ਲਈ ਜਲਦੀ ਹੀ ਪ੍ਰਬੰਧ ਕਰਨਾ ਚਾਹੀਦਾ ਹੈ। ਕਦ ਤਕ ਅਸੀਂ ਅਜਿਹਾ ਵਿਵਹਾਰ ਸਹਿੰਦੇ ਰਹਾਂਗੇ। ਸਾਡੇ ਇਨਕਲਾਬੀਆਂ ਵੱਲ ਉਨ੍ਹਾਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/328