ਨੂੰ ਘੋਖਣ ਦਾ ਮੌਕਾ ਵੀ ਭਗਤ ਸਿੰਘ ਨੂੰ ਮਿਲਿਆ ਅਤੇ ਇਸ ਦੇ ਦੇਸ਼-ਭਗਤ ਤੇ ਇਤਿਹਾਸਕ ਰੋਲ ਤੋਂ ਵੀ ਜਾਣੂ ਹੋਏ। ਸ. ਕਿਸ਼ਨ ਸਿੰਘ ਜਦ ਕਦੀ ਕਿਸੇ ਜਨਤਕ ਜਲਸੇ ਵਿਚ ਜਾਂਦੇ ਤਾਂ ਸ. ਭਗਤ ਸਿੰਘ ਵੀ ਨਾਲ ਹੁੰਦੇ ਅਤੇ ਕਈ ਵਾਰ 10 ਤੋਂ 12 ਸਾਲ ਦਾ ਭਗਤ ਸਿੰਘ ਤਕਰੀਰ ਵੀ ਕਰਦਾ। ਇਸ ਤਰ੍ਹਾਂ ਭਗਤ ਸਿੰਘ ਉਸ ਵਕਤ ਦੀਆਂ ਚੱਲ ਰਹੀਆਂ ਜਨਤਕ ਲਹਿਰਾਂ ਦਾ ਤਜਰਬਾ ਹਾਸਲ ਕਰਦੇ ਰਹੇ।
1919, ਪੰਜਾਬ ਅੰਦਰ ਭਾਰੀ ਜਨਤਕ ਲਾਮਬੰਦੀ ਦਾ ਸਾਲ ਸੀ ਅਤੇ ਅੰਗਰੇਜ਼ਾਂ ਵੱਲੋਂ ਭਾਰੀ ਜ਼ੁਲਮ ਦਾ ਸਾਲ ਵੀ ਸੀ। 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਜਲ੍ਹਿਆਂਵਾਲੇ ਬਾਗ਼ ਵਿਚ ਨਿਹੱਥੇ, ਚੁਪ-ਚਾਪ ਵਿਚਾਰ ਵਟਾਂਦਰਾ ਕਰਦੇ ਲੋਕਾਂ 'ਤੇ ਅੰਨ੍ਹੇਵਾਹ ਗੋਲੀ ਚਲਾਈ ਗਈ ਅਤੇ ਸੈਂਕੜੇ ਦੇਸ਼ਵਾਸੀ ਮੌਤ ਦੇ ਘਾਟ ਉਤਾਰ ਦਿੱਤੇ ਗਏ। ਪੰਜਾਬ ਵਿਚ ਹਾਹਾਕਾਰ ਮੱਚ ਗਈ। ਥਾਂ-ਥਾਂ ਮਾਰਸ਼ਲ ਲਾਅ ਲਗਾ ਦਿੱਤਾ ਗਿਆ, ਗੁਜਰਾਂਵਾਲੇ ਤਾਂ ਬੰਬ ਵੀ ਸੁੱਟੇ ਗਏ। ਦੂਸਰੇ ਹੀ ਦਿਨ ਭਗਤ ਸਿੰਘ ਜਲ੍ਹਿਆਂਵਾਲੇ ਬਾਗ਼ ਪੁੱਜੇ ਅਤੇ ਖ਼ੂਨ ਦੀ ਲੱਥ ਪੱਥ ਮਿੱਟੀ ਲੈ ਵਾਪਸ ਆ ਗਏ। 12 ਸਾਲ ਦੇ ਭਗਤ ਸਿੰਘ ਦੇ ਮਨ ਅੰਦਰ ਦ੍ਰਿੜਤਾ ਪੈਦਾ ਕਰਨ ਲਈ ਇਹ ਘਟਨਾ, ਜੋ ਉਹ ਅੱਖੀਂ ਦੇਖ ਕੇ ਆਏ ਸਨ, ਬੜੀ ਸਾਕਾਰ ਬਣੀ। ਜਲ੍ਹਿਆਂਵਾਲੇ ਬਾਗ਼ ਦੀ ਮਿੱਟੀ ਭਗਤ ਸਿੰਘ ਦੀ ਅਲਮਾਰੀ ਵਿਚ ਪਈ ਉਨ੍ਹਾਂ ਨੂੰ ਹਮੇਸ਼ਾ ਦੇਸ਼ਵਾਸੀਆਂ ਬਾਰੇ ਯਾਦ ਕਰਾਉਂਦੀ ਸੀ। 17-19 ਜਨਵਰੀ 1921 ਨਾਮਧਾਰੀ ਲਹਿਰ ਤੋਂ ਪਾਬੰਦੀ ਉਠਾਈ ਗਈ ਤਾਂ ਮੁਠੱਡੇ (ਜਲੰਧਰ) ਇਕੱਠ ਹੋਇਆ। ਆਪਣੇ ਪਿਤਾ ਨਾਲ ਭਗਤ ਸਿੰਘ ਇਥੇ ਆਏ ਤੇ ਤਕਰੀਰ ਵੀ ਕੀਤੀ।
1921 ਵਿਚ ਅੰਗਰੇਜ਼ ਸਰਪ੍ਰਸਤੀ ਹੇਠ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਨੇ 6 ਮਾਰਚ ਨੂੰ ਹੋ ਰਹੇ ਦੇਸ਼ ਸੇਵਕ ਸਿੱਖਾਂ ਦੇ ਇਕੱਠ ਨੂੰ ਰੋਕਣ ਲਈ ਗੁੰਡੇ ਬਦਮਾਸ਼ਾਂ ਦੇ ਹਥਿਆਰਬੰਦ ਦਸਤੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇਸ ਗੁੰਡਾਗਰਦੀ ਦੀ ਰੋਕ ਲਈ 19 ਫਰਵਰੀ ਨੂੰ ਕੁਝ ਸਿੱਖ ਜਥੇ ਨਨਕਾਣਾ ਸਾਹਿਬ ਪਹੁੰਚ ਗਏ। ਮਹੰਤ ਨੇ ਆਪਣੇ ਗੁੰਡਿਆਂ ਦੀ ਮਦਦ ਨਾਲ ਗੁਰਦੁਆਰੇ ਵਿਚ ਕਤਲੇਆਮ ਮਚਾ ਦਿੱਤਾ। ਜਥੇਦਾਰ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ ਤੇ ਕਈ ਸਿੱਖਾਂ ਨੂੰ ਜਿਊਂਦੇ ਭੱਠੀਆਂ ਵਿਚ ਪਾ ਕੇ ਸਾੜ ਦਿੱਤਾ। ਇਸ ਸਾਕੇ ਨੇ ਸਾਰੇ ਪਾਸੇ ਹਾਹਾਕਾਰ ਮਚਾ ਦਿੱਤੀ। ਦੇਸ਼-ਭਗਤਾਂ ਦੇ ਮਨਾਂ 'ਤੇ ਇਸ ਅੰਗਰੇਜ਼-ਮਹੰਤ ਦੀ ਮਿਲੀ-ਭੁਗਤ ਦੇ ਵਿਰੁੱਧ ਕਾਫ਼ੀ ਰੋਹ ਵੀ ਪੈਦਾ ਹੋਇਆ। ਭਗਤ ਸਿੰਘ ਲਾਹੌਰ ਤੋਂ ਲਾਇਲਪੁਰ ਜਾਂਦੇ, ਨਨਕਾਣੇ ਸਾਹਿਬ ਗਏ ਅਤੇ ਸਾਰੇ ਸਾਕੇ ਦਾ ਹਾਲ ਦੇਖਿਆ। ਘਰ ਆਉਂਦੇ ਹੋਏ ਸ਼ਹੀਦਾਂ ਦਾ ਕਲੰਡਰ ਵੀ ਲੈਂਦੇ ਆਏ। ਸਾਰੇ ਪੰਜਾਬ 'ਚ ਇਸ ਘਟਨਾ ਦੇ ਰੋਸ ਵਜੋਂ ਕਾਲੇ ਰੰਗ ਦੀ ਪਗੜੀ ਬੰਨ੍ਹੀ ਜਾਣ ਲੱਗੀ। ਭਗਤ ਸਿੰਘ ਵੀ ਕਾਲੀ ਪੱਗ ਬੰਨ੍ਹਣ ਲੱਗ ਪਏ ਅਤੇ ਉਨ੍ਹਾਂ ਨੇ ਗੁਰਮੁਖੀ ਲਿੱਪੀ ਵੀ ਸਿੱਖਣੀ ਸ਼ੁਰੂ ਕਰ ਦਿੱਤੀ।
ਨਵੰਬਰ 1921 ਵਿਚ ਨਾ-ਮਿਲਵਰਤਨ ਲਹਿਰ, ਸਾਰੇ ਭਾਰਤ ਵਿਚ ਚੱਲੀ। ਵਿਦਿਆਰਥੀਆਂ ਨੂੰ ਸਕੂਲ ਛੱਡਣ ਲਈ ਕਿਹਾ ਗਿਆ। ਭਗਤ ਸਿੰਘ, ਜੋ ਡੀ.ਏ.ਵੀ. ਸਕੂਲ ਵਿਚ ਦਸਵੀਂ ਜਮਾਤ ਵਿਚ ਪੜ੍ਹਦੇ ਸਨ, ਨੇ ਪੜ੍ਹਾਈ ਛੱਡ ਦਿੱਤੀ ਅਤੇ ਕੌਮੀ ਲਹਿਰ ਵਿਚ ਕੁੱਦ ਪਏ। ਬਾਬਾ ਜੀ ਨੂੰ 14 ਨਵੰਬਰ 1921 ਦੇ ਖ਼ਤ ਵਿਚ ਲਿਖਦੇ ਹਨ, “ਅੱਜਕੱਲ ਰੇਲਵੇ ਵਾਲੇ ਹੜਤਾਲ ਦੀ ਤਿਆਰੀ ਕਰ ਰਹੇ ਹਨ। ਉਮੀਦ ਹੈ ਕਿ ਅਗਲੇ ਹਫ਼ਤੇ ਦੇ ਬਾਅਦ ਜਲਦ ਹੀ ਸ਼ੁਰੂ ਹੋ ਜਾਵੇਗੀ।” ਇਹ ਸਤਰਾਂ ਉਨ੍ਹਾਂ ਦੇ ਕੰਮ ਬਾਰੇ ਰੋਸ਼ਨੀ ਪਾਉਂਦੀਆਂ ਹਨ। ਉਹ ਵਿਦੇਸ਼ੀ ਮਾਲ ਦੇ ਤਰਿਸਕਾਰ ਵਿਚ ਵੀ ਬੜੇ ਰੁਝੇ ਰਹੇ। ਪਰ ਨਾ-ਮਿਲਵਰਤਨ ਦੀ ਲਹਿਰ ਦਾ ਅਧੂਰੇ ਹੀ ਵਾਪਸ ਲਏ ਜਾਣ ਨੇ ਦੇਸ਼-ਭਗਤਾਂ ਅਤੇ ਨੌਜਵਾਨਾਂ ਦੇ ਮਨਾਂ ’ਤੇ ਕੁਝ ਐਸਾ ਅਸਰ ਕੀਤਾ ਕਿ ਉਹ ਕੌਮੀ ਲੀਡਰਾਂ ਤੋਂ ਬਦਜ਼ਨ ਹੋ ਗਏ ਤੇ ਕੌਮੀ ਮਸਲਿਆਂ ਦੇ ਹੱਲ ਲਈ ਹੋਰ ਦੁਨੀਆ ਦੇ ਤਜਰਬੇ ਨੂੰ ਘੋਖਣ ਲੱਗੇ।
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/19