ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/351

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਆ ਜੀ ਤੇ ਮਾਤਾ ਜੀ, ਇਸ ਗੱਲ ਦਾ ਧਿਆਨ ਰੱਖਦੇ ਹੋਏ ਕਦੀ ਕੋਈ ਚਿੰਤਾ ਨਾ ਕਰਿਓ ਸਗੋਂ ਸਾਰੇ ਸ਼ਾਂਤੀ ਪੂਰਵਕ ਆਨੰਦਤ ਰਹੋ।

ਪਿਆਰੇ ਵੀਰ ਦਾ ਕੀ ਹਾਲ ਹੈ, ਉਸ ਦਾ ਪਤਾ ਮੈਨੂੰ ਜਲਦੀ ਹੀ ਦੇਣਾ। ਉਸਨੂੰ ਸਿਰਫ ਵੈਦ ਹੀ ਬਣਨ ਦਾ ਉਪਦੇਸ਼ ਨਾ ਦੇਣਾ ਸਗੋਂ ਨਾਲ ਹੀ ਨਾਲ ਉਸਨੂੰ ਮਨੁੱਖ ਬਣਨਾ ਵੀ ਦੱਸਿਓ। ਅੱਜ ਕੱਲ੍ਹ ਮਨੁੱਖ ਉਹੀ ਹੋ ਸਕਦਾ ਹੈ, ਜਿਸ ਨੂੰ ਵਰਤਮਾਨ ਵਾਤਾਵਰਨ ਦਾ ਗਿਆਨ ਹੋਵੇ। ਜਿਹੜਾ ਮਨੁੱਖ ਦੇ ਫਰਜ਼ਾਂ ਨੂੰ ਜਾਣਦਾ ਹੀ ਨਾ ਹੋਵੇ ਸਗੋਂ ਉਨ੍ਹਾਂ ਨੂੰ ਪਾਲਦਾ ਵੀ ਹੋਵੇ, ਲਈ ਸਮਾਜ ਦੀ ਇਮਾਰਤ ਨੂੰ ਆਲਸ ਤੇ ਆਰਾਮ ਪ੍ਰਸਤੀ ਤੇ ਸਵਾਰਥ ਵਿਚ ਪੈ ਕੇ ਸਮਾਜ ਦੇ ਸਾਹਮਣੇ ਕਿਰਤਘਣ ਨਾ ਸਾਬਤ ਹੋਵੇ। ਇਸ ਨਾਲ ਸਰੀਰਕ ਤੇ ਮਾਨਸਿਕ ਦੋਵੇਂ ਹੀ ਤਰ੍ਹਾਂ ਦੀ ਤਰੱਕੀ ਕਰਦਾ ਰਹੇ। ਦੋਨੋਂ ਹੀ ਅਤੀ ਜ਼ਰੂਰੀ ਹਨ। ਸਰੀਰਕ, ਚੰਗੇ ਸਾਫ ਖਾਣੇ ਤੇ ਕਸਰਤ ਨਾਲ ਤੇ ਮਾਨਸਿਕ, ਪੜ੍ਹਨ (ਅਧਿਐਨ) ਨਾਲ। ਉਸ ਨੂੰ ਅੱਜ ਕੱਲ੍ਹ ਦੇ ਵਾਤਾਵਰਨ ਦਾ ਗਿਆਨ ਪ੍ਰਾਪਤ ਕਰਨ ਲਈ ਅਖ਼ਬਾਰਾਂ ਤੇ ਇਤਿਹਾਸਿਕ, ਇਸ ਵੇਲੇ ਦੀਆਂ ਰਾਜਨੀਤਿਕ ਤੇ ਸਮਾਜਿਕ ਕਿਤਾਬਾਂ ਦਾ ਅਧਿਐਨ ਕਰਨ ਨੂੰ ਕਹਿਣਾ। ਸਮਾਜ ਤੋਂ ਮੇਰਾ ਭਾਵ ਆਰੀਆ ਸਮਾਜ ਜਾਂ ਅਜਿਹੇ ਤੰਗ ਨਜ਼ਰੀਏ ਵਾਲੇ ਸਮਾਜ ਦਾ ਨਹੀਂ ਸਗੋਂ ਆਮ ਜਨ ਸਾਧਾਰਨ ਤੋਂ ਹੈ। ਕਿਉਂਕਿ ਉਹ ਧਾਰਮਿਕ ਸਮਾਜ ਮੇਰੇ ਸਾਹਮਣੇ ਤੰਗ ਨਜ਼ਰੀ ਹੋਣ ਕਰਕੇ ਕੋਈ ਵੀ ਮੁੱਲ ਨਹੀਂ ਰੱਖਦੇ ਹਨ ਅਤੇ ਨਾਲ ਹੀ ਇਨ੍ਹਾਂ ਧਰਮਾਂ ਦੇ ਤੰਗ ਦਿਲ, ਸਵਾਰਥੀ ਤੇ ਬੇ-ਇਨਸਾਫ ਹੋਣ ਦੇ ਕਾਰਨ, ਸਭ ਧਰਮਾਂ ਤੋਂ ਦੂਰ ਰਹਿਣਾ ਚਾਹੁੰਦਾ ਹਾਂ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਦੀ ਹੀ ਸਲਾਹ ਦਿੰਦਾ ਹਾਂ। ਸਿਰਫ ਇਕ ਗੱਲ ਮੰਨਦਾ ਹਾਂ ਤੇ ਉਸ ਨੂੰ ਸਭ ਤੋਂ ਵੱਧ ਮਨੁੱਖ ਅਤੇ ਸਮਾਜ ਲਈ ਕਲਿਆਣਕਾਰੀ ਸਮਝਦਾ ਹਾਂ। ਉਹ ਹੈ ਮਨੁੱਖ ਦਾ ਮਨੁੱਖ ਲਈ ਤੇ ਹਰ ਪ੍ਰਾਣੀ ਵੱਲ ਫ਼ਰਜ਼, ਬਿਨਾਂ ਕਿਸੇ ਜਾਤੀ ਭੇਦ ਧਰਮ ਤੇ ਧਨ ਭੇਦ ਦੇ। ਇਹੀ ਮੇਰਾ ਉਪਦੇਸ਼ ਬੇਟੀ ਸਰੋਜਨੀ ਨੂੰ ਹੈ ਤੇ ਦੂਸਰੇ ਵੀਰਾਂ ਨੂੰ ਵੀ ਹੈ।

ਪੂਜਣ ਯੋਗ, ਅੱਜ ਜਦ ਮੈਂ ਦੇਖਦਾ ਹਾਂ ਕਿ ਸਭ ਦੀਆਂ ਭੈਣਾਂ ਨੇ ਸਮਾਜ ਦੀ ਸੇਵਾ ਲਈ ਆਪਣੇ ਆਪ ਨੂੰ ਤਨ, ਮਨ, ਧਨ ਨਾਲ ਲਗਾਇਆ ਹੋਇਆ ਹੈ ਤੇ ਅਭਾਗਾ ਮੈਂ ਹੀ ਐਸਾ ਹਾਂ ਜਿਸ ਦੀ ਇਹੋ ਜਿਹੀ ਕੋਈ ਭੈਣ ਨਹੀਂ ਹੈ, ਭਾਵੇਂ ਇਹ ਮੇਰੀ ਤੰਗ-ਦਿਲੀ ਹੈ ਕਿਉਂਕਿ ਆਪਣੇ ਮਨ ਦੇ ਮੁਤਾਬਕ ਦੂਸਰੀਆਂ ਭੈਣਾਂ ਵੀ ਤਾਂ ਆਪਣੀਆਂ ਹੀ ਹਨ ਅਤੇ ਏਦਾਂ ਮੈਂ ਸਮਝਦਾ ਵੀ ਹਾਂ। ਪਰ ਮੈਂ ਉਹਨਾਂ ਦੀ ਗਿਣਤੀ ਵਧਦੀ ਦੇਖਣਾ ਚਾਹੁੰਦਾ ਹਾਂ, ਜਿਸ ਦੀ ਕੁਝ ਆਸ਼ਾ ਮੈਂ ਆਪਣੀ ਪੂਜਨੀਕ ਜੀਆਂ ਮਹਿਤਾਬ ਕੁੰਵਰ ਤੋਂ ਕਰਦਾ ਹਾਂ। ਉਨ੍ਹਾਂ ਦੀ ਬਹੁਤ ਸਮੇਂ ਤੋਂ ਕੋਈ ਖ਼ਬਰ ਨਹੀਂ ਆਈ। ਜੇ ਹੋ ਸਕੇ ਮੇਰਾ ਮੱਥਾ ਟੇਕਣਾ ਕਹਿ ਦੇਣਾ। ਸ਼੍ਰੀਮਾਨ ਦਾਦਾ ਜੀ ਸਰਦਾਰ ਸਿੰਘ, ਜਿਹੜੇ ਕਿ ਮੇਰੇ ਪਹਿਲੇ ਗੁਰੂ ਅਤੇ ਆਪ ਦੇ ਸ਼ਿਸ਼ ਹਨ, ਨੂੰ ਸਾਦਰ ਪ੍ਰਣਾਮ ਕਹਿਣਾ। ਧਨ ਰਾਜ ਸਿੰਘ ਦਾ ਹਾਲ ਲਿਖਣਾ। ਚਾਚਾ ਜੀ ਤੇ ਸਭ ਮਾਵਾਂ (ਯਾਨੀ ਚਾਚੀਆਂ, ਤਾਈਆਂ) ਨੂੰ ਮੱਥਾ ਟੇਕਣਾ ਤੇ ਵੀਰਾਂ ਨੂੰ ਨਮਸਤੇ। ਪੂਜਨੀਕ ਭੂਆ ਜੀ ਤੇ ਮਾਤਾ ਜੀ ਨੂੰ ਪਰਿਣਾਮ। ਲਲੀ, ਦੋਨਾਂ ਭੈਣਾਂ ਨੂੰ, ਮੁਨਸ਼ਾ ਜੀ ਨੂੰ ਨਮਸਤੇ।
ਭਾਣਜੇ ਭਤੀਜੀਆਂ ਨੂੰ ਪਿਆਰ।

ਸ਼ੁਭ ਸਮਾਪਤੀ

ਖ਼ਤ ਛੇਤੀ ਲਿਖਣਾ
ਪਤਾ: ਮਹਾਂਬੀਰ ਸਿੰਘ, ਪੀ.ਆਈ. 68
ਸੈਲੂਲਰ ਜੇਲ੍ਹ ਪੋਰਟ ਬਲੇਅਰ (ਅੰਡੇਮਾਨ)

ਆਪ ਦਾ ਆਗਿਆਕਾਰੀ ਪੁੱਤਰ,
ਮਹਾਂਬੀਰ

☆ ☆ ☆

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/335