ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/36

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

1922 ਵਿਚ ਦੇਸ਼-ਭਗਤਾਂ ਨੇ ਲਾਹੌਰ ਨੈਸ਼ਨਲ ਕਾਲਜ ਖੋਲ੍ਹਿਆ ਅਤੇ ਸਾਰੇ ਨੌਜਵਾਨਾਂ, ਜਿਨ੍ਹਾਂ ਨੇ ਅੰਗਰੇਜ਼ੀ ਰਾਜ ਦੀ ਨੌਕਰੀ ਕਰਨ ਵਾਲੀ ਵਿੱਦਿਆ ਨੂੰ ਤਿਆਗਿਆ ਸੀ, ਨੂੰ ਦੇਸ਼ਭਗਤੀ ਤੇ ਇਨਕਲਾਬੀ ਤੱਤ ਵਾਲੀ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ। ਭਗਤ ਸਿੰਘ ਨੂੰ ਖ਼ਾਸ ਇਮਤਿਹਾਨ ਬਾਅਦ ਦਾਖ਼ਲਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਦਸਵੀਂ ਦਾ ਇਮਤਿਹਾਨ ਅਜੇ ਪਾਸ ਕਰਨਾ ਸੀ। ਇਸ ਦਾਖ਼ਲੇ ਲਈ ਉਨ੍ਹਾਂ ਬਹੁਤ ਸਖ਼ਤ ਮਿਹਨਤ ਕੀਤੀ। ਨੈਸ਼ਨਲ ਕਾਲਜ ਵਿਚ ਵਿਗਿਆਨਕ ਸੋਚ, ਕਿਤਾਬਾਂ ਨੂੰ ਘੋਖਣ, ਨਵੇਂ ਵਿਚਾਰਾਂ ਨੂੰ ਅਪਨਾਉਣ ਅਤੇ ਦੇਸ਼ ਦੇ ਹਾਲਾਤ ਦਾ ਮੁਤਾਲਿਆ ਕਰਨ ਦੇ ਢੰਗ ਸਿਖਾਏ ਜਾਂਦੇ ਸਨ। ਖੁੱਲ੍ਹੀਆਂ ਬਹਿਸਾਂ ਵੀ ਹੁੰਦੀਆਂ ਸਨ। ਇਥੇ ਭਗਤ ਸਿੰਘ ਦਾ ਸੰਬੰਧ ਭਗਵਤੀ ਚਰਨ ਵੋਹਰਾ ਨਾਲ ਹੋਇਆ, ਜੋ ਦੋ ਸਾਲ ਅੱਗੇ ਪੜ੍ਹਦੇ ਸਨ। ਸ਼ਹੀਦ ਵੋਹਰਾ ਪੰਜਾਬ ਵਿਚ ਪਹਿਲੇ ਵਿਅਕਤੀਆਂ ਵਿਚੋਂ ਸਨ, ਜਿਨ੍ਹਾਂ ਪਾਸ ਰੂਸ ਦਾ ਸਾਹਿਤ ਆਉਂਦਾ ਸੀ। ਉਹ ਆਪਣੇ ਨਿੱਜੀ ਜੀਵਨ ਵਿਚ ਮਹਾਨ ਇਨਕਲਾਬੀ ਸਨ ਜਿਸ ਕਰਕੇ ਦੁਰਗਾ ਭਾਬੀ ਇਕ ਆਮ ਇਸਤਰੀ ਤੋਂ ਵਿਆਹ ਬਾਅਦ ਮਹਾਨ ਇਨਕਲਾਬੀ ਬਣੇ। ਸ਼ਹੀਦ ਭਗਵਤੀ ਚਰਨ ਭਗਤ ਸਿੰਘ ਨਾਲ ਬੜਾ ਹੀ ਪਿਆਰ ਕਰਦੇ ਸਨ। ਇਥੇ ਸ਼ਹੀਦ ਸੁਖਦੇਵ ਤੇ ਦੂਸਰੇ ਇਨਕਲਾਬੀਆਂ ਨਾਲ ਹੋਰ ਪਕੇਰੇ ਸੰਬੰਧ ਵੀ ਬਣੇ। ਸ਼ਹੀਦ ਸੁਖਦੇਵ ਤੇ ਭਗਤ ਸਿੰਘ ਹਮ-ਜਮਾਤੀ ਸਨ ਤੇ ਉਨ੍ਹਾਂ ਵਿਚ ਹਰ ਕਿਤਾਬ 'ਤੇ ਬਹਿਸ ਤੇ ਵਿਚਾਰ-ਵਟਾਂਦਰਾ ਵੀ ਚਲਦਾ ਸੀ। ਇਹ ਬਹਿਸ ਆਖ਼ਰੀ ਦਿਨਾਂ ਵਿਚ ਵੀ ਚਲਦੀ ਰਹੀ ਤੇ ਇਸੇ ਕਰਕੇ ਬਹੁਤ ਅਹਿਮ ਮਸਲਿਆਂ ਤੇ ਸ਼ਹੀਦਾਂ ਦੇ ਵਿਚਾਰ ਕਲਮਬੰਦ ਹੋ ਸਕੇ।

1923-24 ਵਿਚ ਵੱਡਾ ਲੜਕਾ ਹੋਣ ਕਰਕੇ ਵਿਆਹ ਦਾ ਚਰਚਾ ਚੱਲ ਰਿਹਾ ਸੀ ਤਾਂ ਆਪ ਘਰ ਛੱਡ ਕੇ ਕਾਨਪੁਰ ਚਲੇ ਗਏ। ਜਾਂਦੇ ਇਕ ਚਿੱਠੀ ਲਿਖ ਕੇ ਰੱਖ ਗਏ ਕਿ ਬਾਬਾ ਜੀ ਦੀ ਪ੍ਰਤਿੱਗਿਆ ਮੁਤਾਬਕ ਮੇਰੀ ਜ਼ਿੰਦਗੀ ਆਜ਼ਾਦੀ ਤੇ ਦੇਸ਼ ਲਈ ਲੱਗ ਚੁੱਕੀ ਹੈ, ਸੋ ਉਹ ਫ਼ਰਜ਼ ਨਿਭਾਉਣ ਲਈ ਜਾ ਰਿਹਾ ਹਾਂ। ਕਿਤੇ ਪਿਤਾ ਜੀ ਨੇ ਤਲਖ਼ੀ ਵਿਚ ਕਿਹਾ ਸੀ ਕਿ ਸ਼ਾਇਦ ਤੂੰ ਸੋਚਦਾ ਹੋਵੇਂਗਾ ਕਿ ਸ. ਅਜੀਤ ਸਿੰਘ ਤੇ ਭਤੀਜੇ ਅਤੇ ਕਿਸ਼ਨ ਸਿੰਘ ਦੇ ਪੁੱਤਰ ਹੋਣ ਕਰਕੇ ਤੇਰਾ ਬੜਾ ਮਾਣ ਹੋਵੇਗਾ, ਇਸ ਕਰਕੇ ਘਰੋਂ ਜਾਣਾ ਚਾਹੁੰਦਾ ਹੈਂ। ਇਸ ਦਾ ਅਸਰ ਇਹ ਹੋਇਆ ਕਿ ਕਾਨਪੁਰ ਗਣੇਸ਼ ਸ਼ੰਕਰ ਵਿਦਿਆਰਥੀ ਜੀ ਪਾਸ ਪ੍ਰਤਾਪ ਅਖ਼ਬਾਰ ਵਿਚ ਇਕ ਅਨਜਾਣ ਦੀ ਤਰ੍ਹਾਂ ਕੰਮ ਕਰਨ ਲੱਗ ਪਏ। ਨੈਸ਼ਨਲ ਕਾਲਜ ਦੇ ਇਕ ਅਧਿਆਪਕ ਜੈ ਚੰਦ ਵਿਦਿਆਲੰਕਾਰ ਨੇ ਇਨ੍ਹਾਂ ਦੇ ਸੰਬੰਧ ਕਾਨਪੁਰ ਦੇ ਇਨਕਲਾਬੀਆਂ ਨਾਲ ਕਰਾ ਦਿੱਤਾ ਸੀ। ਇਥੇ ਇਨ੍ਹਾਂ ਦਾ ਸਾਥ ਬੀ.ਕੇ. ਦੱਤ, ਸ਼ਿਵ ਵਰਮਾ ਅਤੇ ਜੈਦੇਵ ਕਪੂਰ ਨਾਲ ਗੂੜ੍ਹਾ ਹੋ ਗਿਆ ਅਤੇ ਕਾਕੋਰੀ ਦੇ ਦੇਸ਼-ਭਗਤਾਂ, ਸ਼ਹੀਦ ਬਿਸਮਿਲ ਅਤੇ ਚੰਦਰ ਸ਼ੇਖਰ ਆਜ਼ਾਦ ਨਾਲ ਵੀ ਜੁੜ ਗਿਆ। ਦੱਸਿਆ ਜਾਂਦਾ ਹੈ ਕਿ ਇਥੇ ਇਕ ਪਾਰਟੀ ਦੇ ਕੰਮ ਵਾਸਤੇ ਕਿਸੇ ਪਿੰਡ ਜ਼ਬਰਦਸਤੀ ਪੈਸੇ ਲੈਣ ਜਾਣਾ ਪਿਆ। (ਯਾਨੀ ਡਾਕਾ ਮਾਰਨ)। ਇਸਨੇ ਇਕ ਬਹੁਤ ਵੱਡਾ ਸਵਾਲ ਉਨ੍ਹਾਂ ਦੇ ਮਨ ਵਿਚ ਪੈਦਾ ਕੀਤਾ। ਉਹ ਬਹੁਤ ਰੋਏ ਤੇ ਕਹਿਣ ਲੱਗੇ ਕਿ ਆਜ਼ਾਦ ਭਾਰਤ ਦੀ ਕੀ ਤਮੰਨਾ ਲੈ ਕੇ ਅਸੀਂ ਏਦਾਂ ਦੇ ਕੰਮਾਂ ਵਿਚ ਭਟਕੇ ਫਿਰਦੇ ਹਾਂ। ਇਹ ਜ਼ਬਰਦਸਤੀ, ਹਥਿਆਰਾਂ ਦੇ ਜ਼ੋਰ ਪਾਰਟੀ ਲਈ ਪੈਸੇ ਇਕੱਠੇ ਕਰਨਾ ਸਾਨੂੰ ਆਜ਼ਾਦ ਭਾਰਤ ਦੀ ਕੀ ਤਸਵੀਰ ਦੇਵੇਗਾ। ਇਹ ਸਵਾਲ ਕਾਫ਼ੀ ਗਹਿਰਾ ਸੀ ਤੇ ਇਸਦੇ ਜਵਾਬ ਦੀ ਖੋਜ ਵੀ ਇਥੋਂ ਸ਼ੁਰੂ ਹੋ ਗਈ। ਕਾਨਪੁਰ ਉਸ ਵੇਲੇ ਸ਼ੌਕਤ ਉਸਮਾਨੀ ਦੇ ਰੂਸ ਤੋਂ ਪਰਤਣ ਬਾਅਦ ਨਵੇਂ ਵਿਚਾਰਾਂ ਦਾ ਰੰਗਮੰਚ ਵੀ ਬਣ ਗਿਆ ਸੀ ਅਤੇ ਪਹਿਲਾ ਬਾਲਸ਼ਵਿਕ ਸਾਜ਼ਸ਼ ਕੇਸ ਵੀ ਇਥੇ ਹੀ ਚੱਲਿਆ ਸੀ। ਰੂਸ, ਆਇਰਲੈਂਡ, ਇਟਲੀ ਤੇ ਦੂਸਰੇ ਦੇਸ਼ਾਂ ਦੇ ਮੁਕਤੀ ਸੰਗਰਾਮਾਂ ਦੀ ਕਹਾਣੀ ਦੀ ਘੋਖ ਏਥੇ ਸ਼ੁਰੂ ਹੋ ਗਈ ਸੀ। ਇਸ ਤਰ੍ਹਾਂ ਨਵੇਂ ਉੱਠੇ ਸਵਾਲ ਦੇ ਜਵਾਬ ਦੀ ਭਾਲ ਹੋ ਰਹੀ ਸੀ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ / 20