ਪੱਕੀ ਹੈ ਕਿ ਅਹੰਕਾਰ ਕਾਰਨ ਮੈਂ ਇਹ ਸੋਚਣੀ ਨਹੀਂ ਅਪਣਾਈ। ਇਸ ਇਲਜ਼ਾਮ ਦਾ ਜਵਾਬ ਦੇਣ ਲਈ ਮੈਂ ਤੱਥ ਬਿਆਨ ਕਰਦਾ ਹਾਂ। ਮੇਰੇ ਦੋਸਤ ਕਹਿੰਦੇ ਹਨ ਕਿ ਦਿੱਲੀ ਬੰਬ ਤੇ ਲਾਹੌਰ ਸਾਜ਼ਸ਼ ਕੇਸਾਂ ਦੌਰਾਨ ਮੈਨੂੰ ਜਿਹੜੀ ਬੇਲੋੜੀ ਸ਼ੁਹਰਤ ਮਿਲੀ, ਉਸ ਕਾਰਨ ਮੇਰੇ ਵਿਚ ਫੋਕੀ ਸ਼ਾਨ ਆ ਗਈ ਹੈ। ਆਓ, ਆਪਾਂ ਦੇਖੀਏ ਕਿ ਉਨ੍ਹਾਂ ਦੇ ਕਥਨ ਕਿਥੋਂ ਤਕ ਠੀਕ ਹਨ। ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਕਾਰਨ ਮੈਂ ਨਾਸਤਕ ਨਹੀਂ ਹੋਇਆ, ਮੈਂ ਤਾਂ ਓਦੋਂ ਹੀ ਰੱਬ ਨੂੰ ਮੰਨਣੋਂ ਹਟ ਗਿਆ ਸੀ, ਜਦ ਮੈਂ ਨਾਮਾਲੂਮ ਨੌਜਵਾਨ ਸੀ, ਜਦ ਮੇਰੇ ਉਪਰੋਕਤ ਦੋਸਤ ਰੱਬ ਦੀ ਹੋਂਦ ਤੋਂ ਸੁਚੇਤ ਵੀ ਨਹੀਂ ਸਨ। ਘੱਟੋ ਘੱਟ ਕਾਲਜ ਦਾ ਕੋਈ ਵਿਦਿਆਰਥੀ ਏਨਾ ਅਭਿਮਾਨੀ ਨਹੀਂ ਹੋ ਸਕਦਾ ਕਿ ਉਹ ਨਾਸਤਕ ਹੋ ਜਾਏ। ਭਾਵੇਂ ਕੁਝ ਪ੍ਰੋਫ਼ੈਸਰ ਮੈਨੂੰ ਪਸੰਦ ਕਰਦੇ ਸਨ ਤੇ ਕੁਝ ਨਾ ਪਸੰਦ, ਪਰ ਮੈਂ ਕਦੇ ਵੀ ਮਿਹਨਤੀ ਮੁੰਡਾ ਨਹੀਂ ਸੀ। ਅਹੰਕਾਰ ਵਰਗੇ ਵਿਚਾਰ ਰੱਖਣ ਦਾ ਮੈਨੂੰ ਕੋਈ ਮੌਕਾ ਨਹੀਂ ਮਿਲਿਆ ਸੀ। ਮੈਂ ਬਹੁਤ ਸੰਙਾਊ ਸੁਭਾਅ ਵਾਲਾ ਤੇ ਭਵਿੱਖ ਬਾਰੇ ਉਲਝਿਆ ਰਹਿਣ ਵਾਲਾ ਮੁੰਡਾ ਸੀ ਤੇ ਉਨ੍ਹਾਂ ਦਿਨਾਂ ਵਿਚ ਮੈਂ ਪੱਕਾ ਨਾਸਤਕ ਨਹੀਂ ਸੀ। ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ ਸੀ ਤੇ ਉਹ ਪੱਕੇ ਆਰੀਆ ਸਮਾਜੀ ਸਨ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਹੈ, ਪਰ ਨਾਸਤਕ ਨਹੀਂ। ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ.ਏ.ਵੀ. ਸਕੂਲ ਵਿਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਵਿਚ ਪੂਰਾ ਇਕ ਸਾਲ ਰਿਹਾ। ਉਥੇ ਸਵੇਰ ਤੇ ਤ੍ਰਿਕਾਲ ਸੰਧਿਆਂ ਦੀਆਂ ਪ੍ਰਾਰਥਨਾਵਾਂ ਤੋਂ ਛੁੱਟ ਮੈਂ ਘੰਟਿਆਂ-ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਮੈਂ ਉਨ੍ਹਾਂ ਦਿਨਾਂ ਵਿਚ ਪੱਕਾ ਸ਼ਰਧਾਲੂ ਸੀ। ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਧਾਰਮਕ ਦ੍ਰਿਸ਼ਟੀਕੋਣ ਉਦਾਰ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਹੀ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਨੂੰ ਅਰਪੀ। ਪਰ ਉਹ ਨਾਸਤਕ ਨਹੀਂ ਸਨ। ਉਨ੍ਹਾਂ ਦਾ ਰੱਬ ਇਕ ਪੱਕਾ ਅਕੀਦਾ ਸੀ, ਮੈਨੂੰ ਉਹ ਹਰ ਰੋਜ਼ ਪ੍ਰਾਰਥਨਾ ਕਰਨ ਲਈ ਕਹਿੰਦੇ ਹੁੰਦੇ ਸਨ। ਸੋ ਮੇਰੀ ਪਰਵਰਿਸ਼ ਇਸ ਢੰਗ ਨਾਲ ਹੋਈ। ਨਾਮਿਲਵਰਤਨ ਦੇ ਦਿਨਾਂ ਦੌਰਾਨ ਮੈਂ ਨੈਸ਼ਨਲ ਕਾਲਜ ਵਿਚ ਦਾਖਲ ਹੋ ਗਿਆ। ਉਥੇ ਹੀ ਮੈਂ ਸਾਰੀਆਂ ਧਾਰਮਕ ਸਮੱਸਿਆਵਾਂ ਬਾਰੇ, ਇਥੋਂ ਤੱਕ ਕਿ ਰੱਬ ਬਾਰੇ ਵੀ ਖੁੱਲ੍ਹੇ ਤੌਰ 'ਤੇ ਸੋਚਣਾ ਤੇ ਇਨ੍ਹਾਂ ਬਾਰੇ ਵਿਚਾਰ-ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਪਰ ਮੇਰਾ ਉਦੋਂ ਵੀ ਰੱਬ ਵਿਚ ਪੱਕਾ ਵਿਸ਼ਵਾਸ ਸੀ। ਓਦੋਂ ਮੈਂ ਦਾੜ੍ਹੀ-ਕੇਸ ਰੱਖ ਲਏ ਸੀ, ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਕਿਸੇ ਹੋਰ ਧਰਮ ਵਿਚ ਵਿਸ਼ਵਾਸ ਨਾ ਕਰ ਸਕਿਆ ਪਰ ਰੱਬ ਦੀ ਹੋਂਦ ਵਿਚ ਮੇਰਾ ਪੱਕਾ ਵਿਸ਼ਵਾਸ ਸੀ।
ਫੇਰ ਮੈਂ ਇਨਕਲਾਬੀ ਪਾਰਟੀ ਵਿਚ ਸ਼ਾਮਲ ਹੋ ਗਿਆ। ਮੈਂ ਜਿਸ ਪਹਿਲੇ ਆਗੂ ਨੂੰ ਮਿਲਿਆ, ਉਹ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਹੌਸਲਾ ਤਕ ਨਹੀਂ ਕਰ ਸਕਦਾ ਸੀ, ਭਾਵੇਂ ਉਹ ਇਹਦੇ ਬਾਰੇ ਪੂਰੀ ਤਰ੍ਹਾਂ ਸੁਚੇਤ ਨਹੀਂ ਸੀ, ਮੈਂ ਉਹਦੇ ਕੋਲੋਂ ਰੱਬ ਬਾਰੇ ਵਾਰ-ਵਾਰ ਪੁੱਛਣਾ ਤਾਂ ਉਨ੍ਹੇ ਆਖ ਛੱਡਣਾ: “ਜਦ ਤੇਰਾ ਦਿਲ ਕਰੇ, ਰੱਬ ਨੂੰ ਧਿਆ ਲਿਆ ਕਰ।” ਨਾਸਤਕਤਾ ਦੇ ਸਿਧਾਂਤ ਨੂੰ ਮੰਨਣ ਲਈ ਜੋ ਹੌਸਲਾ ਚਾਹੀਦਾ ਹੈ, ਇਹ ਉਹ ਹੌਸਲੇ ਤੋਂ ਬਿਨਾਂ ਨਾਸਤਕਤਾ ਹੈ। ਮੈਂ ਜਿਸ ਦੂਜੇ ਆਗੂ ਨੂੰ ਮਿਲਿਆ, ਉਹਦਾ ਰੱਬ ਵਿਚ ਪੱਕਾ ਵਿਸ਼ਵਾਸ ਸੀ। ਮੈਂ ਤੁਹਾਨੂੰ ਉਹਦਾ ਨਾਂ ਦੱਸਦਾਂ-ਮਾਣਯੋਗ ਕਾਮਰੇਡ ਸਚੀਂਦਰ ਨਾਥ ਸਾਨਿਆਲ, ਜੋ ਹੁਣ ਕਰਾਚੀ ਸਾਜ਼ਸ਼ ਕੇਸ ਦੇ ਸੰਬੰਧ ਵਿਚ ਉਮਰ ਕੈਦ ਭੁਗਤ ਰਹੇ ਹਨ। ਉਨ੍ਹਾਂ ਦੀ ਪ੍ਰਸਿੱਧ ਤੇ ਇਕੋ ਇਕ ਕਿਤਾਬ ਬੰਦੀ ਜੀਵਨ ਵਿਚ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਗਾਈ ਗਈ ਹੈ। ਇਸ ਖ਼ੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖ਼ਰੀ ਸਫ਼ੇ ਵਿਚ ਉਹਦੀ ਵੇਦਾਂਤਵਾਦ ਕਾਰਨ ਰੱਬ ਦੀ ਅਧਿਆਤਮਕ ਮਹਿਮਾ ਉਨ੍ਹਾਂ ਦੇ ਵਿਚਾਰਾਂ ਦਾ ਸਾਰ ਹੈ।
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/344