ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/361

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤਗਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੋਸਤਾਨ ਭਰ ਵਿਚ ਵੰਡਿਆ ਗਿਆ ਸੀ, ਉਹ ਇਨ੍ਹਾਂ ਦੇ ਦਿਮਾਗ ਦਾ ਸਿੱਟਾ ਸੀ। ਜਿਵੇਂ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿਚ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟਾਉਂਦਾ ਹੈ, ਜੋ ਕਿ ਉਹਨੂੰ ਬੜੇ ਪਿਆਰੇ ਹੁੰਦੇ ਹਨ ਅਤੇ ਦੂਜੇ ਕਾਰਕੁੰਨਾਂ ਨੂੰ ਮਤਭੇਦਾਂ ਦੇ ਬਾਵਜੂਦ ਉਨ੍ਹਾਂ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਣੀ ਪੈਂਦੀ ਹੈ।

ਉਸ ਪਰਚੇ ਵਿਚ ਇਕ ਪੂਰਾ ਪੈਰਾ ਸਰਵੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਇਹ ਰਹੱਸਵਾਦ ਹੈ। ਮੈਂ ਆਖਣਾ ਇਹ ਚਾਹੁੰਦਾ ਹਾਂ ਕਿ ਓਦੋਂ ਇਨਕਲਾਬੀ ਪਾਰਟੀ ਵਿਚ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਵਿਚਾਰ ਪੈਦਾ ਵੀ ਨਹੀਂ ਹੋਇਆ ਸੀ। ਕਾਕੋਰੀ ਦੇ ਉਘੇ ਚਾਰ ਸ਼ਹੀਦਾਂ ਨੇ ਆਪਣਾ ਅੰਤਿਮ ਦਿਨ ਪ੍ਰਾਰਥਨਾ/ਦੁਆ ਕਰਦਿਆਂ ਲੰਘਾਇਆ ਸੀ। ਰਾਮ ਪ੍ਰਸ਼ਾਦ ਬਿਸਮਿਲ ਪੱਕੇ ਆਰੀਆ ਸਮਾਜੀ ਸਨ। ਸਮਾਜਵਾਦ ਤੇ ਸਾਮਵਾਦ ਦੇ ਖੇਤਰ ਵਿਚ ਆਪਣੇ ਡੂੰਘੇ ਅਧਿਅਨ ਦੇ ਬਾਵਜੂਦ ਰਾਜਨ ਲਾਹਿੜੀ ਕੋਲੋਂ ਉਪਨਿਸ਼ਦਾਂ ਦੇ ਮੰਤਰ ਉਚਾਰਨ ਤੇ ਗੀਤਾ ਦਾ ਪਾਠ ਕਰਨ ਤੋਂ ਰਿਹਾ ਨਾ ਗਿਆ। ਉਹਨਾਂ ਸਾਰਿਆਂ ਵਿਚ ਮੈਂ ਇਕੋ ਬੰਦਾ ਦੇਖਿਆ ਸੀ, ਜਿਨ੍ਹੇ ਕਦੇ ਵੀ ਪ੍ਰਾਰਥਨਾ ਨਹੀਂ ਕੀਤੀ ਸੀ ਤੇ ਉਹ ਕਿਹਾ ਕਰਦਾ ਸੀ, “(ਧਾਰਮਕ) ਫ਼ਲਸਫ਼ਾ ਮਨੁੱਖੀ ਕਮਜ਼ੋਰੀ ਜਾਂ ਸੀਮਤ ਗਿਆਨ ਦਾ ਸਿੱਟਾ ਹੈ।” ਇਹ ਬੰਦਾ ਵੀ ਉਮਰ ਕੈਦ ਭੁਗਤ ਰਿਹਾ ਹੈ। ਪਰ ਇਹਨੂੰ ਵੀ ਕਦੇ ਆਖਣ ਦੀ ਹਿੰਮਤ ਨਾ ਪਈ ਕਿ ਰੱਬ ਨਹੀਂ ਹੈ।

ਉਸ ਅਰਸੇ ਤਕ ਮੈਂ ਸਿਰਫ਼ ਰੋਮਾਂਟਕ ਵਿਚਾਰਵਾਦੀ ਇਨਕਲਾਬੀ ਸੀ। ਉਦੋਂ ਤਕ ਤਾਂ ਅਸੀਂ ਸਿਰਫ ਅਨੁਆਈ ਹੀ ਸਾਂ। ਫੇਰ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਉਤੇ ਲੈਣ ਦਾ ਵੇਲਾ ਆਇਆ। ਕੁਝ ਚਿਰ ਪਾਰਟੀ ਦੀ ਅਟੱਲ ਵਿਰੋਧਤਾ ਕਾਰਨ ਇਹਦੀ ਹੋਂਦ ਹੀ ਖ਼ਤਰੇ ਵਿਚ ਸੀ। ਜੋਸ਼ ਨਾਲ ਭਰੇ ਕਾਮਰੇਡ—ਨਹੀਂ ਸਗੋਂ ਆਗੂ ਵੀ—ਮਜ਼ਾਕ ਉਡਾਉਣ ਲੱਗੇ। ਕੁਝ ਚਿਰ ਮੈਨੂੰ ਵੀ ਸੰਸਾ ਰਿਹਾ ਕਿ ਕਿਸੇ ਦਿਨ ਮੈਨੂੰ ਵੀ ਆਪਣੀ ਪਾਰਟੀ ਦੇ ਪ੍ਰੋਗਰਾਮ ਦੀ ਨਿਸਫ਼ਲਤਾ ਦਾ ਯਕੀਨ ਹੋ ਜਾਏਗਾ। ਇਹ ਮੇਰੇ ਇਨਕਲਾਬੀ-ਜੀਵਨ (ਕੈਰੀਅਰ) ਵਿਚ ਆਇਆ ਵੱਡਾ ਮੋੜ ਸੀ। “ਅਧਿਅਨ ਕਰਨ" ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿਚ ਉਭਰਦੀਆਂ ਰਹੀਆਂ। ਅਧਿਅਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਮਾਇਤ ਵਿਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਅਨ ਕਰ! ਮੈਂ ਅਧਿਅਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ 'ਤੇ ਵਿਸ਼ਵਾਸਾਂ ਵਿਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿਚ ਸਿਰਫ ਤਸ਼ੱਦਦ ਦੇ ਤੌਰ-ਤਰੀਕਿਆਂ ਦਾ ਰੋਮਾਂਸ ਏਨਾ ਭਾਰੂ ਸੀ, ਹੁਣ ਉਹਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ। ਹੁਣ ਰਹੱਸਵਾਦ ਵਾਸਤੇ ਅੰਧ-ਵਿਸ਼ਵਾਸ ਵਾਸਤੇ ਕੋਈ ਥਾਂ ਨਾ ਰਹੀ। ਯਥਾਰਥਵਾਦ ਸਾਡਾ ਸਿਧਾਂਤ ਹੋ ਗਿਆ। ਸਖ਼ਤ ਲੋੜ ਵੇਲੇ ਤਾਕਤ ਦੀ ਵਰਤੋਂ ਜਾਇਜ਼ ਹੈ ਪਰ ਅਹਿੰਸਾ ਸਾਰੀਆਂ ਜਨਤਕ ਲਹਿਰਾਂ ਦੀ ਅਟੁੱਟ ਨੀਤੀ ਹੈ। ਮੈਂ ਤੌਰ-ਤਰੀਕਿਆਂ ਬਾਰੇ ਕਾਫ਼ੀ ਆਖ ਚੁਕਾ ਹਾਂ। ਸਭ ਤੋਂ ਅਹਿਮ ਇਹ ਗੱਲ ਸੀ ਕਿ ਜਿਸ ਆਦਰਸ਼ ਵਾਸਤੇ ਅਸੀਂ ਜੂਝਣਾ ਹੈ, ਉਹਦਾ ਸਪੱਸ਼ਟ ਸੰਕਲਪ ਸਾਡੇ ਸਾਹਮਣੇ ਹੋਵੇ। ਕਿਉਂਕਿ ਐਕਸ਼ਨ ਵਜੋਂ ਕੋਈ ਖਾਸ ਸਰਗਰਮੀਆਂ ਨਹੀਂ ਹੋ ਰਹੀਆਂ, ਇਸ ਲਈ ਮੈਨੂੰ ਸੰਸਾਰ ਇਨਕਲਾਬ ਦੇ ਵੱਖ-ਵੱਖ ਆਦਰਸ਼ਾਂ ਦੇ ਅਧਿਅਨ ਵਾਸਤੇ ਕਾਫੀ ਮੌਕਾ ਮਿਲ ਗਿਆ। ਮੈਂ ਅਰਾਜਕਤਾਵਾਦੀ ਆਗੂ ਬਾਕੂਨਿਨ ਮਿਖ਼ਾਇਲ ਅਲੈਜ਼ ਬਾਕੂਨਿਨ ਨੂੰ ਪੜ੍ਹਿਆ। ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਅਤੇ ਲੈਨਿਨ, ਟਰਾਟਸਕੀ ਤੇ ਆਪਣੇ ਦੇਸ਼ਾਂ ਵਿਚ ਸਫ਼ਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ। ਇਹ ਸਾਰੇ ਨਾਸਤਕ ਸਨ। ਬਾਕੂਨਿਨ ਦੀ ਕਿਤਾਬ “ਗੌਡ ਐਂਡ ਸਟੇਟ” (ਰੱਬ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/345