ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/371

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਕਾਬਲਾ ਕੀਤਾ ਸੀ। ਇਸੇ ਲਈ ਮੈਂ ਅਖ਼ੀਰ ਤਕ ਫ਼ਾਂਸੀ ਦੇ ਤਖ਼ਤੇ 'ਤੇ ਵੀ, ਮਰਦ ਵਾਂਗ ਸਿਰ ਤਾਣ ਕੇ ਸਾਬਤ ਕਦਮ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਦੇਖੀਏ ਮੈਂ ਇਸ 'ਤੇ ਕਿੰਨਾ ਕੁ ਪੂਰਾ ਉੱਤਰਦਾ ਹਾਂ। ਮੇਰੇ ਕਿਸੇ ਦੋਸਤ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ ਸੀ। ਜਦ ਮੈਂ ਉਹਨੂੰ ਦੱਸਿਆ ਕਿ ਮੈਂ ਤਾਂ ਨਾਸਤਕ ਹਾਂ, ਤਾਂ ਉਹ ਕਹਿਣ ਲੱਗਾ: “ਦੇਖੀਂ ਆਪਣੇ ਅਖ਼ੀਰੀ ਦਿਨਾਂ 'ਚ ਤੂੰ ਰੱਬ ਨੂੰ ਮੰਨਣ ਲੱਗ ਜਾਏਂਗਾ।” ਮੈਂ ਅੱਗੋਂ ਕਿਹਾ, ਨਹੀਂ ਪਿਆਰੇ ਜਨਾਬ ਜੀ, ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਲੱਗਾ। ਇੰਜ ਕਰਨਾ ਮੇਰੇ ਲਈ ਬੜੀ ਘਟੀਆ ਤੇ ਪਸਤੀ ਵਾਲੀ ਗੱਲ ਹੋਵੇਗੀ। ਖ਼ੁਦਗਰਜ਼ੀ ਵਾਸਤੇ ਮੈਂ ਅਰਦਾਸ ਨਹੀਂ ਕਰਨੀ। ਪਾਠਕੋ ਤੇ ਦੋਸਤੋ, ਕੀ ਇਹ ਹਉਮੈਂ ਹੈ। ਜੇ ਇਹ ਹੈ ਤਾਂ ਮੈਂ ਇਸ ਲਈ ਦ੍ਰਿੜ੍ਹ ਹਾਂ।

☆ ☆ ☆

101. ਇਤਿਹਾਸਕ ਦਸਤਾਵੇਜ਼ ਕਿਵੇਂ ਪਰਖੀਏ?

-15 ਜਨਵਰੀ, 1931

[ਲਾਲਾ ਰਾਮ ਸਰਨ ਦਾਸ ਆਜ਼ਾਦੀ ਲੜਾਈ ਦੇ ਉਨ੍ਹਾਂ ਘੱਟ ਜਾਣੇ ਜਾਣ ਵਾਲੇ ਸਿਪਾਹੀਆਂ ਵਿਚੋਂ ਹਨ, ਜਿਹੜੇ ਜਦ ਤੁਰ ਪਏ, ਮੰਜ਼ਲੇ ਆਜ਼ਾਦੀ ਲਈ ਤਾਂ ਫਿਰ ਕਦੀ ਸਾਹ ਨਹੀਂ ਲਿਆ। ਮੁਸੀਬਤਾਂ ਝੱਲਦੇ ਰਹੇ, ਲੜਾਈ ਲੜਦੇ ਰਹੇ। 1907 ਵਿਚ ਸ. ਅਜੀਤ ਸਿੰਘ ਨਾਲ ਉਨ੍ਹਾਂ ਆਜ਼ਾਦੀ ਦੀ ਜੰਗ ਵਿਚ ਕਦਮ ਰੱਖਿਆ। ਗ਼ਦਰ ਪਾਰਟੀ ਦੇ ਆਜ਼ਾਦੀ ਤੇ ਬਰਾਬਰੀ ਦੇ ਯੁੱਗ ਵਿਚ ਪੂਰਾ ਯੋਗਦਾਨ ਪਾਇਆ। ਉਮਰ ਕੈਦ ਕੱਟੀ ਤੇ ਜਦ ਬਾਹਰ ਆਏ ਤਾਂ ਸ਼ਹੀਦ ਭਗਤ ਸਿੰਘ ਦੀ ਲਹਿਰ ਚੱਲ ਰਹੀ ਸੀ। ਉਸ ਵਿਚ ਮੱਦਦਗਾਰ ਬਣ ਗਏ। ਲਾਹੌਰ ਸਾਜ਼ਿਸ਼ ਕੇਸ ਵਿਚ ਘਸੀਟ ਲਿਆ ਗਿਆ। ਸ਼ਹੀਦ ਭਗਤ ਸਿੰਘ ਦੇ ਸੁਝਾਅ 'ਤੇ ਉਨ੍ਹਾਂ ਕੁਝ ਅਜਿਹੇ ਦਾਅ-ਪੇਚ ਖੇਡੇ ਕਿ ਦੁਬਾਰਾ ਉਮਰ ਕੈਦ ਤੋਂ ਬਚ ਗਏ ਪਰ ਪੰਜ ਸਾਲ ਸਜ਼ਾ ਹੋਈ। 15 ਜਨਵਰੀ, 1931 ਨੂੰ ਉਨ੍ਹਾਂ ਭਗਤ ਸਿੰਘ ਨੂੰ ਆਪਣੀ ਕਿਤਾਬ ਡਰੀਮਲੈਂਡ, ਜੋ ਸਾਲਮ ਕੇਂਦਰੀ ਜੇਲ੍ਹ (ਮਦਰਾਸ) ਵਿਚ ਸਜ਼ਾ ਕਟਦੇ ਹੋਏ ਅੰਗਰੇਜ਼ੀ ਵਿਚ ਕਵਿਤਾ ਲਿਖੀ ਸੀ, ਦੇ ਮੁਖ ਬੰਦ ਲਈ ਕਿਹਾ। ਇਸ ਕਰਕੇ ਇਹ ਭੂਮਿਕਾ, ਜੋ ਭਗਤ ਸਿੰਘ ਦੀ ਵਿਚਾਰਧਾਰਕ ਪੱਖ ਤੋਂ ਇਕ ਅਹਿਮ ਦਸਤਾਵੇਜ਼ ਹੈ, ਸਾਡੇ ਤਕ ਅਪੜ ਸਕੀ। ਅਸੀਂ ਲਾਲਾ ਰਾਮ ਸਰਨ ਦਾਸ ਜੀ ਦੇ ਇਸ ਲਈ ਹੋਰ ਵੀ ਰਿਣੀ ਹਾਂ!-ਸੰਪਾਦਕ

‘ਡਰੀਮਲੈਂਡ’ ਦੀ ਭੂਮਿਕਾ

ਮੇਰੇ ਚੰਗੇ ਦੋਸਤ ਲਾਲਾ ਰਾਮ ਸਰਨ ਦਾਸ ਹੁਰਾਂ ਮੈਨੂੰ ਆਪਣੇ ਕਾਵਿ-ਸੰਗ੍ਰਹਿ ‘ਡਰੀਮਲੈਂਡ’ (ਸੁਪਨਦੋਸ਼) ਦੀ ਭੂਮਿਕਾ ਲਿਖਣ ਨੂੰ ਕਿਹਾ ਹੈ। ਮੈਂ ਨਾ ਤਾਂ ਸ਼ਾਇਰ ਹਾਂ, ਨਾ ਸਾਹਿਤਕਾਰ, ਨਾ ਕੋਈ ਪੱਤਰਕਾਰ ਹਾਂ ਅਤੇ ਨਾ ਹੀ ਆਲੋਚਕ। ਇਸ ਲਈ ਮੈਂ ਕਿਸੇ ਤਰ੍ਹਾਂ ਵੀ ਉਨ੍ਹਾਂ ਦੀ ਮੰਗ ਪੂਰੀ ਨਹੀਂ ਕਰ ਸਕਦਾ। ਪਰ ਜਿਹੋ-ਜਿਹੇ ਹਾਲਾਤ ਵਿਚ ਮੈਂ ਹਾਂ, ਉਨ੍ਹਾਂ ਕਾਰਨ ਮੈਂ ਲੇਖਕ ਨਾਲ ਸਮੱਸਿਆ ਬਾਰੇ ਬਹਿਸ-ਮੁਬਾਹਸਾ ਵੀ ਨਹੀਂ ਕਰ ਸਕਦਾ। ਫੇਰ ਤਾਂ ਮੇਰੇ ਕੋਲ ਇਕੋ ਹੀ ਰਾਹ ਹੈ ਕਿ ਮੈਂ ਆਪਣੇ ਦੋਸਤ ਦੀ ਇੱਛਾ ਪੂਰੀ ਕਰ ਹੀ ਦਿਆਂ।
ਕਿਉਂਕਿ ਮੈਂ ਕਵੀ ਨਹੀਂ ਹਾਂ, ਇਸ ਲਈ ਮੈਂ ਕਿਤਾਬ ਬਾਰੇ ਕਵਿਤਾ ਦੇ ਦ੍ਰਿਸ਼ਟੀਕੋਣ ਤੋਂ ਬਹਿਸ ਨਹੀਂ ਕਰਾਂਗਾ। ਮੈਨੂੰ ਛੰਦਬੰਦੀ ਦਾ ਅਸਲੋਂ ਹੀ ਕੋਈ ਇਲਮ ਨਹੀਂ ਹੈ, ਤੇ ਮੈਂ ਇਹ ਵੀ ਨਹੀਂ ਜਾਣਦਾ ਕਿ ਛੰਦਬੰਦੀ ਦੇ ਲਿਹਾਜ਼ ਨਾਲ ਪਰਖਿਆਂ ਵੀ ਇਹ ਕਿਤਾਬ ਪੂਰੀ ਉੱਤਰੇਗੀ ਜਾਂ ਨਹੀਂ। ਕਿਉਂਕਿ ਮੈਂ ਸਾਹਿਤਕਾਰ ਨਹੀਂ ਹਾਂ, ਇਸ ਲਈ ਮੈਂ ਇਸ ਕਿਤਾਬ ਨੂੰ ਕੌਮੀ ਸਾਹਿਤ ਵਿਚ ਯੋਗ ਥਾਂ ਦਿਵਾਉਣ ਦੀ ਦ੍ਰਿਸ਼ਟੀ ਨਾਲ ਵੀ ਨਹੀਂ ਵਿਚਾਰਾਂਗਾ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/355