571 (57) ਬੰਦ ਦੀ ਪੈਰ ਟਿੱਪਣੀ ਵਿਚ ਕਵੀ ਨੇ (ਸਮਾਜਿਕ ਤਬਦੀਲੀਆਂ ਦੇ) ਤਰੀਕਿਆਂ ਦੇ ਸਵਾਲ ਬਾਰੇ ਸੰਖੇਪ ਚਰਚਾ ਕੀਤੀ ਹੈ। ਇਹ ਕਹਿੰਦੇ ਹਨ: “ਇਸ ਤਰ੍ਹਾਂ ਦੇ ਰਾਜ ਹਿੰਸਕ ਇਨਕਲਾਬਾਂ ਨਾਲ ਕਾਇਮ ਨਹੀਂ ਕੀਤੇ ਜਾ ਸਕਦੇ। ਇਹ ਸਮਾਜ 'ਤੇ ਉੱਪਰੋਂ ਨਹੀਂ ਮੜ੍ਹੇ ਜਾ ਸਕਦੇ। ਇਨਾਂ ਨੂੰ ਹਰ ਹਾਲਤ ਅੰਦਰੋਂ ਹੀ ਵਿਕਸਣਾ ਪਵੇਗਾ...ਇਹ ਵਿਕਾਸ (Evolution) ਦੇ ਦਰਜੇਵਾਰ ਅਮਲ ਰਾਹੀਂ ਲੋਕਾਂ ਨੂੰ ਉਪਰੋਕਤ ਲੀਹਾਂ 'ਤੇ ਸਿੱਖਿਅਤ ਕਰਕੇ ਹੀ ਕਾਇਮ ਹੋ ਸਕਦਾ ਹੈ।" ਆਦਿ। ਇਸ ਬਿਆਨ ਵਿਚ ਆਪਣੇ ਆਪ ਵਿਚ ਕੋਈ ਉਕਾਈ ਨਹੀਂ। ਇਹ ਕਾਫੀ ਦਰੁਸਤ ਹੈ; ਪਰ ਕਿਉਂਕਿ ਇਹਦੀ ਵਿਆਖਿਆ ਪੂਰੀ ਤਰ੍ਹਾਂ ਨਹੀਂ ਹੋਈ, ਇਸ ਲਈ ਇਸ ਨਾਲ ਗ਼ਲਤ ਫ਼ਹਿਮੀ ਪੈਦਾ ਹੋ ਸਕਦੀ ਹੈ ਜਾਂ ਇਸ ਤੋਂ ਮਾੜੀ ਗੱਲ, ਉਲਝਣ ਪੈਦਾ ਹੋਣ ਦੀ ਹੈ। ਕੀ ਇਹਦਾ ਇਹ ਮਤਲਬ ਹੈ ਕਿ ਲਾਲਾ ਰਾਮ ਸਰਨ ਦਾਸ ਹੁਰਾਂ ਨੂੰ ਤਾਕਤ (ਹਿੰਸਾ) ਦੇ ਸਿਧਾਂਤ ਦੀ ਨਿਰਸਾਰਥਕਤਾ ਦਾ ਅਹਿਸਾਸ ਹੋ ਗਿਆ ਹੈ? ਕੀ ਇਹ ਅਹਿੰਸਾ ਦੇ ਦਕੀਆਨੂਸੀ ਵਿਸ਼ਵਾਸੀ ਹੋ ਗਏ ਹਨ? ਨਹੀਂ, ਇਹਦਾ ਮਤਲਬ ਇਹ ਨਹੀਂ ਹੈ।
ਮੈਂ ਦੱਸਦਾ ਹਾਂ ਕਿ ਉਪਰੋਕਤ ਬਿਆਨ ਦਾ ਕੀ ਮਤਲਬ ਹੈ। ਇਨਕਲਾਬੀਆਂ ਨੂੰ ਇਸ ਗੱਲ ਦਾ ਸਭ ਤੋਂ ਬਿਹਤਰ ਪਤਾ ਹੈ ਕਿ ਸਮਾਜਵਾਦੀ ਸਮਾਜ ਹਿੰਸਕ ਤਰੀਕਿਆਂ ਨਾਲ ਕਾਇਮ ਨਹੀਂ ਕੀਤਾ ਜਾ ਸਕਦਾ, ਸਗੋਂ ਇਸ ਨੂੰ ਆਪਣੇ ਅੰਦਰੋਂ ਉਗਮਣਾ ਤੇ ਵਿਗਸਣਾ ਪੈਣਾ ਹੈ। ਕਵੀ ਅਨੁਸਾਰ ਵਿੱਦਿਆ (ਤਾਲੀਮ) ਹੀ ਇਕੋ-ਇਕ ਹਥਿਆਰ ਹੈ। ਪਰ ਹਰ ਕੋਈ ਸਹਿਜੇ ਹੀ ਸਮਝ ਸਕਦਾ ਹੈ ਕਿ (ਸਾਡੇ ਦੇਸ਼ ਦੀ) ਮੌਜੂਦਾ ਸਰਕਾਰ, ਅਸਲ ਵਿਚ ਸਾਰੀਆਂ ਪੂੰਜੀਵਾਦੀ ਸਰਕਾਰਾਂ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨ ਵਿਚ ਮਦਦ ਕਰਨ ਦੀ ਥਾਂ ਸਗੋਂ, ਇਹਨੂੰ ਬੇਰਹਿਮੀ ਨਾਲ ਦਬਾਉਂਦੀਆਂ ਹਨ। ਤਾਂ ਫੇਰ ਕਵੀ ਦਾ ‘ਵਿਕਾਸ’ ਕੀ ਹਾਸਲ ਕਰੇਗਾ? ਅਸੀਂ ਇਨਕਲਾਬੀ (ਸਿਆਸੀ) ਤਾਕਤ ਆਪਣੇ ਹੱਥ ਲੈਣ ਤੇ ਇਨਕਲਾਬੀ ਸਰਕਾਰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਆਪਣੇ ਸਾਰੇ ਸਾਧਨ ਸਮੂਹਿਕ ਵਿੱਦਿਆ ਵਿਚ ਲਾ ਦਏਗੀ, ਜਿਵੇਂ ਕਿ ਅੱਜ ਰੂਸ ਵਿਚ ਹੋ ਰਿਹਾ ਹੈ। ਤਾਕਤ ਹਥਿਆਉਣ ਮਗਰੋਂ ਰਚਨਾਤਮਕ ਕੰਮ ਵਾਸਤੇ ਪੁਰਅਮਨ ਤਰੀਕੇ ਵਰਤੇ ਜਾਣਗੇ, ਤਾਕਤ ਦੀ ਵਰਤੋਂ ਰੁਕਾਵਟਾਂ ਹਟਾਉਣ ਲਈ ਵਰਤੀ ਜਾਵੇਗੀ। ਜੇ ਕਵੀ ਦੀ ਮੁਰਾਦ ਇਸ ਗੱਲ ਤੋਂ ਹੈ, ਤਾਂ ਅਸੀਂ ਇਨ੍ਹਾਂ ਨਾਲ ਸਹਿਮਤ ਹਾਂ। ਤੇ ਮੈਨੂੰ ਪੂਰਾ ਯਕੀਨ ਹੈ ਕਿ ਰਾਮ ਸਰਨ ਦਾਸ ਜੀ ਦੀ ਇਹੀ ਮੁਰਾਦ ਹੈ।
ਮੈਂ ਕਿਤਾਬ ਬਾਰੇ ਤਫ਼ਸੀਲ ਵਿਚ ਚਰਚਾ ਕਰ ਲਈ ਹੈ। ਮੈਂ ਤਾਂ ਸਗੋਂ ਇਹਦੀ ਆਲੋਚਨਾ ਕੀਤੀ ਹੈ। ਪਰ ਮੈਂ ਕਿਤਾਬ ਵਿਚ ਕਿਸੇ ਕਿਸਮ ਦੀ ਤਬਦੀਲੀ ਕਰਨ ਲਈ ਨਹੀਂ ਕਹਾਂਗਾ, ਕਿਉਂਕਿ ਇਹਦਾ ਇਤਿਹਾਸਕ ਮੁੱਲ ਹੈ। 1914-15 ਦੇ ਇਨਕਲਾਬੀਆਂ ਦੇ ਇਹੀ ਵਿਚਾਰ ਹੁੰਦੇ ਸਨ।
ਮੈਂ ਖਾਸ ਕਰ ਨੌਜਵਾਨਾਂ ਨੂੰ ਇਹ ਕਿਤਾਬ ਪੜ੍ਹਨ ਦੀ ਜ਼ੋਰਦਾਰ ਸਿਫ਼ਾਰਸ਼ ਕਰਦਾ ਹਾਂ, ਪਰ ਨਾਲ ਤਾੜਨਾ ਵੀ ਕਰਦਾ ਹਾਂ, ਮਿਹਰਬਾਨੀ ਕਰਕੇ ਇਹਨੂੰ ਅੱਖਾਂ ਬੰਦ ਕਰਕੇ ਨਾ ਪੜ੍ਹੋ ਅਤੇ ਇਹ ਨਾ ਸਮਝ ਲਈਓ ਕਿ ਜੋ ਇਸ ਵਿਚ ਲਿਖਿਆ ਹੈ; ਉਹ ਅਟੱਲ ਹੈ। ਇਹਨੂੰ ਪੜ੍ਹੋ, ਇਹਦੀ ਆਲੋਚਨਾ ਕਰੋ, ਇਹਦੇ ਬਾਰੇ ਸੋਚੋ ਅਤੇ ਇਹਦੀ ਮਦਦ ਨਾਲ ਆਪਣੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕਰੋ।
15. 1. 1931
ਸਹੀ/ਭਗਤ ਸਿੰਘ
* * *
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/361